June 14, 2021

ਆਮ ਆਦਮੀ ਪਾਰਟੀ ਵੱਲੋਂ ਵੈਕਸੀਨ ਘੁਟਾਲੇ ਦਾ ਮਾਮਲਾ ਉਜਾਗਰ ਕਰਨ ਤੋਂ ਬਾਅਦ ਸਰਕਾਰ ਹੁਣ ਪੂਰੀ ਤਰ੍ਹਾਂ ਨਾਲ ਘਿਰੀ

ਆਮ ਆਦਮੀ ਪਾਰਟੀ ਵੱਲੋਂ ਵੈਕਸੀਨ ਘੁਟਾਲੇ ਦਾ ਮਾਮਲਾ ਉਜਾਗਰ ਕਰਨ ਤੋਂ ਬਾਅਦ ਸਰਕਾਰ ਹੁਣ ਪੂਰੀ ਤਰ੍ਹਾਂ ਨਾਲ ਘਿਰੀ

ਫ਼ਤਿਹ ਕਿੱਟ ਖ਼ਰੀਦ ਮਾਮਲੇ ਦਾ ਠੇਕਾ ਇੱਕ ਅਜਿਹੀ ਕੰਪਨੀ ਨੂੰ ਦਿੱਤਾ ਜਿਸ ਦਾ ਮੈਡੀਕਲ ਉਪਕਰਨ ਬਣਾਉਣ ਨਾਲ ਕੋਈ ਰਿਸ਼ਤਾ ਨਹੀਂ, ਸਿੱਧ ਹੋਇਆ ਹੈ ਕਿ ਸਰਕਾਰ ਦੇ ਮੰਤਰੀ ਅਤੇ ਅਧਿਕਾਰੀ ਇਸ ਘੁਟਾਲੇ ਵਿੱਚ ਸ਼ਾਮਲ ਨੇ: ਜਰਨੈਲ ਸਿੰਘ

ਸਰਕਾਰ ਨੇ ਰਾਸ਼ਟਰੀ ਸਿਹਤ ਮਿਸ਼ਨ ਦੇ ਡਾਇਰੈਕਟਰ (ਵਿੱਤੀ) ਨੀਰਜ ਸਿੰਗਲਾ ਜਿਸ ਕੋਲ ਕੋਰੋਨਾ ਨਾਲ ਸੰਬੰਧਤ ਦਵਾਈਆਂ ਅਤੇ ਹੋਰ ਉਪਕਰਨ ਖ਼ਰੀਦਣ ਦੇ ਅਧਿਕਾਰ ਸਨ ਅਤੇ ਉਸ ਨੇ ਫ਼ਤਿਹ ਕਿੱਟ ਦੇ ਸੰਬੰਧਤ ਖ਼ਰੀਦ ਟੈਂਡਰ ਪਾਸ ਕੀਤੇ ਸਨ ਨੂੰ ਅਹੁੱਦੇ ਤੋਂ ਹਟਾਇਆ

ਨੀਰਜ ਸਿੰਗਲਾ ਨੂੰ ਅਹੁੱਦੇ ਤੋਂ ਹਟਾਉਣ ਤੋਂ ਸਾਫ਼ ਹੋ ਗਿਆ ਕਿ ਸਰਕਾਰ ਖ਼ੁਦ ਮੰਨਦੀ ਹੈ ਕਿ ਫ਼ਤਿਹ ਕਿੱਟ ਖ਼ਰੀਦਣ ਵਿੱਚ  ਹੋਇਆ ਘੁਟਾਲਾ: ਵਿਧਾਇਕ ਮੀਤ ਹੇਅਰ

ਚੰਡੀਗੜ੍ਹ, 8 ਜੂਨ
ਆਮ ਆਦਮੀ ਪਾਰਟੀ (ਆਪ) ਪੰਜਾਬ ਮਾਮਲਿਆਂ ਦੇ ਇੰਚਾਰਜ ਤੇ ਦਿੱਲੀ ਦੇ ਵਿਧਾਇਕ ਜਰਨੈਲ ਸਿੰਘ ਅਤੇ ਵਿਧਾਇਤ ਤੇ ਯੂਥ ਵਿੰਗ ਪੰਜਾਬ ਦੇ ਪ੍ਰਧਾਨ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਵੈਕਸੀਨ ਘੁਟਾਲੇ ਦਾ ਮਾਮਲਾ ਉਜਾਗਰ ਹੋਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀ ਆਗਵਾਈ ਵਾਲੀ ਕਾਂਗਰਸ ਸਰਕਾਰ ਹੁਣ ਪੂਰੀ ਤਰ੍ਹਾਂ ਨਾਲ ਘਿਰ ਗਈ ਹੈ ਕਿਉਂਕਿ ਕੈਪਟਨ ਸਰਕਾਰ ਨੇ ਫ਼ਤਿਹ ਕਿੱਟ ਖ਼ਰੀਦਣ ਦਾ ਠੇਕਾ ਇੱਕ ਅਜਿਹੀ ਕੰਪਨੀ ਨੂੰ ਦਿੱਤਾ ਗਿਆ, ਜਿਸ ਦਾ ਮੈਡੀਕਲ ਉਪਕਰਨ ਬਣਾਉਣ ਨਾਲ ਕੋਈ ਰਿਸ਼ਤਾ ਨਹੀਂ ਹੈ। ਉਨ੍ਹਾਂ ਕਿਹਾ ਕਿ ਫ਼ਤਿਹ ਕਿੱਟ ਖਰੀਦ ਮਾਮਲੇ ਤੋਂ ਸਿੱਧ ਹੋਇਆ ਹੈ ਕਿ ਕੈਪਟਨ ਸਰਕਾਰ ਦੇ ਮੰਤਰੀ ਅਤੇ ਅਧਿਕਾਰੀ ਘੁਟਾਲੇ ਵਿੱਚ ਸ਼ਾਮਲ ਹਨ।
ਮੰਗਲਵਾਰ ਨੂੰ ਪਾਰਟੀ ਦੇ ਮੁੱਖ ਦਫ਼ਤਰ ਵਿਖੇ ਪੱਤਰਕਾਰ ਮਿਲਣੀ ਦੌਰਾਨ ਇੰਚਾਰਜ ਜਰਨੈਲ ਸਿੰਘ ਅਤੇ ਮੀਤ ਹੇਅਰ ਨੇ ਦੋਸ਼ ਲਾਇਆ ਕਿ ਲੱਗਦਾ ਹੈ ਪੰਜਾਬ ਦੀ ਕਾਂਗਰਸ ਸਰਕਾਰ ਨੇ ਫ਼ਤਿਹ ਕਿੱਟ ਦਾ ਟੈਂਡਰ ਕੱਪੜੇ ਬਣਾਉਣ ਵਾਲੀ ਕੰਪਨੀ ਨੂੰ ਦਿੱਤਾ ਕਿਉਂਕਿ ਟੈਂਡਰ ਪ੍ਰਾਪਤ ਕਰਨ ਵਾਲੀ ਕੰਪਨੀ ਤਾਂ ਮੈਡੀਕਲ ਉਪਕਰਨ ਬਣਾਉਣ ਦਾ ਕੋਈ ਲਾਇਸੈਂਸ ਹੀ ਨਹੀਂ ਹੈ। ਪਰ ਇਸ ਕੰਪਨੀ ਦੇ ਮਾਲਕਾਂ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਬਹੁਤ ਜ਼ਿਆਦਾ ਨੇੜਤਾ ਹੈ। ਇਸੇ ਲਈ ਸਰਕਾਰ ਨੇ ਵਾਰ ਵਾਰ ਟੈਂਡਰ ਜਾਰੀ ਕਰਕੇ 837 ਰੁਪਏ ਵਾਲੀ ਫ਼ਤਿਹ ਕਿੱਟ 1338 ਰੁਪਏ ਵਿੱਚ ਮਹਿੰਗੇ ਮੁੱਲ ’ਚ ਖ਼ਰੀਦ ਕੇ ਪੰਜਾਬ ਵਾਸੀਆਂ ਦੀ ਜੇਬਾਂ ’ਤੇ ਡਾਕਾ ਮਾਰਿਆ ਹੈ।
ਜਰਨੈਲ ਸਿੰਘ ਅਤੇ ਮੀਤ ਹੇਅਰ ਨੇ ਕਿਹਾ ਕਿ ਹੁਣ ਸਰਕਾਰ ਨੇ ਫਤਿਹ ਕਿੱਟ ਖਰੀਦ ਮਾਮਲੇ ’ਚ ਰਾਸ਼ਟਰੀ ਸਿਹਤ ਮਿਸ਼ਨ ਦੇ ਡਾਇਰੈਕਟਰ (ਵਿੱਤੀ) ਨੀਰਜ ਸਿੰਗਲਾ ਅਹੁੱਦੇ ਤੋਂ ਹਟਾ ਦਿੱਤਾ ਹੈ, ਜਿਸ ਕੋਲ ਕੋਰੋਨਾ ਨਾਲ ਸੰਬੰਧਤ ਦਵਾਈਆਂ ਅਤੇ ਹੋਰ ਉਪਕਰਨ ਖ਼ਰੀਦਣ ਦੇ ਅਧਿਕਾਰ ਸਨ। ਉਨ੍ਹਾਂ ਕਿਹਾ ਕਿ ਭਾਵੇਂ ਪੰਜਾਬ ਸਰਕਾਰ ਨੇ ਪੰਜਾਬ ਵਾਸੀਆਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਦੀ ਕੋਸ਼ਿਸ਼ ਕੀਤੀ ਹੈ, ਪਰ ਨੀਰਜ ਸਿੰਗਲਾ ਨੂੰ ਅਹੁੱਦੇ ਤੋਂ ਹਟਾਉਣ ਤੋਂ ਸਾਫ਼ ਹੋ ਗਿਆ ਹੈ ਕਿ ਸਰਕਾਰ ਖ਼ੁਦ ਮੰਨਦੀ ਹੈ ਕਿ ਫ਼ਤਿਹ ਕਿੱਟ ਖ਼ਰੀਦਣ ਵਿੱਚ ਘੁਟਾਲਾ ਹੋਇਆ ਹੈ।  ਆਪ ਆਗੂਆਂ ਨੇ ਕਿਹਾ ਕਿ 2022 ਦੀਆਂ ਚੋਣਾਂ ਵਿੱਚ ਪੰਜਾਬ ਦੇ ਲੋਕ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਪਾਰਟੀ ਕੋਲੋਂ ਘੁਟਾਲਿਆਂ ਦਾ ਹਿਸਾਬ ਜ਼ਰੂਰ ਲੈਣਗੇ।