ਸਕੱਤਰੇਤ ਦੇ ਮੁਲਾਜਮ ਆਗੂਆਂ ਵੱਲੋਂ ਪ੍ਰਕਾਸ਼ ਸਿੰਘ ਬਾਦਲ ਦੇ ਅਕਾਲ ਚਲਾਣੇ ਤੇ ਦੁੱਖ ਦਾ ਪ੍ਰਗਟਾਵਾ
ਚੰਡੀਗੜ (26.4.2023) ਪੰਜਾਬ ਸਿਵਲ ਸਕੱਤਰੇਤ ਵਿਖੇ ਮੁਲਾਜਮਾਂ ਦੀਆਂ ਵੱਖ ਵੱਖ ਜਥੇਬੰਦੀਆਂ ਦੀ ਇਕੱਤਰਤਾ ਹੋਈ, ਜਿਸ ਵਿੱਚ ਸਾਬਕਾ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਦੇ ਅਕਾਲ ਚਲਾਣੇ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਮੁਲਾਜਮਾਂ ਵੱਲੋਂ ਸ਼ੋਕ ਮਤਾ ਪਾਸ ਕਰਕੇ ਹਮਦਰਦੀ ਪ੍ਰਗਟ ਕੀਤੀ ਗਈ। ਮੁਲਾਜਮਾਂ ਜਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ ਉਹਨਾਂ ਨੂੰ ਆਪਣੀਆਂ ਮੰਗਾਂ ਸਬੰਧੀ ਸਾਬਕਾ ਮੁੱਖ ਮੰਤਰੀ ਨੂੰ ਮਿਲਣ ਵਿੱਚ ਕਦੇ ਵੀ ਦਿੱਕਤ ਨਹੀਂ ਆਈ। ਉਹਨਾਂ ਵੱਲੋਂ ਮੁਲਾਜਮਾਂ ਦੀਆਂ ਮੰਗਾਂ ਦਾ ਨਿਪਟਾਰਾ ਕਰਨ ਲਈ ਮੌਕੇ ਤੇ ਮੌਜੂਦ ਅਫਸਰਾਂ ਨੂੰ ਹੁਕਮ ਦਿੱਤਾ ਜਾਂਦਾ ਸੀ। ਉਹ ਹਮੇਸ਼ਾ ਮਿਲਣ ਵਾਲਿਆਂ ਨੂੰ ਆਪਣੇ ਤਕੀਆ ਕਲਾਮ ‘ਬੀਬਾ ਜੀ’ ਜਾਂ ‘ਕਾਕਾ ਜੀ’ ਕਹਿ ਕੇ ਸੰਬੋਧਨ ਕਰਦੇ ਸਨ ਅਤੇ ਹਰੇਕ ਦਾ ਦਿਲ ਜਿੱਤ ਲੈਂਦੇ ਸਨ। ਉਹਨਾਂ ਨੇ ਮੁੱਖ ਮੰਤਰੀ ਹੁੰਦਿਆਂ ਆਪਣੀ ਸਰਕਾਰੀ ਰਿਹਾਇਸ਼ ਦੇ ਬਾਹਰ ਸੰਗਤ ਦਰਸ਼ਨ ਦਾ ਪ੍ਰਬੰਧ ਕੀਤਾ ਹੋਇਆ ਸੀ ਜਿਥੇ ਦੂਰ ਦੁਰਾਡੇ ਤੋਂ ਆਏ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾਂਦਾ ਸੀ। ਇਸ ਮੌਕੇ ਤੇ ਸਕੱਤਰੇਤ ਦੇ ਮੁਲਾਜਮ ਆਗੂ ਸੁਖਚੈਨ ਖਹਿਰਾ, ਜਸਪ੍ਰੀਤ ਰੰਧਾਵਾ, ਮਨਜੀਤ ਰੰਧਾਵਾ, ਪਰਮਦੀਪ ਭਬਾਤ, ਮਲਕੀਤ ਔਜਲਾ, ਭੁਪਿੰਦਰ ਝੱਜ, ਦਵਿੰਦਰ ਜੁਗਨੀ, ਮਿਥੁਨ ਚਾਵਲਾ, ਸ਼ੁਸ਼ੀਲ ਕੁਮਾਰ, ਇੰਦਰਪਾਲ ਭੰਗੂ, ਸੁਖਜੀਤ ਕੌਰ, ਰਾਜੇਸ਼ ਰਾਣੀ, ਜਸਬੀਰ ਕੌਰ, ਸ਼ੁਦੇਸ਼ ਕੁਮਾਰੀ, ਬਲਰਾਜ ਦਾਊਂ ਅਤੇ ਕਈ ਹੋਰ ਮੁਲਾਜਮ ਆਗੂਆਂ ਵੱਲੋਂ ਸਾਬਕਾ ਮੁੱਖ ਮੰਤਰੀ ਨੂੰ ਨਿੱਘੀ ਸ਼ਰਧਾਂਜਲੀ ਦਿੱਤੀ ਗਈ।