ਪਹਿਲੇ ਗੇੜ ਵਿੱਚ 9 ਜ਼ਿਲ੍ਹਿਆਂ ਦੇ ਬੀ.ਐੱਮਜ਼. ਨੇ ਸਿੱਖਣ-ਸਿਖਾਉਣ ਵਿਧੀਆਂ ਬਾਰੇ ਜਾਣਕਾਰੀ ਲਈ
ਸਿਖਲਾਈ ਵਰਕਸ਼ਾਪ ਦਾ ਮੰਤਵ ਵਿਦਿਆਰਥੀਆਂ ਤੱਕ ਅਧਿਆਪਕਾਂ ਰਾਹੀਂ ਤਕਨੀਕਾਂ ਦਾ ਲਾਭ ਪਹੁੰਚਾਉਣਾ ਹੈ- ਰਾਜੇਸ਼ ਭਾਰਦਵਾਜ ਸਹਾਇਕ ਡਾਇਰੈਕਟਰ ਟ੍ਰੇਨਿੰਗਾਂ
ਐੱਸ.ਏ.ਐੱਸ. ਨਗਰ 18 ਮਈ ( )
ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਰਹਿਨੁਮਾਈ ਵਿੱਚ ਸਕੂਲ ਸਿੱਖਿਆ ਵਿਭਾਗ ਦੇ ਦਫ਼ਤਰ ਡਾਇਰੈਕਟਰ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਵੱਲੋਂ ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ ਦੇ ਬਲਾਕ ਮੈਂਟਰਾਂ ਦੀ ਦੋ ਦਿਨਾ ਸਿਖਲਾਈ ਵਰਕਸ਼ਾਪ ਕਰਵਾਈ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ 17 ਅਤੇ 18 ਮਈ ਨੂੰ ਜ਼ਿਲ੍ਹਾ ਫਤਿਹਗੜ੍ਹ ਸਾਹਿਬ, ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਲੁਧਿਆਣਾ, ਪਟਿਆਲਾ, ਰੂਪਨਗਰ, ਸ਼ਹੀਦ ਭਗਤ ਸਿੰਘ ਨਗਰ ਅਤੇ ਐਸ.ਏ.ਐੱਸ. ਨਗਰ ਦੇ ਬਲਾਕ ਮੈਂਟਰਾਂ (ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ) ਨੇ ਖੇਤਰੀ ਸਹਿਕਾਰੀ ਪ੍ਰਬੰਧਨ ਸੰਸਥਾਨ ਸੈਕਟਰ 32 ਚੰਡੀਗੜ੍ਹ ਵਿਖੇ ਅੰਗਰੇਜ਼ੀ ਅਤੇ ਸਮਾਜਿਕ ਵਿਸ਼ਿਆਂ ਦੀਆਂ ਸਿੱਖਣ-ਸਿਖਾਉਣ ਵਿਧੀਆਂ ਦੀ ਜਾਣਕਾਰੀ ਲਈ ਕਿ ਕਿਵੇਂ ਆਧੁਨਿਕ ਤਕਨਾਲੋਜੀ ਦੀ ਵਰਤੋਂ ਕਰਦਿਆਂ ਕਲਾਸਰੂਮ ਅੰਦਰ ਵਿਦਿਆਰਥੀਆਂ ਨੂੰ ਵਿਸ਼ੇ ਦੀ ਵਿਵਹਾਰਿਕਤਾ ਬਾਰੇ ਸਮੁੱਚੀ ਜਾਣਕਾਰੀ ਦਿੱਤੀ ਜਾ ਸਕਦੀ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਚੰਦਰ ਸ਼ੇਖਰ ਸਟੇਟ ਕੋਆਰਡੀਨੇਟਰ ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ ਨੇ ਕਿਹਾ ਕਿ ਡਾਇਰੈਕਟਰ ਜਨਰਲ ਸਕਲ ਸਿੱਖਿਆ ਪੰਜਾਬ ਪ੍ਰਦੀਪ ਕੁਮਾਰ ਅਗਰਵਾਲ ਆਈ.ਏ.ਐੱਸ. ਦੀ ਅਗਵਾਈ ਅਤੇ ਡਾ. ਮਨਿੰਦਰ ਸਿੰਘ ਸਰਕਾਰੀਆ ਡਾਇਰੈਕਟਰ ਐੱਸ.ਸੀ.ਈ.ਆਰ.ਟੀ. ਪੰਜਾਬ ਦੀ ਦੇਖ-ਰੇਖ ਵਿੱਚ ਇਸ ਸਿਖਲਾਈ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਹੈ। ਸਿਖਲਾਈ ਵਰਕਸ਼ਾਪ ਦੇ ਪਹਿਲੇ ਦਿਨ ਅੰਗਰੇਜ਼ੀ ਦੇ ਸੁਣਨ, ਬੋਲਣ, ਪੜ੍ਹਨ ਅਤੇ ਲਿਖਣ ਦੇ ਕੌਸ਼ਲਾਂ ਵਿੱਚ ਗੁਣਾਤਮਿਕ ਸੁਧਾਰ ਲਿਆਉਣ ਦੇ ਨਾਲ-ਨਾਲ ਵਿਭਾਗ ਵੱਲੋਂ ਉਪਲਬਧ ਕਰਵਾਈਆਂ ਜਾਣ ਵਾਲੀਆਂ ਸਹੂਲਤਾਂ ਅਤੇ ਸਮਾਰਟ ਕਲਾਸਰੂਮ ਦੀ ਵਰਤੋਂ ਕਰਦਿਆਂ ਵਿਦਿਆਰਥੀਆਂ ਦੇ ਮਨੋਬਲ ਨੂੰ ਉੱਚਾ ਕਰਨ ਦੀਆਂ ਗਤੀਵਿਧੀਆਂ ਬਾਰੇ ਵੀ ਜਾਕਣਾਰੀ ਤੇ ਸਿਖਲਾਈ ਦਿੱਤੀ ਗਈ ਹੈ। ਇਸ ਤੋਂ ਇਲਾਵਾ ਅੰਗਰੇਜ਼ੀ ਦੀ ਸ਼ਬਦਾਵਲੀ ਅਤੇ ਗਰਾਮਰ ਦੀ ਸਮਝ ਵਧਾਉਣ ਲਈ ਵੀ ਵੱਖਰੀਆਂ-ਵੱਖਰੀਆਂ ਕਿਰਿਆਵਾਂ ਬਾਰੇ ਸਿਖਲਾਈ ਦਿੱਤੀ ਜਾ ਰਹੀ ਹੈ।
ਸਿਖਲਾਈ ਵਰਕਸ਼ਾਪ ਦੌਰਾਨ ਰਾਜੇਸ਼ ਭਾਰਦਵਾਜ ਸਹਾਇਕ ਡਾਇਰੈਕਟਰ ਟ੍ਰੇਨਿੰਗਾਂ ਨੇ ਕਿਹਾ ਕਿ ਸਿਖਲਾਈ ਵਰਕਸ਼ਾਪ ਦਾ ਮੰਤਵ ਹੈ ਕਿ ਵਿਦਿਆਰਥੀਆਂ ਨੂੰ ਸਿੱਖਣ-ਸਿਖਾਉਣ ਦੀਆਂ ਗਤੀਵਿਧੀਆਂ ਦੀ ਵਰਤੋਂ ਜ਼ਮੀਨੀ ਪੱਧਰ ਤੇ ਉਚਿਤ ਅਤੇ ਸਹੀ ਰੂਪ ਵਿੱਚ ਪਹੁੰਚਣ ਅਤੇ ਸਿੱਖਿਆ ਦਾ ਮਿਆਰ ਹੋਰ ਵੀ ਉਚੇਰਾ ਹੁੰਦਾ ਰਹੇ। ਉਹਨਾਂ ਨੇ ਸਮੂਹ ਅਧਿਆਪਕਾਂ ਨੂੰ ਮਿਹਨਤ ਅਤੇ ਸੰਜੀਦਗੀ ਨਾਲ ਸਿਖਲਾਈ ਲੈਣ ਹਿੱਤ ਪ੍ਰੇਰਿਤ ਕੀਤਾ।
ਇਸ ਸਿਖਲਾਈ ਵਰਕਸ਼ਾਪ ਦੌਰਾਨ ਹਰਿੰਦਰ ਸਿੰਘ, ਯੋਧਾ ਮੱਲ, ਸ਼ਰਨਜੀਤ ਸਿੰਘ, ਬਲਜਿੰਦਰ ਸਿੰਘ ਮਾਨਸਾ, ਸੁਮੀਰ ਸ਼ਰਮਾ, ਵਿਜੇ ਗੁਪਤਾ ਐੱਸ.ਐੱਸ. ਮਾਸਟਰ, ਦੀਪਕ ਵਰਮਾ, ਵਰਿੰਧਰ ਬਾਂਗਾ, ਰਾਜੇਸ਼ ਕੁਮਾਰ, ਚਾਰੂ ਸ਼ਰਮਾ, ਸ਼ਿਵਾਨੀ, ਨਵਨੀਤ ਕੌਰ, ਸਿਧਾਰਥ, ਸੁਖਜਿੰਦਰ ਸਿੰਘ, ਗੌਤਮ ਗੌੜ, ਨਰਿੰਦਰ ਸਿੰਘ, ਅਮਨਿੰਦਰ ਸਿੰਘ, ਗੌਰਵ ਦੁੱਗਲ, ਗੁਰਮੇਲ ਸਿੰਘ, ਬਲਜਿੰਦਰ ਸਿੰਘ ਤਰਨਤਾਰਨ ਅਤੇ ਹੋਰਨਾਂ ਨੇ ਬਤੌਰ ਰਿਸੋਰਸ ਪਰਸਨ ਭੂਮਿਕਾ ਨਿਭਾਈ।