Punjab
ਨਿੱਜੀਕਰਨ ਅਤੇ ਕਾਰਪੋਰੇਟ-ਵਿਰੋਧੀ ਦਿਵਸ ਮੌਕੇ ‘ਤੇ ਕਿਸਾਨ-ਜਥੇਬੰਦੀਆਂ ਵੱਲੋਂ ਪੰਜਾਬ ਭਰ ‘ਚ ਰੋਸ-ਮੁਜ਼ਾਹਰੇ
ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀਆਂ ਵਧਦੀਆਂ ਕੀਮਤਾਂ ਖ਼ਿਲਾਫ਼ ਪ੍ਰਗਟਾਇਆ ਰੋਸ
ਚੰਡੀਗੜ੍ਹ :
ਸੰਯੁਕਤ ਕਿਸਾਨ ਮੋਰਚੇ ਦੇ ਦੇਸ਼-ਵਿਆਪੀ ਸੱਦੇ ‘ਤੇ ਪੰਜਾਬ ਦੀਆਂ 32 ਕਿਸਾਨ-ਜਥੇਬੰਦੀਆਂ ਵੱਲੋਂ ਨਿੱਜੀਕਰਨ ਅਤੇ ਕਾਰਪੋਰੇਟ ਵਿਰੋਧੀ ਦਿਵਸ ਮਨਾਇਆ ਗਿਆ। ਸੂਬੇ ਭਰ ‘ਚ ਕਿਸਾਨ, ਮਜ਼ਦੂਰ, ਨੌਜਵਾਨ, ਵਿਦਿਆਰਥੀ ਅਤੇ ਮੁਲਾਜ਼ਮ ਜਥੇਬੰਦੀਆਂ ਵੱਲੋਂ ਇੱਕਜੁੱਟਤਾ ਪ੍ਰਗਟਾਉਂਦਿਆਂ ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀਆਂ ਲਗਾਤਾਰ ਵਧਦੀਆਂ ਕੀਮਤਾਂ ਅਤੇ ਜਨਤਕ-ਖੇਤਰ ਦੇ ਅਦਾਰਿਆਂ ਦੇ ਨਿੱਜੀਕਰਨ ਖ਼ਿਲਾਫ਼ ਰੋਸ-ਪ੍ਰਗਟਾਵਾ ਕੀਤਾ ਗਿਆ। ਭਾਰਤੀ ਕਿਸਾਨ ਯੂਨੀਅਨ-ਏਕਤਾ(ਡਕੌਂਦਾ) ਦੇ ਪ੍ਰਧਾਨ ਬੂਟਾ ਸਿੰਘ ਬੁਰਜ਼ਗਿੱਲ ਨੇ ਦੱਸਿਆ ਕਿ ਪੰਜਾਬ ਭਰ ‘ਚ ਜਿਲ੍ਹਾ/ਤਹਿਸੀਲ ਪੱਧਰ ‘ਤੇ ਮੁਜ਼ਾਹਰੇ ਕਰਦਿਆਂ ਡਿਪਟੀ-ਕਮਿਸ਼ਨਰਾਂ/ਐਸਡੀਐਮ, ਤਹਿਸੀਲਾਂ ਰਾਹੀਂ ਪ੍ਰਧਾਨਮੰਤਰੀ ਨੂੰ ਮੰਗ-ਪੱਤਰ ਭੇਜ ਕੇ ਡੀਜ਼ਲ, ਪੈਟਰੋਲ ਅਤੇ ਰਸੋਈ ਗੈਸ ਦੀਆਂ ਵਧੀਆਂ ਕੀਮਤਾਂ ਘੱਟ ਕਰਨ ਅਤੇ ਜਨਤਕ-ਖੇਤਰ ਦੇ ਅਦਾਰਿਆਂ ਦਾ ਨਿੱਜੀਕਰਨ ਬੰਦ ਦੀ ਮੰਗ ਕੀਤੀ ਗਈ। ਪੰਜਾਬ ਭਰ ‘ਚ 68 ਥਾਵਾਂ(ਰੇਲਵੇ ਪਾਰਕਾਂ, ਰਿਲਾਇੰਸ ਪੰਪਾਂ, ਕਾਰਪੋਰੇਟ ਮਾਲਜ਼ ਅਤੇ ਭਾਜਪਾ ਆਗੂਆਂ ਦੇ ਘਰਾਂ ਸਾਹਮਣੇ ਚਲਦੇ ਪੱਕੇ-ਧਰਨਿਆਂ ‘ਚ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਵਿਸ਼ਵੀਕਰਨ, ਉਦਾਰੀਕਰਨ ਅਤੇ ਨਿੱਜੀਕਰਨ ਦੀਆਂ ਨੀਤੀਆਂ ਨੇ ਦੇਸ਼ be by ਜਨਤਕ-ਖੇਤਰ ਦੇ ਅਦਾਰਿਆਂ ਦਾ ਉਜਾੜਾ ਕਰ ਦਿੱਤਾ ਹੈ। ਜਰੂਰੀ ਵਸਤਾਂ ਦੀਆਂ ਅਸਮਾਨ ਨੂੰ ਛੋਹ ਰਹੀਆਂ ਕੀਮਤਾਂ ਨੇ ਆਮ ਲੋਕਾਂ ਦਾ ਜਿਉਣਾ ਦੁੱਭਰ ਕਰ ਦਿੱਤਾ ਹੈ। ਕੇਂਦਰ-ਸਰਕਾਰ ਵਲੋਂ ਵਿਕਾਸ ਦੇ ਨਾਂਅ ਹੇਠ ਲਿਆਂਦੇ ਖੇਤੀ ਕਾਨੂੰਨ ਅਤੇ ਪਰਾਲੀ ਸਬੰਧੀ ਆਰਡੀਨੈਂਸ ਵੀ ਖੇਤੀਬਾੜੀ ਸੈਕਟਰ ਨੂੰ ਬਰਬਾਦ ਕਰਨ ਵਾਲੇ ਹਨ ਅਤੇ ਬਿਜ਼ਲੀ ਸੋਧ ਬਿਲ-2020 ਰਾਹੀਂ ਨਿੱਜੀ ਕੰਪਨੀਆਂ ਲਈ ਹੋਰ ਰਾਹ ਪੱਧਰਾ ਕੀਤਾ ਜਾਣ ਦੀਆਂ ਨੀਤੀਆਂ ਹਨ। ਪਰ ਦੇਸ਼ ਭਰ ਦੇ ਲੋਕਾਂ ਵੱਲੋਂ ਇੱਕਜੁੱਟਤਾ ਨਾਲ ਲੜਿਆ ਜਾ ਰਿਹਾ ਕਿਸਾਨ-ਅੰਦੋਲਨ ਕੇਂਦਰ-ਸਰਕਾਰ ਨੂੰ ਇਹਨਾਂ ਨੀਤੀਆਂ ਤੋਂ ਪਿੱਛੇ ਹਟਣ ਲਈ ਮਜ਼ਬੂਰ ਦੇਵੇਗਾ।