ਅਬਿਆਣਾ ਅਨਾਜ ਮੰਡੀ ਦੇ ਮੁਕੰਮਲ ਹੋਣ ਨਾਲ ਕਿਸਾਨਾਂ ਨੂੰ ਮਿਲੀ ਵੱਡੀ ਸਹੂਲਤ
ਹਾੜ੍ਹੀ ਦੀ ਫਸਲ ਦੀ ਖਰੀਦ ਲਈ ਅਨਾਜ ਮੰਡੀਆਂ ਵਿੱਚ ਕੀਤੇ ਜਾ ਰਹੇ ਹਨ ਢੁਕਵੇਂ ਪ੍ਰਬੰਧ
3 ਏਕੜ ਵਿਚ 73 ਲੱਖ ਦੀ ਲਾਗਤ ਨਾਲ ਤਿਆਰ ਹੋਈ ਅਨਾਜ ਮੰਡੀ ਵਿਚ ਜਿਣਸ ਦੀ ਆਮਦ ਹੋਈ ਤੇਜ
ਤਖਤਗੜ੍ਹ ਅਨਾਜ ਮੰਡੀ ਵਿਚ ਖਰੀਦ ਪ੍ਰਬੰਧਾਂ ਤੇ ਕਿਸਾਨਾਂ ਨੇ ਤਸੱਲੀ ਪ੍ਰਗਟਾਈ
ਨੂਰਪੁਰ ਬੇਦੀ 20 ਅਪ੍ਰੈਲ,
ਇਸ ਇਲਾਕੇ ਦੇ ਕਿਸਾਨਾਂ ਲਈ ਨੰਗਲ ਅਬਿਆਣਾ ਵਿਚ 73 ਲੱਖ ਰੁਪਏ ਦੀ ਲਾਗਤ ਨਾਲ 3 ਏਕੜ ਵਿਚ ਤਿਆਰ ਹੋਈ ਅਨਾਜ ਮੰਡੀ ਇਲਾਕੇ ਦੇ ਕਿਸਾਨਾਂ ਲਈ ਵਰਦਾਨ ਸਿੱਧ ਹੋ ਰਹੀ ਹੈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ ਸਿੰਘ ਨੇ ਹਾੜ੍ਹੀ ਦੀ ਫਸਲ ਦੀ ਆਮਦ ਤੋ ਪਹਿਲਾ ਇਸ ਅਨਾਜ ਮੰਡੀ ਨੂੰ ਲੋਕ ਅਰਪਣ ਕੀਤਾ ਅਤੇ ਇਲਾਕੇ ਦੇ ਕਿਸਾਨਾਂ ਲਈ ਇਸ ਮੰਡੀ ਵਿਚ ਫਸਲ ਲੈ ਕੇ ਆਉਣ ਦੀ ਹੁਣ ਸੁਰੂਆਤ ਹੋ ਗਈ ਹੈ।
ਸ੍ਰੀ ਅਨੰਦਪੁਰ ਸਾਹਿਬ ਮਾਰਕੀਟ ਕਮੇਟੀ ਅਧੀਨ ਪੈਦੀਆਂ ਸਾਰੀਆਂ 12 ਅਨਾਜ ਮੰਡੀਆਂ ਵਿਚ ਅਗੰਮਪੁਰ, ਕੀਰਤਪੁਰ ਸਾਹਿਬ, ਤਖਤਗੜ੍ਹ, ਨੂਰਪੁਰ ਬੇਦੀ, ਨੰਗਲ, ਸੂਰੇਵਾਲ, ਅਬਿਆਣਾ, ਸੁਖੇਮਾਜਰਾ, ਡੁਮੇਵਾਲ, ਅਜੋਲੀ, ਕਲਵਾਂ,ਮਹੈਣ ਵਿਚ ਨਿਰਵਿਘਨ ਕਣਕ ਦੀ ਖਰੀਦ ਚੱਲ ਰਹੀ ਹੈ। ਹਫਤੇ ਦੇ ਸਾਰੇ ਸੱਤ ਦਿਨ ਖਰੀਦ ਦਾ ਕੰਮ ਚੱਲ ਰਿਹਾ ਹੈ। ਹੁਣ ਤੱਕ ਸ੍ਰੀ ਅਨੰਦਪੁਰ ਸਾਹਿਬ ਅਧੀਨ ਇਨ੍ਹਾਂ ਅਨਾਜ ਮੰਡੀਆਂ ਵਿਚ 22089 ਮੀਟ੍ਰਿਕ ਟਨ ਕਣਕ ਦੀ ਆਮਦ ਹੋਈ ਹੈ।ਸਕੱਤਰ ਮਾਰਕੀਟ ਕਮੇਟੀ ਸੁਰਿੰਦਰਪਾਲ ਨੇ ਇਸ ਬਾਰੇ ਹੋਰ ਵਧੇਰੇ ਵੇਰਵੇ ਦਿੰਦੇ ਹੋਏ ਦੱਸਿਆ ਕਿ ਪਨਗਰੇਨ ਨੇ 6601, ਐਫ ਸੀ ਆਈ ਨੇ 6230, ਮਾਰਕਫੈਡ ਨੇ 9258 ਮੀਟ੍ਰਿਕ ਟਨ ਕਣਕ ਦੀ ਖਰੀਦ ਕਰ ਲਈ ਹੈ। ਉਨ੍ਹਾਂ ਦੱਸਿਆ ਕਿ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਸੋਨਾਲੀ ਗਿਰਿ ਵਲੋ ਲਗਾਤਾਰ ਜਿਲ੍ਹੇ ਦੀਆਂ ਅਨਾਜ ਮੰਡੀਆਂ ਵਿਚ ਖਰੀਦ ਪ੍ਰਬੰਧਾਂ ਤੇ ਨਜਰ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਕਣਕ ਦੀ ਘੱਟੋ ਘੱਟ ਸਮਰਥਨ ਮੁੱਲ 1975 ਰੁਪਏ ਪ੍ਰਤੀ ਕੁਇੰਟਲ ਐਲਾਨਿਆ ਗਿਆ ਹੈ ਅਤੇ ਰੋਜ਼ਾਨਾ ਹੀ ਖਰੀਦ ਦਾ ਕੰਮ ਚੱਲ ਰਿਹਾ ਹੈ। ਕਿਸਾਨ ਜਦੋ ਮੰਡੀਆਂ ਵਿਚ ਆਪਣੀ ਫਸਲ ਲੈ ਕੇ ਆਉਦੇ ਹਨ ਤਾਂ ਬਿਨਾ ਕਿਸੇ ਦੇਰੀ ਖਰੀਦ ਪ੍ਰਕਿਰਿਆ ਮੁਕੰਮਲ ਕਰਵਾ ਕੇ ਉਹ ਵਹਿਲੇ ਹੋ ਰਹੇ ਹਨ। ਉਨ੍ਹਾਂ ਹੋਰ ਦੱਸਿਆ ਕਿ ਫਸਲ ਦੀ ਅਦਾਇਗੀ ਸਿੱਧੀ ਕਿਸਾਨਾਂ ਦੇ ਖਾਤਿਆਂ ਵਿਚ ਜਾ ਰਹੀ ਹੈ। ਅਨਾਜ ਮੰਡੀਆਂ ਵਿਚ ਰੋਸ਼ਨੀ, ਪੀਣ ਵਾਲਾ ਪਾਣੀ, ਸਫਾਈ, ਪਖਾਨੇ ਦੀ ਢੁਕਵੀ ਵਿਵਸਥਾ ਕੀਤੀ ਹੋਈ ਹੈ। ਅਨਾਜ ਮੰਡੀਆਂ ਨੁੰ ਲਗਾਤਾਰ ਸੈਨੇਟਾਈਜ ਕੀਤਾ ਜਾ ਰਿਹਾ ਹੈ। ਕਿਸਾਨਾਂ, ਮਜਦੂਰਾ, ਆੜਤੀਆਂ ਨੂੰ ਮਾਸਕ ਪਾਉਣ ਅਤੇ ਆਪਸੀ ਵਿੱਥ ਰੱਖਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਅੱਜ ਇਸ ਇਲਾਕੇ ਦੀ ਇੱਕ ਹੋਰ ਅਨਾਜ ਮੰਡੀ ਤਖਤਗੜ੍ਹ ਵਿਚ ਆਪਣੀ ਫਸਲ ਲੈ ਕੇ ਆਏ ਕਿਸਾਨ ਤੇਜਾ ਸਿੰਘ ਪਿੰਡ ਸਰਾਂ ਨੇ ਦੱਸਿਆ ਕਿ ਉਹ ਅੱਜ ਸਵੇਰੇ ਆਪਣੀ ਫਸਲ ਮੰਡੀ ਵਿਚ ਲੈ ਕੇ ਆਇਆ ਸੀ, ਉਸ ਦੀ ਫਸਲ ਦੀ ਖਰੀਦ ਹੋ ਗਈ ਹੈ ਅਤੇ ਉਹ ਦੁਪਹਿਰ 12:30 ਵਜੇ ਵਹਿਲਾ ਹੋ ਕੇ ਘਰ ਪਰਤ ਰਿਹਾ ਹੈ। ਅਨਾਜ ਮੰਡੀ ਵਿਚ ਪ੍ਰਬੰਧ ਸੁਚਾਰੂ ਹਨ। ਉਹ ਅਨਾਜ ਮੰਡੀਆਂ ਵਿਚ ਕੀਤੇ ਪ੍ਰਬੰਧਾਂ ਤੋ ਬੇਹੱਦ ਖੁਸ਼ ਹਨ।ਸੁਚਾਰੂ ਖਰੀਦ ਪ੍ਰਬੰਧ ਹਨ,ਰੋਸ਼ਨੀ, ਸਫਾਈ ਅਤੇ ਪੀਣ ਵਾਲੇ ਪਾਣੀ ਦੀ ਢੁਕਵੀ ਵਿਵਸਥਾ ਕੀਤੀ ਹੋਈ ਹੈ। ਸਾਰੇ ਕਿਸਾਨ, ਆੜ੍ਹਤੀ ਪੰਜਾਬ ਸਰਕਾਰ ਵਲੋ ਮੰਡੀਆਂ ਵਿਚ ਕੀਤੇ ਖਰੀਦ ਪ੍ਰਬੰਧਾਂ ਤੋਂ ਪੂਰੀ ਤਰਾਂ ਸੰਤੁਸ਼ਟ ਹਨ।