ਆਦਰਸ ਚੋਣ ਜਾਬਤੇ ਦੀ ਉਲੰਘਣਾ ਕਰਨ ਦੇ ਦੋਸ਼ ’ਚ ਸਰਦੂਲਗੜ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਖਿਲਾਫ਼ ਐਫ.ਆਈ.ਆਰ ਦਰਜ਼-ਮਨੀਸ਼ਾ ਰਾਣਾ
ਆਦਰਸ ਚੋਣ ਜਾਬਤੇ ਦੀ ਉਲੰਘਣਾ ਕਰਨ ਦੇ ਦੋਸ਼ ’ਚ ਸਰਦੂਲਗੜ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਖਿਲਾਫ਼ ਐਫ.ਆਈ.ਆਰ ਦਰਜ਼-ਮਨੀਸ਼ਾ ਰਾਣਾ
* ਆਦਰਸ਼ ਚੋਣ ਜਾਬਤੇ ਦੀ ਉਲੰਘਣਾਂ ਕਰਨ ’ਤੇ
ਹੋਵੇਗੀ ਸਖ਼ਤ ਕਾਰਵਾਈ-ਰਿਟਰਨਿੰਗ ਅਧਿਕਾਰੀ
ਸਰਦੂਲਗੜ/ਮਾਨਸਾ, 12 ਫਰਵਰੀ:
ਵਿਧਾਨ ਸਭਾ ਹਲਕਾ ਸਰਦੂਲਗੜ ਦੇ ਰਿਟਰਨਿੰਗ ਅਫਸਰ ਕਮ ਐਸ.ਡੀ.ਐਮ ਮਨੀਸ਼ਾ ਰਾਣਾ ਆਈ.ਏ.ਐਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀ ਹਦਾਇਤਾਂ ’ਤੇ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਲਾਗੂ ਹੋਏ ਆਦਰਸ ਚੋਣ ਜਾਬਤੇ ਦੀ ਉਲੰਘਣਾ ਦੇ ਦੋਸ਼ ਹੇਠ ਅੱਜ ਹਲਕਾ ਸਰਦੂਲਗੜ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਖਿਲਾਫ਼ ਥਾਣਾ ਝੂਨੀਰ ਵਿਖੇ ਧਾਰਾ 188, 171 (ਐਚ) ਆਈ.ਪੀ.ਸੀ ਤਹਿਤ ਐਫ.ਆਈ.ਆਰ ਨੰਬਰ 20 ਤਹਿਤ ਮਾਮਲਾ ਦਰਜ਼ ਕੀਤਾ ਗਿਆ ਹੈ।
ਰਿਟਰਨਿੰਗ ਅਧਿਕਾਰੀ ਮੈਡਮ ਮਨੀਸ਼ਾ ਰਾਣਾ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਵਿਧਾਨ ਸਭਾ ਚੋਣਾਂ ਦੌਰਾਨ ਰੋਡ ਸ਼ੋਅ ’ਤੇ ਰੋਕ ਲਗਾਈ ਗਈ ਹੈ। ਉਨਾਂ ਦੱਸਿਆ ਕਿ ਬੀਤੇ ਦਿਨੀ ਪਿੰਡ ਫੱਤਾ ਮਾਲਕਾ ਝੂਨੀਰ ਨੇੜੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਰੋਡ ਸ਼ੋਅ ਕਰ ਰਹੇ ਵੱਡੀ ਗਿਣਤੀ ਮੋਟਰਸਾਇਕਲ ਸਮੇਤ ਹੋਰਨਾਂ ਵਾਹਨਾਂ ’ਤੇ ਵਲੰਟੀਅਰਾਂ ਨੂੰ ਮੌਕੇ ’ਤੇ ਫਲਾਇੰਗ ਸਕੂਐਡ ਟੀਮ (ਐਫ.ਐਸ.ਟੀ) ਨੇ ਰੋਕਿਆ, ਰੋਡ ਸੋਅ ’ਚ ਸਰਦੂਲਗੜ ਤੋਂ ਚੋਣ ਲੜ ਰਹੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ ਸਮੂਲੀਅਤ ਹੋਣ ’ਤੇ ਤੁਰੰਤ ਕਾਰਵਾਈ ਅਮਲ ’ਚ ਲਿਆ ਕੇ ਐਫ.ਆਈ.ਆਰ ਦਰਜ਼ ਕਰ ਦਿੱਤੀ ਗਈ ਹੈ।
ਉਨਾਂ ਦੱਸਿਆ ਕਿ ਚੋਣ ਕਮਿਸਨ ਦੀਆਂ ਹਦਾਇਤਾਂ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਉਨਾਂ ਦੱਸਿਆ ਕਿ ਭਾਰਤ ਚੋਣ ਕਮਿਸਨ ਵੱਲੋਂ ਰੋਡ ਸ਼ੋਅ ਦੇ ਮੁਕੰਮਲ ਪਾਬੰਦੀ ਹੁਕਮ ਜਾਰੀ ਕੀਤੇ ਹੋਏ ਹਨ, ਜਿਸ ਸਬੰਧੀ ਸਮੇਂ ਸਮੇਂ ’ਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਮੀਟਿੰਗਾਂ ਰਾਹੀ ਸਮੁੱਚੀ ਜਾਣਕਾਰੀ ਪਹਿਲਾ ਤੋਂ ਦਿੱਤੀ ਜਾ ਚੁੱਕੀ ਹੈ। ਰਿਟਰਨਿੰਗ ਅਧਿਕਾਰੀ ਨੇ ਕਿਹਾ ਕਿ ਜੇਕਰ ਭਵਿੱਖ ਵਿੱਚ ਕੋਈ ਵੀ ਚੋਣ ਪ੍ਰਚਾਰ ਦੌਰਾਨ ਬਿਨਾਂ ਪ੍ਰਵਾਨਗੀ ਤੋਂ ਜਾਂ ਮਾਡਲ ਕੋਡ ਦੀ ਉਲੰਘਣਾ ਕਰਦਾ ਪਾਇਆ ਗਿਆ, ਤਾਂ ਸਖ਼ਤ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।