September 20, 2021

ਮੰਡੀਆਂ ਵਿੱਚ ਕੀਤੇ ਸੁਚੱਜੇ ਖ਼ਰੀਦ ਪ੍ਰਬੰਧਾਂ ‘ਤੇ ਮਹਿਲਾ ਕਿਸਾਨ ਨੇ ਪ੍ਰਗਟਾਈ ਸੰਤੁਸ਼ਟੀ

ਮੰਡੀਆਂ ਵਿੱਚ ਕੀਤੇ ਸੁਚੱਜੇ ਖ਼ਰੀਦ ਪ੍ਰਬੰਧਾਂ ‘ਤੇ ਮਹਿਲਾ ਕਿਸਾਨ ਨੇ ਪ੍ਰਗਟਾਈ ਸੰਤੁਸ਼ਟੀ

ਕਿਹਾ, ਆਪਣੀ ਫ਼ਸਲ ਵੇਚਣ ਵਿੱਚ ਪੇਸ਼ ਨਹੀਂ ਆਈ ਕੋਈ ਦਿੱਕਤ
ਜਲੰਧਰ, 23 ਅਪ੍ਰੈਲ
ਜਲੰਧਰ ਦੇ ਖਰੀਦ ਕੇਂਦਰਾਂ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਗਏ ਸੁਚੱਜੇ ਖ਼ਰੀਦ ਪ੍ਰਬੰਧਾਂ ਤੋਂ ਮਹਿਲਾ ਕਿਸਾਨ ਵੀ ਸੰਤੁਸ਼ਟ ਨਜ਼ਰ ਆ ਰਹੀਆਂ ਹਨ। ਉਨ੍ਹਾਂ ਵੱਲੋਂ ਫ਼ਸਲ ਦੀ ਨਿਰਵਿਘਨ ਤੇ ਸੁਚਾਰੂ ਢੰਗ ਨਾਲ ਖ਼ਰੀਦ ਕੀਤੇ ਜਾਣ ਲਈ ਜਿਥੇ ਜ਼ਿਲ੍ਹਾ ਪ੍ਰਸ਼ਾਸਨ ਦੀ ਸ਼ਲਾਘਾ ਕੀਤੀ ਜਾ ਰਹੀ ਹੈ ਉਥੇ ਲਿਫ਼ਟਿੰਗ ਅਤੇ ਅਦਾਇਗੀ ਵੀ ਨਾਲੋ-ਨਾਲ ਕੀਤੇ ਜਾਣ ‘ਤੇ ਪ੍ਰਸ਼ਾਸਨ ਦਾ ਧੰਨਵਾਦ ਵੀ ਪ੍ਰਗਟ ਕੀਤਾ ਜਾ ਰਿਹਾ ਹੈ।
ਦਾਣਾ ਮੰਡੀ ਜਲੰਧਰ ਵਿਖੇ ਆਪਣੀ ਫ਼ਸਲ ਲੈ ਕੇ ਆਈ ਮਹਿਲਾ ਕਿਸਾਨ ਹਰਸਿਮਰਨ ਕੌਰ ਪਤਨੀ ਗੁਰਪ੍ਰਤਾਪ ਸਿੰਘ ਵਾਸੀ ਸੰਮੀਪੁਰ ਨੇ ਕਿਹਾ ਕਿ ਉਹ ਮੰਡੀ ਵਿੱਚ ਆਪਣੀ 75 ਕੁਇੰਟਲ ਕਣਕ ਲੈ ਕੇ ਗਈ ਸੀ, ਜੋ ਕਿ ਮੰਡੀ ਵਿੱਚ ਲਿਆਂਦੇ ਸਾਰ ਤੁਰੰਤ ਵਿਕ ਗਈ। ਉਸ ਨੇ ਦੱਸਿਆ ਕਿ ਉਸ ਦੀ ਫ਼ਸਲ ਦੀ ਖ਼ਰੀਦ ਮਾਰਕਫੈੱਡ ਵੱਲੋਂ ਕੀਤੀ ਗਈ ਅਤੇ ਉਸ ਨੂੰ ਮੰਡੀ ਵਿੱਚ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਿਆ, ਜਿਸ ਲਈ ਉਹ ਪੰਜਾਬ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕਰਦੀ ਹੈ।
ਇਸੇ ਤਰ੍ਹਾਂ ਭੋਗਪੁਰ ਦੀ ਮੰਡੀ ਵਿੱਚ ਕਣਕ ਦੀ ਫ਼ਸਲ ਲੈ ਕੇ ਗਏ ਪਿੰਡ ਚਾਹੜਕੇ ਦੇ ਕਿਸਾਨ ਗੁਰਪ੍ਰੀਤ ਸਿੰਘ ਅਟਵਾਲ ਨੇ ਆਪਣੇ ਮੰਡੀ ਵਿਚਲਾ ਤਜਰਬਾ ਸਾਂਝਾ ਕਰਦਿਆਂ ਕਿਹਾ ਕਿ ਉਹ ਕਰੀਬ 100 ਕੁਇੰਟਲ ਕਣਕ ਮੰਡੀ ਵਿੱਚ ਵਿਕਰੀ ਲਈ ਲੈ ਕੇ ਗਿਆ ਸੀ, ਜਿਸਦੀ ਤੁਰੰਤ ਖ਼ਰੀਦ ਕਰ ਗਈ ਅਤੇ ਉਹ ਸਮੇਂ ਨਾਲ ਵਿਹਲਾ ਹੋ ਗਿਆ। ਉਸ ਨੇ ਮੰਡੀ ਵਿੱਚ ਸੁਚੱਜੇ ਖ਼ਰੀਦ ਪ੍ਰਬੰਧਾਂ ਦੇ ਨਾਲ-ਨਾਲ ਕੋਵਿਡ-19 ਤੋਂ ਕਿਸਾਨਾਂ ਦੀ ਸੁਰੱਖਿਆ ਲਈ ਕੀਤੇ ਗਏ ਬੰਦੋਬਸਤ ‘ਤੇ ਵੀ ਤਸੱਲੀ ਜ਼ਾਹਰ ਕੀਤੀ।
ਓਧਰ, ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਸੁਰੱਖਿਆ ਸਾਵਧਾਨੀਆਂ ਦੀ ਪਾਲਣਾ ਕਰਦਿਆਂ ਨਿਰਵਿਘਨ ਅਤੇ ਸੁਚਾਰੂ ਖਰੀਦ ਪ੍ਰਕਿਰਿਆ ਨੂੰ ਯਕੀਨੀ ਬਣਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਰੋਜ਼ਾਨਾ ਖ਼ਰੀਦ ਪ੍ਰਕਿਰਿਆ ਦੀ ਸਮੀਖਿਆ ਕਰਨ ਤੋਂ ਇਲਾਵਾ ਫ਼ਸਲ ਦੀ ਖ਼ਰੀਦ, ਲਿਫ਼ਟਿੰਗ ਅਤੇ ਅਦਾਇਗੀ ਪ੍ਰਕਿਰਿਆ ਦੀ ਉਨ੍ਹਾਂ ਵੱਲੋਂ ਨਿੱਜੀ ਤੌਰ ‘ਤੇ ਨਿਗਰਾਨੀ ਕੀਤੀ ਜਾ ਰਹੀ ਹੈ।