Punjab
ਕਾਂਗਰਸ ਦੇ ਵੱਡੇ ਥੰਮ੍ਹ ਡੇਗਣ ਵਿੱਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਨਿਭਾਈ ਅਹਿਮ ਭੂਮਿਕਾ : ਗੁਰਮੇਲ ਸਿੱਧੂ
ਚੰਡੀਗਡ਼੍ਹ, 12 ਮਾਰਚ
ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਦੇ ਵੱਡੇ ਥੰਮ੍ਹਾਂ ਨੂੰ ਮੂਧੇ ਮੰੂਹ ਡੇਗਣ ਵਿੱਚ ਜਿੱਥੇ ਹੋਰ ਵੀ ਕਈ ਕਾਰਨ ਹਨ, ਓਥੇ ਹੀ ਪੈਨਸ਼ਨਰ ਅਤੇ ਮੁਲਾਜ਼ਮ ਵਰਗ ਦੀ ਕਾਂਗਰਸ ਸਰਕਾਰ ਪ੍ਰਤੀ ਨਰਾਜਗੀ ਵੀ ਇੱਕ ਵੱਡਾ ਕਾਰਨ ਰਿਹਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੀਨੀਅਰ ਮੁਲਾਜ਼ਮ ਆਗੂ ਅਤੇ ਆਮ ਆਦਮੀ ਪਾਰਟੀ ਦੇ ਮੁਲਾਜ਼ਮ ਵਿੰਗ ਦੇ ਸੀਨੀਅਰ ਸੂਬਾ ਮੀਤ ਪ੍ਰਧਾਨ ਗੁਰਮੇਲ ਸਿੰਘ ਸਿੱਧੂ ਨੇ ਕੀਤਾ।
ਪ੍ਰੈੱਸ ਬਿਆਨ ਜਾਰੀ ਕਰਦਿਆਂ ਸ੍ਰੀ ਸਿੱਧੂ ਨੇ ਦੱਸਿਆ ਕਿ ਭਾਵੇਂ ਪਿਛਲੀ ਬਾਦਲ ਸਰਕਾਰ 2011 ਵਿੱਚ ਵੀ ਕਈ ਵਰਗਾਂ ਨੂੰ ਗੱਫ਼ੇ ਅਤੇ ਕਈਆਂ ਨੂੰ ਧੱਫੇ ਵੀ ਦਿੱਤੇ ਪ੍ਰੰਤੂ ਕਾਂਗਰਸ ਦੀ ਕੈਪਟਨ ਅਤੇ 111 ਦਿਨ ਦੀ ਚੰਨੀ ਸਰਕਾਰ ਵੀ ਮੁਲਾਜ਼ਮ ਵਰਗ ਨਾਲ ਇਨਸਾਫ਼ ਨਹੀਂ ਕਰ ਸਕੀ।
ਕਾਂਗਰਸ ਸਰਕਾਰ ਵੇਲੇ ਜਨਵਰੀ 2016 ਤੋਂ ਬਣਦਾ ਛੇਵਾਂ ਤਨਖਾਹ ਕਮਿਸ਼ਨ ਵੀ ਅਧੂਰਾ, ਅਸਪੱਸ਼ਟ ਅਤੇ ਪੈਨਸ਼ਨਰਾਂ ਨੂੰ ਕਈ ਹਿੱਸਿਆਂ ਵਿੱਚ ਵੰਡ ਦਿੱਤਾ ਜੋ ਕਿ 2022 ਦੀ ਵਿਧਾਨ ਸਭਾ ਚੋਣਾਂ ਤੱਕ ਵੀ ਇਨ੍ਹਾਂ ਵਰਗਾਂ ਵਿੱਚ ਇਨਸਾਫ਼ ਨਹੀਂ ਮਿਲਿਆ। 2011 ਦੀਆਂ ਸੋਧਾਂ ਨੂੰ ਲੈ ਕੇ ਵੀ ਰਿਵਾਈਜ਼ਡ ਅਤੇ ਅਨ-ਰਿਵਾਈਜ਼ਡ ਦਾ ਵੱਡਾ ਵਿਤਕਰਾ ਖਡ਼੍ਹਾ ਕਰਦੇ, ਬੇਇਨਸਾਫ਼ੀ ਕੀਤੀ ਜੋ ਅਖੀਰ ਤੱਕ ਤਿੱਖੇ ਸੰਘਰਸ਼ਾਂ ਵਿੱਚ ਬਦਲ ਗਈ।
ਤਨਖਾਹ ਸਕੇਲਾਂ ਦੇ ਗੁਣਨਖੰਡਾਂ ਦੀਆਂ ਉਲਝਣਾਂ, ਕੱਚੇ ਮੁਲਾਜ਼ਮ ਪੱਕੇ ਨਾ ਕਰਨੇ, ਪੁਰਾਣੀ ਪੈਨਸ਼ਨ ਬਹਾਲ ਨਾ ਕਰਨੀ, ਨਵੀਂ ਭਰਤੀ ਨਾ ਕਰਨੀ ਆਦਿ ਸਾਰੇ ਅਣਸੁਲਝੇ ਮਸਲੇ ਕਾਂਗਰਸ ਪਾਰਟੀ ਦੇ ਥੰਮ੍ਹਾਂ ਨੂੰ ਡੇਗਣ ਦਾ ਕਾਰਨ ਬਣੇ। ਸਭ ਤੋਂ ਵੱਡਾ ਕਾਰਨ ਖਜ਼ਾਨਾ ਮੰਤਰੀ ਦਾ ਮੁਲਾਜ਼ਮ ਤੇ ਪੈਨਸ਼ਨਰ ਵਿਰੋਧੀ ਵਤੀਰਾ ਰਿਹਾ ਜਿਸ ਕਰਕੇ ਮਨਪ੍ਰੀਤ ਨਾਲੋਂ ਲੋਕਾਂ ਦੀ ਪ੍ਰੀਤ ਟੁੱਟੀ।
ਇੱਥੇ ਵਰਨਣਯੋਗ ਹੈ ਕਿ ਮੁਲਾਜ਼ਮ ਵਰਗ ਦੀ ਕਾਂਗਰਸ ਪਾਰਟੀ ਖਿਲਾਫ਼ ਭੁਗਤਣ ਦੀ ਜਿਉਂਦੀ ਜਾਗਦੀ ਉਦਾਹਰਨ ਹੈ ਕਿ ਬੈਲਟ ਪੋਲ ਵੋਟਾਂ ਦਾ ਲਗਭਗ 80 ਪ੍ਰਤੀਸ਼ਤ ਕਾਂਗਰਸ ਦੇ ਖਿਲਾਫ਼ ਭੁਗਤਿਆ ਜਿਸ ਦੀ ਹਲਕਾ ਵਾਈਜ਼ ਵੇਰਵਾ ਇਸ ਪ੍ਰਕਾਰ ਹੈ। ਬਠਿੰਡਾ ਸ਼ਹਿਰੀ ਤੋਂ ਮਨਪ੍ਰੀਤ ਬਾਦਲ ਨੂੰ 286 ਵੋਟਾਂ ਤੇ ‘ਆਪ’ ਨੂੰ 1548 ਵੋਟਾਂ ਪਈਆਂ। ਪਟਿਆਲਾ ਸ਼ਹਿਰੀ ਤੋਂ ‘ਆਪ’ ਦੇ ਅਜੀਤਪਾਲ ਸਿੰਘ ਕੋਹਲੀ ਨੂੰ 400 ਵੋਟਾਂ ਤੇ ਪੰਜਾਬ ਲੋਕ ਕਾਂਗਰਸ ਪਾਰਟੀ ਨੂੰ 224 ਵੋਟਾਂ, ਕਾਂਗਰਸ ਪਾਰਟੀ ਨੂੰ ਸਿਰਫ਼ 76 ਵੋਟਾਂ ਪਈਆਂ। ਹਲਕਾ ਚਮਕੌਰ ਸਾਹਿਬ ਤੋਂ ਕਾਂਗਰਸ ਦੇ ਚਰਨਜੀਤ ਚੰਨੀ ਨੂੰ 158 ਤੇ ‘ਆਪ’ ਦੇ ਡਾ. ਚਰਨਜੀਤ ਸਿਘ ਚੰਨੀ ਨੂੰ 267 ਵੋਟਾਂ ਪਈਆਂ। ਭਦੌਡ਼ ਹਲਕੇ ਤੋਂ ਕਾਂਗਰਸੀ ਚਰਨਜੀਤ ਚੰਨੀ ਨੂੰ 115 ਵੋਟਾਂ ਤੇ ਆਪ ਦੇ ਉਮੀਦਵਾਰ ਲਾਭ ਸਿੰਘ ਊਗੋਕੇ ਨੂੰ 453 ਵੋਟਾਂ ਪਈਆਂ। ਹਲਕਾ ਮੋਹਾਲੀ ਤੋਂ ਕਾਂਗਰਸ ਪਾਰਟੀ ਨੂੰ 108 ਜਦਕਿ ਕੁਲਵੰਤ ਸਿੰਘ ਨੂੰ 219 ਵੋਟਾਂ ਪਈਆਂ। ਹਲਕਾ ਧੂਰੀ ਤੋਂ ਕਾਂਗਰਸੀ ਉਮੀਦਵਾਰ ਦਲਬੀਰ ਸਿੰਘ ਗੋਲਡੀ ਨੂੰ 80 ਵੋਟਾਂ ਜਦਕਿ ਭਗਵੰਤ ਮਾਨ ਨੂੰ 569 ਵੋਟਾਂ ਪੋਲ ਹੋਈਆਂ। ਜਿੱਥੇ ਮੁਲਾਜ਼ਮਾਂ ਨੇ ਆਮ ਆਦਮੀ ਪਾਰਟੀ ਲਈ ਪੂਰੀ ਤਨਦੇਹੀ ਡਿਊਟੀਆਂ ਨਿਭਾਈਆਂ, ਉਥੇ ਹੀ ਕਾਂਗਰਸ ਦੇ ਖਿਲਾਫ਼ ਭੁਗਤ ਕੇ ਆਪਣਾ ਗੁੱਸਾ ਕੱਢਿਆ।