March 3, 2021

ਪੰਜਾਬ ਸਿਵਲ ਸਕੱਤਰੇਤ ਸਟਾਫ ਐਸੋਸੀਏਸ਼ਨ ਦੀ ਸਰਵਸੰਮਤੀ ਨਾਲ ਹੋਈ ਚੋਣ

ਪੰਜਾਬ ਸਿਵਲ ਸਕੱਤਰੇਤ ਸਟਾਫ ਐਸੋਸੀਏਸ਼ਨ ਦੀ ਸਰਵਸੰਮਤੀ ਨਾਲ ਹੋਈ ਚੋਣ

ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਉਂਦਿਆਂ ਸਰਬੱਤ ਦੇ ਭਲੇ ਦੀ ਕੀਤੀ ਅਰਦਾਸ

ਚੰਡੀਗੜ੍ਹ (              ):        ਅੱਜ ਪੰਜਾਬ ਸਿਵਲ ਸਕੱਤਰੇਤ ਵਿਖੇ ਸਮੂਹ ਕਰਮਚਾਰੀਆਂ ਅਤੇ ਅਧਿਕਾਰੀਆਂ ਵੱਲੋਂ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਬਹੁਤ ਹੀ ਸ਼ਰਧਾ ਨਾਲ ਮਨਾਇਆ ਗਿਆ।   ਪੰਜਾਬ ਸਿਵਲ ਸਕੱਤਰੇਤ ਦੇ ਗੁਰੁਦੁਆਰਾ ਸਾਹਿਬ ਵਿਖੇ ਸੁਖਮਨੀ ਸਾਹਿਬ ਦੇ ਪਾਠ ਕੀਤੇ ਗਏ ਅਤੇ ਕਰਮਚਾਰੀ/ਅਧਿਕਾਰੀ ਸ਼ਾਖਾਵਾਂ ਵਿੱਚ ਹਾਜਰੀ ਲਗਵਾਕੇ ਗੁਰੂਦੁਆਰਾ ਸਾਹਿਬ ਵਿਖੇ ਨਤਮਸਤਕ ਹੋਏ।  ਇਸ ਮੌਕੇ  ਡਾ. ਕਮਲੇਸ਼ ਇੰਦਰ ਸਿੰਘ (ਸੁਨਾਮ ਵਾਲੇ) ਵੱਲੋਂ ਸੰਗਤ ਨੂੰ ਕੀਰਤਨ ਨਾਲ ਨਿਹਾਲ ਕੀਤਾ।  ਪਾਠ ਦੇ ਭੋਗ ਪੈਣ ਉਪਰੰਤ ਚਾਹ ਪਕੌੜਿਆਂ ਦਾ ਲੰਗਰ ਵਰਤਾਇਆ ਗਇਆ।

 

ਦੱਸਣਯੋਗ ਹੈ ਕਿ ਪਿਛਲੇ ਕੁਝ ਸਮੇਂ ਤੋਂ ਪੰਜਾਬ ਸਿਵਲ ਸਕੱਤਰੇਤ ਸਟਾਫ ਐਸੋਸੀਏਸ਼ਨ ਦੀ ਚੋਣ ਲੰਬਿਤ ਸੀ ਅਤੇ ਮਿਤੀ 2 ਦਸੰਬਰ, 2020 ਨੂੰ ਕਰਮਚਾਰੀਆਂ ਤੋਂ ਨਾਮੀਨੇਸ਼ਨ ਮੰਗੀਆਂ ਗਈਆਂ ਸਨ।  ਨਿਸ਼ਚਿਤ ਮਿਤੀ ਤੱਕ ਕੁੱਲ 8 ਕਰਮਚਾਰੀਆਂ ਵੱਲੋਂ ਨਾਮੀਨੇਸ਼ਨਾਂ ਭਰੀਆਂ ਗਈਆਂ।  ਕਿਉਂਜੋ ਮੁਲਾਜ਼ਮਾਂ ਵਿੱਚ ਕਿਸੇ ਤਰ੍ਹਾਂ ਦਾ ਆਪਸੀ ਵਿਰੋਧ ਨਹੀ ਸੀ, ਇਸ ਲਈ ਐਸੋਸੀਏਸ਼ਨ ਵਿੱਚ ਕੰਮ ਕਰਨ ਦੇ ਚਾਹਵਾਨ ਇਨ੍ਹਾਂ ਸਾਰੇ ਕਰਮਚਾਰੀਆਂ ਨੂੰ ਜੱਥੇਬੰਦੀ ਵਿੱਚ ਸਰਬਸੰਮਤੀ ਨਾਲ ਸ਼ਾਮਿਲ ਕਰ ਲਿਆ ਗਿਆ।  ਐਸੋਸੀਏਸ਼ਨ ਦੀ ਚੋਣ ਲਈ ਲਗਾਏ ਗਏ ਚੋਣ ਅਧਿਕਾਰੀ ਸ. ਮਨਜੀਤ ਸਿੰਘ ਰੰਧਾਵਾ ਵੱਲੋਂ ਇਸ ਐਸੋਸੀਏਸ਼ਨ ਦੀ ਫਾਈਨਲ ਸੂਚੀ, ਜਿਸ ਵਿੱਚ 15 ਮੈਂਬਰਾਂ ਤੋਂ ਇਲਾਵਾ ਇੱਕ ਹਾਈ ਪਾਵਰਡ ਕਮੇਟੀ ਦੇ 5 ਮੈਂਬਰ ਵੀ ਸ਼ਾਮਿਲ ਹਨ,  ਅਫਸਰ ਐਸੋਸੀਏਸ਼ਨ ਦੇ ਜਨਰਲ ਸਕੱਤਰ  ਗੁਰਿੰਦਰ ਸਿੰਘ ਭਾਟੀਆ ਨੂੰ ਸੌਂਪੀ ਗਈ।   ਗੁਰਿੰਦਰ ਸਿੰਘ ਭਾਟੀਆ ਵੱਲੋਂ ਗੁਰੂਦੁਆਰਾ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਸਮੂਹ ਐਸੋਸੀਏਸ਼ਨ ਦੇ ਮੈਂਬਰਾਂ ਦੀ ਘੋਸ਼ਣਾ ਕੀਤੀ ਹੈ ਅਰਦਾਸ ਕੀਤੀ ਕਿ ਐਸੋਸੀਏਸ਼ਨ ਸੱਚਾਈ ਦੇ ਮਾਰਗ ਤੇ ਚਲਦਿਆਂ ਸਮੂਹ ਮੁਲਾਜ਼ਮਾਂ ਅਤੇ ਸਮਾਜ ਦੀ ਭਲਾਈ ਲਈ ਕੰਮ ਕਰੇ।  ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਐਸੋਸੀਏਸ਼ਨ ਮੁਲਾਜ਼ਮਾਂ ਦੀਆਂ ਲੰਮੇ ਸਮੇਂ ਤੋਂ ਲੰਬਿਤ ਪਈਆਂ ਮੰਗਾਂ ਸਰਕਾਰ ਤੋਂ ਮਨਵਾਉਣ ਲਈ ਸੰਘਰਸ਼ ਕਰੇਗੀ ਅਤੇ ਇਸ ਸੰਘਰਸ਼ ਵਿੱਚ ਆਫਿਸਰਜ਼ ਐਸੋਸੀਏਸ਼ਨ ਉਨ੍ਹਾਂ ਨੂੰ ਪੂਰਨ ਸਹਿਯੋਗ ਦੇਵੇਗੀ।

ਨਵੇਂ ਚੁਣੇ ਗਏ ਮੈਂਬਰਾਂ ਵਿੱਚ ਸੁਖਚੈਨ ਸਿੰਘ ਖਹਿਰਾ ਪ੍ਰਧਾਨ, ਭਗਵੰਤ ਸਿੰਘ ਬਦੇਸ਼ਾ ਸੀਨੀਅਰ ਮੀਤ ਪ੍ਰਧਾਨ, ਜਸਪ੍ਰੀਤ ਸਿੰਘ ਰੰਧਾਵਾ ਮੀਤ ਪ੍ਰਧਾਨ, ਮਨਜਿੰਦਰ ਕੌਰ ਮੀਤ ਪ੍ਰਧਾਨ (ਇਸਤਰੀ), ਗੁਰਪ੍ਰੀਤ ਸਿੰਘ ਜਨਰਲ ਸਕੱਤਰ, ਮਨਦੀਪ ਚੌਧਰੀ ਸੰਯੂਕਤ ਜਨਰਲ ਸਕੱਤਰ, ਸੁਸ਼ੀਲ ਕੁਮਾਰ ਕੋਆਰਡੀਨੇਟਰ, ਮਿਥੁਨ ਚਾਵਲਾ ਵਿੱਤ ਸਕੱਤਰ, ਸੰਦੀਪ ਕੁਮਾਰ ਸੰਯੁਕਤ ਵਿੱਤ ਸਕੱਤਰ, ਅਮਰਵੀਰ ਸਿੰਘ ਗਿੱਲ ਪ੍ਰੈਸ ਸਕੱਤਰ, ਸੁਖਜੀਤ ਕੌਰ ਸੰਯੁਕਤ ਪ੍ਰੈੱਸ ਸਕੱਤਰ, ਗੁਰਵੀਰ ਸਿੰਘ ਸੰਗਠਨ ਸਕੱਤਰ, ਇੰਦਰਪਾਲ ਸਿੰਘ ਭੰਗੂ ਸੰਯੁਕਤ ਸੰਗਠਨ ਸਕੱਤਰ, ਸਾਹਿਲ ਸ਼ਰਮਾ ਦਫਤਰ ਸਕੱਤਰ, ਮਨਜੀਤ ਸਿੰਘ ਸੰਯੁਕਤ ਦਫਤਰ ਸਕੱਤਰ ਘੋਸ਼ਿਤ ਕੀਤੇ ਗਏ  ਇਸੇ ਤਰ੍ਹਾਂ ਹਾਈ ਪਾਵਰਡ ਕਮੇਟੀ ਵਿੱਚ ਕੁਲਵਿੰਦਰ ਸਿੰਘ ਕਨਵੀਨਰ (ਲੀਗਲ), ਨੀਰਜ ਕੁਮਾਰ, ਪ੍ਰਵੀਨ ਮਹਿਰਾ, ਸੁਮਿਤ ਬਾਂਸਲ ਅਤੇ ਸੰਦੀਪ ਕੌਸ਼ਲ ਨੂੰ ਕਨਵੀਨਰ ਐਲਾਨਿਆ ਗਿਆ।  ਇਸ ਤੋਂ ਇਲਾਵਾ ਦਲਜੀਤ ਸਿੰਘ, ਪਿਊਸ਼ ਚਿੱਤਰਾ, ਮਨਜੀਤ ਸੈਣੀਆਦਿ ਵੀ ਹਾਜਿਰ ਸਨ।  ਐਸੋਸੀਏਸ਼ਨ ਦੇ ਪ੍ਰਧਾਨ ਸੁਖਚੈਨ ਸਿੰਘ ਖਹਿਰਾ, ਜੋ ਕਿ ਸਾਂਝਾ ਮੁਲਾਜ਼ਮ ਮੰਚ ਪੰਜਾਬ ਤੇ ਯੂ.ਟੀ ਅਤੇ  ਪੰਜਾਬ-ਯੂ.ਟੀ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਦੇ ਕਨਵੀਨਰ ਵੀ ਹਨ, ਵੱਲੋਂ ਦੱਸਿਆ ਗਿਆ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਸਕੱਤਰੇਤ ਸਟਾਫ ਐਸੋਸੀਏਸ਼ਨ ਵੱਲੋਂ ਸਕੱਤਰੇਤ ਤੋਂ ਲੈਕੇ ਖੇਤਰੀ ਜੱਥੇਬੰਦੀਆਂ ਦੇ ਸਹਿਯੋਗ ਨਾਲ ਅਗਲੇ ਵੱਡੇ ਸੰਘਰਸ਼ ਦੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ ਅਤੇ ਮੁਲਾਜ਼ਮਾਂ ਦੀਆਂ ਮੰਗਾਂ ਮਨਵਾਉਣ ਲਈ ਸਰਕਾਰ ਵਿਰੁੱਧ ਸੰਘਰਸ਼ ਕੀਤਾ ਜਾਵੇਗਾ।