Punjab

ਸਿੱਖਿਆ ਵਿਭਾਗ ਦੀ ਬਦਲੀ ਨੀਤੀ ਪਾਰਦਰਸ਼ੀ ਨਹੀਂ ਸਗੋਂ ਵਿਤਕਰੇ ਵਾਲੀ

 

ਤਰਨਤਾਰਨ ਜ਼ਿਲ੍ਹੇ ਦੇ 2019 ਵਿੱਚ ਬਦਲੀ ਹੋਏ ਅਧਿਆਪਕਾਂ ਨੂੰ ਫਾਰਗ ਕੀਤਾ ਜਾਵੇ

ਦੂਰੀ ਦੇ ਅੰਕ ਦਿੰਦੇ ਹੋਏ ਅੰਤਰ ਜ਼ਿਲ੍ਹਾ ਬਦਲੀਆਂ ਨੂੰ ਪਹਿਲ ਦੇ ਅਧਾਰ ਤੇ ਕਰਨ ਦੀ ਮੰਗ

ਸੰਗਰੂਰ, 29 ਮਾਰਚ : ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਨੇ ਪਿਛਲੇ ਦਿਨੀਂ ਸਿੱਖਿਆ ਵਿਭਾਗ ਕੀਤੀਆਂ ਗਈਆਂ ਬਦਲੀਆਂ ਵਿੱਚ ਅਧਿਆਪਕਾਂ ਨਾਲ ਕੀਤੇ ਗਏ ਵਿਤਕਰੇ ‘ਤੇ ਇਤਰਾਜ਼ ਕਰਦਿਆਂ ਬਾਹਰੀ ਜ਼ਿਲ੍ਹਿਆਂ ਵਿੱਚ ਕੰਮ ਕਰਦੇ ਅਧਿਆਪਕਾਂ ਨੂੰ ਘਰ ਤੋਂ ਦੂਰੀ ਦੇ ਅੰਕ ਦਿੰਦੇ ਹੋਏ ਅੰਤਰ ਜ਼ਿਲ੍ਹਾ ਬਦਲੀਆਂ ਨੂੰ ਪਹਿਲ ਦੇ ਅਧਾਰ ਤੇ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਤਰਨਤਾਰਨ ਜਿਲ੍ਹੇ ਵਿੱਚੋਂ ਦੋ ਸਾਲ ਪਹਿਲਾਂ ਹੋਈਆਂ ਬਦਲੀਆਂ ਨੂੰ ਵਿਭਾਗ ਨੇ ਅਜੇ ਤੱਕ ਲਾਗੂ ਨਹੀਂ ਕੀਤਾ ਹੈ, ਪਰ ਹੁਣ ਹੋਈਆਂ ਬਦਲੀਆਂ ਵਾਲੇ ਅਧਿਆਪਕਾਂ ਨੂੰ 10 ਅਪ੍ਰੈਲ ਨੂੰ ਫਾਰਗ ਕਰਨ ਦੇ ਹੁਕਮ ਹੋਏ ਹਨ। ਜਿਸ ਕਰਕੇ ਪਹਿਲੇ ਦੇ ਅਧਿਆਪਕਾਂ ਵਿਚ ਰੋਸ ਵੱਧ ਰਿਹਾ ਹੈ ਜੋ 2 ਸ਼ਾਲਾ ਤੋਂ ਬਦਲੀ ਲਾਗੂ ਹੋਣ ਦਾ ਇੰਤਜ਼ਾਰ ਕਰ ਰਹੇ ਹਨ। ਉਨ੍ਹਾਂ ਅਨੇਕਾਂ ਅਧਿਆਪਕਾਂ ਨਾਲ ਇਸ ਸਾਲ ਹੋਈਆਂ ਬਦਲੀਆਂ ਵਿੱਚ ਹੋਏ ਵਿਤਕਰੇ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਤਰਨਤਾਰਨ ਜ਼ਿਲ੍ਹੇ ਦੇ ਅਧਿਆਪਕਾਂ ਦੀ ਬਦਲੀ ਹੋਈ ਨੂੰ ਦੋ ਸਾਲ ਦੇ ਕਰੀਬ ਹੋ ਗਏ ਹਨ ਪਰ ਉਨ੍ਹਾਂ ਦੀ ਥਾਂ ਤੇ ਸਰਕਾਰ ਦੋ ਸਾਲਾਂ ਵਿੱਚ ਅਧਿਆਪਕ ਉਪਲਬਧ ਕਰਵਾਉਣ ਵਿੱਚ ਅਸਫ਼ਲ ਰਹੀ ਹੈ ਜਿਸ ਦਾ ਨਤੀਜਾ ਅਧਿਆਪਕਾਂ ਨੂੰ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਵੱਡੀ ਗਿਣਤੀ ਵਿੱਚ ਪੋਸਟਾਂ ਖਾਲੀ ਹਨ ਅਤੇ ਸਰਕਾਰ ਵੱਲੋਂ ਉਨ੍ਹਾਂ ਪੋਸਟਾਂ ਨੂੰ ਭਰਨ ਦੀ ਥਾਂ ਬੇਰੁਜ਼ਗਾਰਾਂ ਤੇ ਅੰਨ੍ਹੇ ਵਾਹ ਲਾਠੀਚਾਰਜ ਕੀਤੇ ਜਾ ਰਹੇ ਹਨ।‌

 

ਜ਼ਿਲ੍ਹਾ ਪ੍ਰਧਾਨ ਨਿਰਭੈ ਸਿੰਘ ਨੇ ਬਦਲੀ ਨੀਤੀ ਵਿੱਚ ਪੁਆਇੰਟ ਦੇਣ ਦੀ ਫਾਰਮੂਲੇ ਤੇ ਇਤਰਾਜ਼ ਉਠਾਉਂਦਿਆਂ ਕਿਹਾ ਕਿ ਇਸ ਵਿੱਚ ਗ੍ਰਹਿ ਜ਼ਿਲ੍ਹੇ ਤੋਂ ਬਾਹਰ ਕੰਮ ਕਰਦੇ ਅਧਿਆਪਕਾਂ ਨੂੰ ਕੋਈ ਪਹਿਲ ਨਹੀਂ ਦਿੱਤੀ ਗਈ, ਇੱਕੋ ਸਕੂਲ ਦੇ ਇੱਕੋ ਦਿਨ ਸਕੂਲ ਵਿੱਚ ਹਾਜ਼ਰ ਹੋਏ, ਇੱਕੋ ਜਿਹੇ ਨਤੀਜਿਆਂ/ਸਲਾਨਾ ਗੁਪਤ ਰਿਪੋਰਟਾਂ ਵਾਲੇ ਅਧਿਆਪਕਾਂ ਦੇ ਅੰਕਾਂ ਵਿੱਚ ਵੱਡਾ ਫਰਕ ਹੋਣਾ, ਅੰਕਾਂ ਦਾ ਸਕੂਲ ਦੇ ਖਾਤੇ ਵਿੱਚ ਦਿਖਾਈ ਨਾ ਦੇਣਾ, ਅੰਕਾਂ ਦੀ ਵੰਡ ਸਪਸ਼ਟ ਨਾ ਹੋਣਾ ਇਸ ਨੀਤੀ ਦੇ ਪਾਰਦਰਸ਼ੀ ਹੋਣ ਤੇ ਵੱਡਾ ਪ੍ਰਸ਼ਨ ਚਿੰਨ੍ਹ ਲਾਉਂਦਾ ਹੈ। ਸਿੱਖਿਆ ਵਿਭਾਗ ਦੀ ਇਸ ਨੀਤੀ ਤੇ ਇਤਰਾਜ਼ ਦਰਜ਼ ਕਰਾਉਂਦਿਆਂ ਅਧਿਆਪਕਾਂ ਨੇ ਕਿਹਾ ਕਿ ਇਸ ਨੀਤੀ ਤਹਿਤ ਜਿੰਨੇ ਘੱਟ ਅੰਕ ਮਰਦ ਅਧਿਆਪਕਾਂ ਦੇ ਬਣਾਏ ਗਏ ਹਨ ਉਹ ਕਦੇ ਵੀ ਆਪਣੇ ਜ਼ਿਲ੍ਹਿਆਂ ਨਹੀਂ ਆ ਸਕਣਗੇ। ਇਸ ਤੋਂ ਇਲਾਵਾ ਉਨ੍ਹਾਂ ਦੋ ਸਾਲ ਤੋਂ ਘੱਟ ਠਹਿਰ ਵਾਲੇ ਅਧਿਆਪਕਾਂ ਦੀ ਬਦਲੀ ਹੋ ਜਾਣ ਤੇ ਵੀ ਇਤਰਾਜ਼ ਦਰਜ਼ ਕਰਵਾਇਆ।

 

ਸੂਬਾ ਕਮੇਟੀ ਮੈਂਬਰ ਮੇਘਰਾਜ ਨੇ ਮਿਡਲ ਸਕੂਲਾਂ ਦੇ ਅਧਿਆਪਕਾਂ ਨੇ ਉਨ੍ਹਾਂ ਦੀਆਂ ਪੋਸਟਾਂ ਕਲੱਸਟਰ ਸਕੂਲ ਵਿੱਚ ਦਰਸਾਏ ਜਾਣ ਨੂੰ ਮਿਡਲ ਸਕੂਲਾਂ ਨੂੰ ਬੰਦ ਕਰਨ ਦੀ ਨੀਤੀ ਐਲਾਨਿਆ ਅਤੇ ਮਿਡਲ ਸਕੂਲਾਂ ਦੀਆਂ ਪੋਸਟਾਂ ਪਹਿਲਾਂ ਵਾਂਗ ਅਲੱਗ ਤੋਂ ਦਰਸਾਏ ਜਾਣ ਦੀ ਮੰਗ ਕੀਤੀ ਅਤੇ ਸਾਰੇ ਖਾਲੀ ਸਟੇਸ਼ਨ ਪੋਰਟਲ ਤੇ ਦਿਖਾਏ ਜਾਣ। ਦੂਰੀ ਦੇ ਅੰਕ ਦਿੰਦੇ ਹੋਏ ਅੰਤਰ ਜ਼ਿਲ੍ਹਾ ਬਦਲੀਆਂ ਨੂੰ ਪਹਿਲ ਦੇ ਅਧਾਰ ਤੇ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਬਦਲੀਆਂ ਲਈ ਖਾਲੀ ਪੋਸਟਾਂ ਵਿਖਾਉਣ ਸਮੇਂ ਮਿਡਲ ਸਕੂਲਾਂ ਦੀਆਂ ਪੋਸਟਾਂ ਨਜ਼ਰ ਨਹੀਂ ਆਈਆਂ। ਅਧਿਆਪਕਾਂ ਨੇ ਖਾਲੀ ਪੋਸਟਾਂ ਅਨੁਸਾਰ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਬਦਲੀਆਂ ਭਰ ਦਿੱਤੀਆਂ। ਹੁਣ ਬਦਲੀ ਹੋਣ ਤੇ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੀ ਬਦਲੀ ਦੇ ਆਰਡਰ ਵਿੱਚ ਤਾਂ ਸੈਕੰਡਰੀ ਸਕੂਲ ਲਿਖਿਆ ਹੈ ਪਰ ਅਸਲ ਵਿੱਚ ਉਨ੍ਹਾਂ ਨੂੰ ਜੁਆਇੰਨ ਮਿਡਲ ਸਕੂਲ ਵਿਚ ਕਰਵਾਇਆ ਜਾਣਾ ਹੈ। ਇਸ ਦੇ ਨਾਲ ਹੀ ਕਈ ਕਲਸਟਰਾਂ ਦੇ ਇੰਚਾਰਜਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਉਨ੍ਹਾਂ ਦੇ ਕਿਹੜੇ ਸਕੂਲ ਨੂੰ ਨਵੀਂ ਪੋਸਟ ਮਿਲੀ ਹੈ ਜਿਥੇ ਬਦਲੀ ਵਾਲੇ ਅਧਿਆਪਕ ਨੂੰ ਜੁਆਇੰਨ ਕਰਵਾਉਣਾ ਹੈ।

Related Articles

Leave a Reply

Your email address will not be published. Required fields are marked *

Back to top button
error: Sorry Content is protected !!