ਸਿੱਖਿਆ ਵਿਭਾਗ ਵੱਲੋਂ ਕਰੋਨਾ ਸੰਕ੍ਰਮਿਤਾਂ ਨੂੰ ਕੁਅਰੰਟਾਈਨ ਛੁੱਟੀ ਦੇਣ ਤੋਂ ਮਨ੍ਹਾ ਕਰਨਾ ਘੋਰ ਵਿਤਕਰੇਬਾਜ਼ੀ: ਡੀ ਟੀ ਐੱਫ
ਸਿੱਖਿਆ ਵਿਭਾਗ ਵੱਲੋਂ ਕਰੋਨਾ ਸੰਕ੍ਰਮਿਤਾਂ ਨੂੰ ਕੁਅਰੰਟਾਈਨ ਛੁੱਟੀ ਦੇਣ ਤੋਂ ਮਨ੍ਹਾ ਕਰਨਾ ਘੋਰ ਵਿਤਕਰੇਬਾਜ਼ੀ: ਡੀ ਟੀ ਐੱਫ
50 ਪ੍ਰਤੀਸ਼ਤ ਹਾਜ਼ਰੀ ਦਾ ਫ਼ੈਸਲਾ ਬਿਨਾਂ ਸ਼ਰਤ ਸਾਰੇ ਸਕੂਲਾਂ ਵਿੱਚ ਲਾਗੂ ਕਰਨ ਦੀ ਮੰਗ
ਅਧਿਆਪਕ ਵਿਰੋਧੀ ਪੱਤਰ ਲਾਗੂ ਕਰਨ ਲਈ ਤਤਪਰ ਰਹਿੰਦੇ ਹਨ ਸਿੱਖਿਆ ਅਧਿਕਾਰੀ
ਸੰਗਰੂਰ, 19 ਮਈ() ਸਿੱਖਿਆ ਵਿਭਾਗ ਨੇ ਕੋਰੋਨਾ ਲਾਗ ਦੇ ਪ੍ਰਭਾਵ ਅਧੀਨ ਆਏ ਅਧਿਆਪਕਾਂ ਨੂੰ ਕੁਅਰੰਟਾਈਨ ਛੁੱਟੀ ਦੇਣ ਦੀ ਥਾਂ ਮੈਡੀਕਲ ਛੁੱਟੀ ਜਾਂ ਕੋਈ ਹੋਰ ਛੁੱਟੀ ਲੈਣ ਦੇ ਨਿਰਦੇਸ਼ ਜਾਰੀ ਕਰਕੇ ਅਧਿਆਪਕਾਂ ਦੁਆਰਾ ਦਾਖਲੇ ਵਧਾਉਣ ਲਈ ਕੀਤੀ ਜਾ ਰਹੀ ਮਿਹਨਤ ਦਾ ਅਜਿਹਾ ਸਿਲਾ ਦਿੱਤਾ ਹੈ ਕਿ ਅਧਿਆਪਕ ਖੁਦ ਨੂੰ ਠੱਗੇ ਹੋਏ ਮਹਿਸੂਸ ਕਰ ਰਹੇ ਹਨ। ਡੈਮੋਕਰੇਟਿਕ ਟੀਚਰਜ਼ ਫਰੰਟ (ਡੀਟੀਐੱਫ) ਪੰਜਾਬ ਨੇ ਇਸ ਨੂੰ ਅਧਿਆਪਕਾਂ ਨਾਲ ਘੋਰ ਵਿਤਕਰੇਬਾਜ਼ੀ ਕਰਾਰ ਦਿੱਤਾ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਡੀ.ਟੀ.ਐੱਫ. ਪੰਜਾਬ ਦੇ ਸੂਬਾ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ, ਸੂਬਾ ਕਮੇਟੀ ਮੈਂਬਰ ਮੇਘਰਾਜ ਅਤੇ ਜ਼ਿਲ੍ਹਾ ਪ੍ਰਧਾਨ ਨਿਰਭੈ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਪ੍ਰਸੌਨਲ ਵਿਭਾਗ ਦੁਆਰਾ ਮਿਤੀ 4/5/2021 ਪੱਤਰ ਨੰਬਰ 12/7/2020-4PP2/223 ਦੇ ਅਨੁਸਾਰ ਕੋਈ ਵੀ ਕਰਮਚਾਰੀ ਜਾਂ ਉਸਦੇ ਪਰਿਵਾਰਕ ਮੈਂਬਰ ਦੇ ਕੋਰੋਨਾ ਲਾਗ ਦੇ ਸਮੇਂ ਪਾਜ਼ਿਟਿਵ ਆਉਣ ‘ਤੇ ਪੂਰੀ ਤਨਖਾਹ ਸਮੇਤ ਕੁਅਰੰਟਾਈਨ ਛੁੱਟੀ ਦਾ ਹੱਕਦਾਰ ਹੈ। ਪਰ ਹੁਣ ਡਾਇਰੈਕਟਰ ਸਿੱਖਿਆ ਵਿਭਾਗ ਦੇ ਦਫ਼ਤਰ ਨੇ ਆਪਣਾ ਇੱਕ ਵੱਖਰਾ ਪੱਤਰ ਜਾਰੀ ਕਰਕੇ ਅਧਿਆਪਕ ਦੇ ਖੁਦ ਕਰੋਨਾ ਪੌਜਿਟਿਵ ਆਉਣ ‘ਤੇ ਕੁਅਰੰਟਾਈਨ ਛੁੱਟੀ ਦੀ ਥਾਂ ਮੈਡੀਕਲ ਛੁੱਟੀ ਜਾਂ ਫਿਰ ਕੋਈ ਹੋਰ ਛੁੱਟੀ ਲੈਣ ਦੇ ਨਿਰਦੇਸ਼ ਜਾਰੀ ਕੀਤੇ ਹਨ, ਜਿਸ ਕਾਰਣ ਅਧਿਆਪਕਾਂ ਵਿੱਚ ਰੋਸ ਦੀ ਭਾਵਨਾ ਹੈ।
ਡੀਟੀਐੱਫ ਦੇ ਆਗੂਆਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪਿਛਲੇ ਦਿਨੀਂ ਮੁੱਖ ਮੰਤਰੀ ਨੇ ਪੰਜਾਬ ਭਰ ਦੇ ਸਰਕਾਰੀ ਦਫ਼ਤਰਾਂ/ਸਕੂਲਾਂ ਵਿੱਚ ਕੰਮ ਕਰਦੇ ਮੁਲਾਜ਼ਮਾਂ ਵਿੱਚੋਂ 50% ਨੂੰ ਰੋਟੇਸ਼ਨ ਵਾਇਜ਼ ਹਾਜ਼ਰ ਹੋਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਪਰ ਪੰਜਾਬ ਦੇ ਸਿੱਖਿਆ ਵਿਭਾਗ ਨੇ ਕੇਵਲ ਦਸ ਤੋਂ ਵੱਧ ਸਟਾਫ਼ ਵਾਲੇ ਸਕੂਲਾਂ ‘ਤੇ ਹੀ ਲਾਗੂ ਕਰਨ ਬਾਰੇ ਆਪਣਾ ਵੱਖਰਾ ਪੱਤਰ ਜਾਰੀ ਕਰਕੇ ਇਨ੍ਹਾਂ ਨਿਰਦੇਸ਼ਾਂ ਨੂੰ ਟਿੱਚ ਜਾਣਿਆ ਹੈ, ਕਿਉਂਕਿ ਪੰਜਾਬ ਭਰ ਦੇ ਬਹੁ ਗਿਣਤੀ ਸਕੂਲਾਂ ਵਿੱਚ ਖਾਸ ਕਰਕੇ ਪ੍ਰਾਇਮਰੀ ਅਤੇ ਮਿਡਲ ਵਿੱਚ ਸਕੂਲ ਸਟਾਫ਼ ਦੀ ਗਿਣਤੀ 10 ਤੋਂ ਘੱਟ ਹੈ।
ਆਗੂਆਂ ਨੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਤੇ ਦੋਸ਼ ਲਾਉਂਦਿਆਂ ਕਿਹਾ ਕਿ ਸਿੱਖਿਆ ਵਿਭਾਗ ਦੇ ਅਧਿਕਾਰੀ ਜਦੋਂ ਕੋਈ ਅਧਿਆਪਕ ਪੱਖੀ ਪੱਤਰ ਜਾਰੀ ਹੁੰਦਾ ਹੈ ਤਾਂ ਉਸਨੂੰ ਲਾਗੂ ਕਰਨ ਵਿੱਚ ਦਲਿੱਦਰਤਾ ਦਿਖਾਉਂਦੇ ਹਨ ਜਦਕਿ ਅਧਿਆਪਕ ਵਿਰੋਧੀ ਪੱਤਰ ਲਾਗੂ ਕਰਨ ਲਈ ਹਮੇਸ਼ਾ ਤਤਪਰ ਰਹਿੰਦੇ ਹਨ।
ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪਬਲਿਕ ਡੀਲਿੰਗ ਵਾਲੇ ਵੱਖ-ਵੱਖ ਵਿਭਾਗਾਂ ਵਿੱਚ ਕੁਅਰੰਟਾਈਨ ਛੁੱਟੀ ਬਾਰੇ ਜਾਰੀ ਹਦਾਇਤਾਂ ਵਿੱਚ ਇੱਕਸਾਰਤਾ ਲਿਆਉਣ ਲਈ ਅਤੇ ਕੋਰੋਨਾ ਲਾਗ ਦੇ ਸਮਾਜਿਕ ਫੈਲਾਅ ਨੂੰ ਦੇਖਦਿਆਂ ਸਾਰੇ ਕਰਮਚਾਰੀਆਂ ਨੂੰ ਕੋਰੋਨਾ ਸੰਕਰਮਿਤ ਆਉਣ ‘ਤੇ 17 ਤੋਂ 30 ਦਿਨ ਤੱਕ ਦੀ ਤਨਖਾਹ ਸਮੇਤ ਸਪੈਸ਼ਲ ਕੁਅਰੰਟਾਈਨ ਛੁੱਟੀ ਦੇਣ, ਸਾਰੇ ਸਕੂਲਾਂ ਵਿੱਚ ਬਿਨਾਂ ਸ਼ਰਤ ਰੋਜ਼ਾਨਾ 50 ਪ੍ਰਤੀਸ਼ਤ ਹਾਜ਼ਰੀ ਦਾ ਫ਼ੈਸਲਾ ਲਾਗੂ ਕਰਨ, ਸਕੂਲ ਸਮੇਂ ਵਿੱਚ ਤਰਕ ਸੰਗਤ ਕਟੌਤੀ ਕਰਨ, ਕਰੋਨਾ ਲਾਗ ਨਾਲ ਜਾਨ ਗੁਆਉਣ ਵਾਲੇ ਸਾਰੇ ਅਧਿਆਪਕਾਂ ਲਈ 50 ਲੱਖ ਰੁਪਏ ਦੀ ਬੀਮਾ ਰਾਸ਼ੀ ਜਾਰੀ ਕਰਨ ਅਤੇ ਗਰਭਵਤੀ ਅਧਿਆਪਕਾਵਾਂ ਤੇ ਕੈਂਸਰ ਆਦਿ ਕਰੋਨਿਕ ਬਿਮਾਰੀਆਂ ਤੋਂ ਪੀੜਤਾਂ ਨੂੰ ‘ਘਰ ਤੋਂ ਕੰਮ’ ਤਹਿਤ ਸਕੂਲ ਆਉਣ ਤੋਂ ਪੂਰਨ ਛੋਟ ਦੇਣ ਦੀ ਮੰਗ ਕੀਤੀ ਹੈ।