Punjab
ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਲਈ ਮਹੀਨਾਵਾਰ ਸਹਿਵਿੱਦਿਅਕ ਗਤੀਵਿਧੀਆਂ ਦਾ ਕੈਲੰਡਰ ਜਾਰੀ
ਪ੍ਰੀ-ਪ੍ਰਾਇਮਰੀ ਜਮਾਤ ਤੋਂ ਦੂਜੀ ਜਮਾਤ ਦੇ ਵਿਦਿਆਰਥੀਆਂ ਦੀ ਹੋਵੇਗੀ ਸ਼ਮੂਲੀਅਤ:ਦਲਜੀਤ ਕੌਰ ਭਵਾਨੀਗੜ੍ਹ
ਮੋਹਾਲੀ, 6 ਅਗਸਤ, 2021: ਪੰਜਾਬ ਸਕੁਲ ਸਿੱਖਿਆ ਵਿਭਾਗ ਨੇ ਐੱਸ.ਸੀ.ਈ.ਆਰ.ਟੀ. ਦੀ ਦੇਖ-ਰੇਖ ਹੇਠ ਪ੍ਰੀ-ਪ੍ਰਾਇਮਰੀ ਜਮਾਤਾਂ ਤੋਂ ਦੂਜੀ ਜਮਾਤ ਤੱਕ ਦੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਸੈਸ਼ਨ 2021-22 ਦੌਰਾਨ ਵੱਖ-ਵੱਖ ਸਹਿ ਵਿੱਦਿਅਕ ਗਤੀਵਿਧੀਆਂ ਕਰਵਾਉਣ ਲਈ ਕੈਲੰਡਰ ਜਾਰੀ ਕਰ ਦਿੱਤਾ ਹੈ।
ਇਸ ਦੀ ਜਾਣਕਾਰੀ ਦਿੰਦੇ ਹੋਏ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸਕੱਤਰ ਸਕੂਲ ਸਿੱਖਿਆ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਵਿਭਾਗ ਵੱਲੋਂ ਸਹਿ ਵਿੱਦਿਅਕ ਗਤੀਵਿਧੀਆਂ ਕਰਵਾਉਣ ਦਾ ਮੁੱਖ ਮੰਤਵ ਜਿੱਥੇ ਵਿਦਿਆਰਥੀਆਂ ਦੀ ਸ਼ਖਸੀਅਤ ਵਿੱਚ ਰਚਨਾਤਮਕਤਾ ਪ੍ਰਤੀਭਾ ਦਾ ਵਿਕਾਸ ਕਰਨਾ ਹੈ ਉੱਥੇ ਸਮਾਜ ਨੂੰ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਸ਼ਖਸੀਅਤ ਦੇ ਉਸਾਰੂ ਗੁਣਾਂ ਬਾਰੇ ਜਾਣੂ ਕਰਵਾਉਣਾ ਵੀ ਹੈ। ਵਿਭਾਗ ਵੱਲੋਂ ਜਾਰੀ ਦਿਸ਼ਾ -ਨਿਰਦੇਸ਼ਾਂ ਤਹਿਤ ਸਮੂਹ ਸਕੂਲ ਮੁਖੀਆਂ ਵੱਲੋਂ ਇਹਨਾਂ ਗਤੀਵਿਧੀਆਂ ਦੌਰਾਨ ਸਮਾਜ ਦੇ ਪਤਵੰਤੇ ਸੱਜਣਾਂ ਨੂੰ ਵੀ ਸੱਦਾ ਦਿੱਤਾ ਜਾਵੇਗਾ।
ਸਕੂਲ ਸਿੱਖਿਆ ਵਿਭਾਗ ਵੱਲੋਂ ਜਾਰੀ ਕੈਲੰਡਰ ਅਨੁਸਾਰ ਅਗਸਤ ਮਹੀਨੇ ਦੌਰਾਨ 13 ਅਗਸਤ ਨੂੰ ਟਰਾਈ ਕਲਰ ਨਾਲ ਫੁੱਲ ਬਣਾਉਣਾ, 21 ਅਗਸਤ ਨੂੰ ਰੱਖੜੀ ਬਣਾਉਣਾ, ਸਤੰਬਰ ਮਹੀਨੇ ਦੌਰਾਨ 4 ਸਤੰਬਰ ਨੂੰ ਅਧਿਆਪਕ ਲਈ ਕਾਰਡ / ਬ੍ਰੈਸਲੇਟ ਬਣਾਉਣਾ, ਅਕਤੂਬਰ ਮਹੀਨੇ ਦੌਰਾਨ 2 ਅਕਤੂਬਰ ਨੂੰ ਸਵੱਛਤਾ ਦਿਵਸ, 14 ਅਕਤੂਬਰ ਨੂੰ ਮਖੌਟੇ ਬਣਾਉਣਾ, ਨਵੰਬਰ ਮਹੀਨੇ ਦੌਰਾਨ 2 ਨਵੰਬਰ ਨੂੰ ਰੰਗੋਲੀ /ਦੀਵਾ ਬਣਾਉਣਾ , 17 ਨਵੰਬਰ ਨੂੰ ਬਾਲ ਮੇਲਾ , ਦਸੰਬਰ ਮਹੀਨੇ ਦੌਰਾਨ 20 ਦਸੰਬਰ ਨੂੰ ਮੁਕਟ ਬਣਾਉਣਾ , ਜਨਵਰੀ ਮਹੀਨੇ ਦੌਰਾਨ 25 ਜਨਵਰੀ ਨੂੰ ਬਾਲ ਗੀਤ ਮੁਕਾਬਲਾ , ਫਰਵਰੀ ਮਹੀਨੇ ਦੌਰਾਨ 10 ਫਰਵਰੀ ਨੂੰ ਪਤੰਗ ਬਣਾਉਣਾ ਆਦਿ ਗਤੀਵਿਧੀਆਂ ਅਤੇ ਮਾਰਚ ਮਹੀਨੇ ਦੌਰਾਨ 29 ਮਾਰਚ ਨੂੰ ਗ੍ਰੈਜੂਏਸ਼ਨ ਸੈਰੇਮਨੀ ਕਰਵਾਈ ਜਾਵੇਗੀ। ਸਕੂਲ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਇਹਨਾਂ ਗਤੀਵਿਧੀਆਂ ਦੀ ਤਿਆਰੀ ਵੀ ਕਰਵਾਈ ਜਾਵੇਗੀ। ਸਕੂਲ ਵੱਲੋਂ ਵਿਦਿਆਰਥੀਆਂ ਦੀਆਂ ਗਤੀਵਿਧੀਆਂ ਕਰਦਿਆਂ ਦੀਆਂ ਫੋਟੋਆਂ ਲੈ ਕੇ ਡਿਸਪਲੇਅ ਬੋਰਡ ‘ਤੇ ਲਗਾਈਆਂ ਜਾਣਗੀਆਂ ਅਤੇ ਸੋਸ਼ਲ ਮੀਡੀਆ ਰਾਹੀਂ ਮਾਪਿਆਂ ਅਤੇ ਵਿਦਿਆਰਥੀਆਂ ਦੇ ਗਰੁੱਪਾਂ ਵਿੱਚ ਸਾਂਝੀਆਂ ਕੀਤੀਆਂ ਜਾਣਗੀਆਂ।