ਚੋਣ ਕਮਿਸ਼ਨ ਭਾਰਤ ਵਲੋਂ ਡਿਪਟੀ ਸੁਪਰੀਟਡੈਂਟ ਆਫ ਪੁਲਿਸ ਮਲੇਰਕੋਟਲਾ ਪਵਨਜੀਤ ਦਾ ਤਬਾਦਲਾ
– ਚੋਣ ਕਮਿਸ਼ਨ ਭਾਰਤ ਵਲੋਂ ਡਿਪਟੀ ਸੁਪਰੀਟਡੈਂਟ ਆਫ ਪੁਲਿਸ ਮਲੇਰਕੋਟਲਾ ਪਵਨਜੀਤ ਦਾ ਤਬਾਦਲਾ : ਸੀ.ਈ.ਉ. ਡਾ. ਰਾਜੂ
– ਮਨਦੀਪ ਸਿੰਘ ਨੂੰ ਨਵਾਂ ਡੀ.ਐਸ.ਪੀ ਨਿਯੁਕਤ ਕੀਤਾ
ਚੰਡੀਗੜ, 12 ਫਰਵਰੀ:
ਚੋਣ ਕਮਿਸ਼ਨ ਭਾਰਤ ਨੇ ਅੱਜ ਇਕ ਹੁਕਮ ਜਾਰੀ ਕਰਦਿਆਂ ਡਿਪਟੀ ਸੁਪਰੀਟਡੈਂਟ ਆਫ ਪੁਲਿਸ ਮਲੇਰਕੋਟਲਾ ਪਵਨਜੀਤ ਦਾ ਤਬਾਦਲਾ ਕਰ ਦਿੱਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫਸਰ, ਪੰਜਾਬ ਡਾ. ਐਸ.ਕਰੁਣਾ ਰਾਜੂ ਨੇ ਦੱਸਿਆ ਕਿ ਮਨਦੀਪ ਸਿੰਘ (56/ਪੀ.ਆਰ.) ਨੂੰ ਨਵਾਂ ਡੀ.ਐਸ.ਪੀ ਨਿਯੁਕਤ ਕੀਤਾ ਗਿਆ ਹੈ।
ਪੰਜਾਬ ਵਿਧਾਨ ਸਭਾ ਚੋਣਾਂ 2022: ਪੰਜਾਬ ਵਿੱਚ ਆਦਰਸ਼ ਚੋਣ ਜ਼ਾਬਤਾ ਲੱਗਣ ਤੋਂ ਬਾਅਦ 414.35 ਕਰੋੜ ਕੀਮਤ ਦੀਆਂ ਵਸਤਾਂ ਜ਼ਬਤ: ਮੁੱਖ ਚੋਣ ਅਧਿਕਾਰੀ
ਚੰਡੀਗੜ, 12 ਫਰਵਰੀ:
ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ, ਵੱਖ-ਵੱਖ ਇਨਫੋਰਸਮੈਂਟ ਟੀਮਾਂ ਨੇ ਚੋਣ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ 11 ਫਰਵਰੀ, 2022 ਤੱਕ 414.35 ਕਰੋੜ ਰੁਪਏ ਦੀ ਕੀਮਤ ਦਾ ਸਾਮਾਨ ਜ਼ਬਤ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫਸਰ, ਪੰਜਾਬ ਡਾ: ਐਸ ਕਰੁਣਾ ਰਾਜੂ ਨੇ ਅੱਜ ਦੱਸਿਆ ਕਿ ਪੰਜਾਬ ਆਬਕਾਰੀ ਵਿਭਾਗ ਦੀਆਂ ਨਿਗਰਾਨ ਟੀਮਾਂ ਨੇ 28.62 ਕਰੋੜ ਰੁਪਏ ਦੀ 47.13 ਲੱਖ ਲੀਟਰ ਸ਼ਰਾਬ ਜ਼ਬਤ ਕੀਤੀ ਹੈ। ਇਸੇ ਤਰਾਂ, ਇਨਫੋਰਸਮੈਂਟ ਵਿੰਗਾਂ ਨੇ 319.30 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ ਅਤੇ 28.62 ਕਰੋੜ ਰੁਪਏ ਦੀ ਬੇਨਾਮੀ ਨਕਦੀ ਵੀ ਜ਼ਬਤ ਕੀਤੀ ਹੈ।
ਉਨਾਂ ਦੱਸਿਆ ਕਿ ਚੈਕਿੰਗ ਦੌਰਾਨ ਰਾਜ ਆਬਕਾਰੀ ਵਿਭਾਗ ਨੇ ਅੰਮਿ੍ਰਤਸਰ ਵਿਖੇ ਮੈਸਰਜ ਚੋਜਰ ਵਾਈਨ ਦੇ ਸ਼ਰਾਬ ਦੇ ਠੇਕਿਆਂ ਤੋਂ ਫੋਸਟਰ, ਹੈਨੀਕੇਨ, ਮਿਲਰ ਸਮੇਤ ਵੱਖ-ਵੱਖ ਬਰਾਂਡਾਂ ਦੀਆਂ ਪੁੱਗ ਚੁੱਕੀ ਮਿਆਦ ਵਾਲੀ ਬੀਅਰ ਦੀਆਂ 2871 ਪੇਟੀਆਂ ਬਰਾਮਦ ਕੀਤੀਆਂ ਹਨ। ਉਨਾਂ ਦੱਸਿਆ ਕਿ ਵਿਭਾਗ ਵੱਲੋਂ ਪੁੱਗ ਚੁੱਕੀ ਮਿਆਦ ਵਾਲੀ ਬੀਅਰ ਦੇ ਸਟਾਕ ਨੂੰ ਤੁਰੰਤ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ ਅਤੇ ਸ਼ਰਾਬ ਵਿਕਰੇਤਾ ਵਿਰੁੱਧ ਆਬਕਾਰੀ ਨਿਯਮਾਂ ਦੀ ਉਲੰਘਣਾ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਡਾ: ਰਾਜੂ ਨੇ ਦੱਸਿਆ ਕਿ ਆਦਰਸ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਆਬਕਾਰੀ ਵਿਭਾਗ ਨੇ 9 ਫਰਵਰੀ, 2022 ਤੱਕ 1,01,388 ਲੀਟਰ ਸ਼ਰਾਬ, 28,04,889 ਕਿਲੋ ਲਾਹਣ ਸਮੇਤ ਵੱਡੀ ਮਾਤਰਾ ਵਿੱਚ ਜਬਤੀਆਂ ਕੀਤੀਆਂ ਹਨ, ਅਤੇ ਉਲੰਘਣਾ ਕਰਨ ਵਾਲਿਆਂ ਵਿਰੁੱਧ 928 ਐਫ.ਆਈ.ਆਰਜ਼ ਦਰਜ ਕੀਤੀਆਂ ਹਨ।
ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ 1352 ਕਮਜ਼ੋਰ ਖੇਤਰਾਂ ਦੀ ਪਛਾਣ ਕੀਤੀ ਗਈ ਹੈ। ਇਸ ਤੋਂ ਇਲਾਵਾ 4288 ਵਿਅਕਤੀਆਂ ਦੀ ਸ਼ਨਾਖਤ ਗੜਬੜੀ ਕਰਨ ਵਾਲੇ ਸੰਭਾਵੀ ਸਰੋਤਾਂ ਵਜੋਂ ਕੀਤੀ ਗਈ ਹੈ। ਉਨਾਂ ਕਿਹਾ ਕਿ ਇਨਾਂ ਵਿਅਕਤੀਆਂ ਵਿੱਚੋਂ 3701 ਵਿਅਕਤੀਆਂ ਵਿਰੁੱਧ ਪਹਿਲਾਂ ਹੀ ਕਾਰਵਾਈ ਵਿੱਢੀ ਜਾ ਚੁੱਕੀ ਹੈ ਜਦਕਿ ਬਾਕੀਆਂ ਨੂੰ ਵੀ ਕਾਬੂ ਕਰ ਲਿਆ ਜਾਵੇਗਾ। ਉਨਾਂ ਇਹ ਵੀ ਦੱਸਿਆ ਕਿ ਸੁਰੱਖਿਆ ਦੇ ਨਜ਼ਰੀਏ ਤੋਂ 2349 ਵਿਅਕਤੀਆਂ ਨੂੰ ਸੀ.ਆਰ.ਪੀ.ਸੀ. ਐਕਟ ਦੀਆਂ ਰੋਕਥਾਮ ਵਾਲੀਆਂ ਧਾਰਾਵਾਂ ਤਹਿਤ ਗਿ੍ਰਫਤਾਰ ਗਿਆ ਹੈ।
ਉਨਾਂ ਅੱਗੇ ਦੱਸਿਆ ਕਿ ਸਾਰੇ 3121 ਕੇਸਾਂ ਵਿੱਚ ਗੈਰ-ਜਮਾਨਤੀ ਵਾਰੰਟ ਜਾਰੀ ਕੀਤੇ ਜਾ ਚੁੱਕੇ ਹਨ। ਉਨਾਂ ਕਿਹਾ ਕਿ ਸੂਬੇ ਭਰ ਵਿੱਚ 25112 ਨਾਕੇ ਲਗਾਏ ਗਏ ਹਨ।
ਡਾ: ਰਾਜੂ ਨੇ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ’ਤੇ ਅਮਲ ਕਰਦਿਆਂ ਰਾਜ ਵਿੱਚ ਹੁਣ ਤੱਕ ਕੁੱਲ 3,90,170 ਲਾਇਸੈਂਸੀ ਹਥਿਆਰਾਂ ਵਿੱਚੋਂ 3,79,424 ਹਥਿਆਰ ਜਮਾਂ ਕਰਵਾਏ ਜਾ ਚੁੱਕੇ ਹਨ। ਜਦੋਂ ਕਿ ਸੂਬੇ ਵਿੱਚ 122 ਬਿਨਾਂ ਲਾਇਸੈਂਸ ਦੇ ਹਥਿਆਰ ਜ਼ਬਤ ਕੀਤੇ ਗਏ ਹਨ।