Punjab

ਅਧਿਆਪਕਾਂ (ਵੋਕੇਸ਼ਨ ਕਾਡਰ) ਲਈ ਗਰਮੀ ਦੀਆਂ ਛੁੱਟੀਆਂ ਨੂੰ ਆਨਲਾਈਨ ਦੇ ਨਾਂ ਹੇਠ ਖ਼ਤਮ ਕਰਨ ਦਾ ਡੀਟੀਐੱਫ ਵੱਲੋਂ ਵਿਰੋਧ

ਅਧਿਆਪਕਾਂ (ਵੋਕੇਸ਼ਨ ਕਾਡਰ) ਲਈ ਗਰਮੀ ਦੀਆਂ ਛੁੱਟੀਆਂ ਨੂੰ ਆਨਲਾਈਨ ਦੇ ਨਾਂ ਹੇਠ ਖ਼ਤਮ ਕਰਨ ਦਾ ਡੀਟੀਐੱਫ ਵੱਲੋਂ ਵਿਰੋਧ

 

ਛੁੱਟੀਆਂ ਦੌਰਾਨ ਵੀ ਆਨਲਾਈਨ ਮੁਕਾਬਲੇ, ਟ੍ਰੇਨਿੰਗਾਂ, ਜੂਮ ਮੀਟਿੰਗਾਂ, ਅਨਾਜ ਤੇ ਕਿਤਾਬਾਂ ਦੀ ਵੰਡ ‘ਚ ਉਲਝਾਏ ਅਧਿਆਪਕ

 

3 ਜੂਨ ਨੂੰ ਪੰਜਾਬ ਭਰ ‘ਚ ਮੋਟਰਸਾਈਕਲ ਮਾਰਚ ਅਤੇੇ ਸਿੱਖਿਆ ਸਕੱਤਰ, ਸਿੱਖਿਆ ਮੰਤਰੀ ਦੇ ਪੁਤਲੇ ਫੂਕ ਪ੍ਰਦਰਸ਼ਨਾਂ ਦਾ ਹਿੱਸਾ ਬਨਣ ਦਾ ਐਲਾਨ

 

2 ਜੂਨ, ਚੰਡੀਗੜ੍ਹ ( ): ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਕੂਲਾਂ ਵਿੱਚ 24 ਮਈ ਤੋਂ 23 ਜੂਨ ਤੱਕ ਗਰਮੀ ਦੀਆਂ ਛੁੱਟੀਆਂ ਕਰਨ ਦੇ ਬਾਵਜੂਦ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਚੌਵੀ ਘੰਟੇ ਮਾਨਸਿਕ ਦਬਾਅ ਹੇਠ ਰੱਖਣ ਅਤੇ ਅੰਕੜਿਆਂ ਦੀ ਝੂਠੀ ਖੇਡ ਖੇਡਣ ਲਈ ਜਾਣੇ ਜਾਂਦੇ ਸਿੱਖਿਆ ਸਕੱਤਰ ਵੱਲੋਂ ਆਪਹੁਦਰੇ ਢੰਗ ਨਾਲ ਅਧਿਆਪਕਾਂ ਨੂੰ ਵੋਕੇਸ਼ਨ ਸਟਾਫ ਹੋਣ ਦੇ ਬਾਵਜੂਦ ਗਰਮੀ ਦੀਆਂ ਛੁੱਟੀਆਂ ਦੌਰਾਨ ਵੀ ਸਕੂਲਾਂ ਦੇ ਵੱਖ-ਵੱਖ ਕੰਮਾਂ ਵਿੱਚ ਉਲਝਾ ਕੇ ਮਾਨਸਿਕ ਤੌਰ ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਡੈਮੋਕਰੈਟਿਕ ਟੀਚਰਜ਼ ਫਰੰਟ (ਡੀ.ਟੀ.ਐਫ.) ਦੇ ਸੂਬਾ ਪ੍ਰਧਾਨ ਤੇ ਸਾਂਝੇ ਅਧਿਆਪਕ ਮੋਰਚੇ ਦੇ ਸੂਬਾਈ ਕਨਵੀਨਰ ਵਿਕਰਮ ਦੇਵ ਸਿੰਘ, ਡੀ ਟੀ ਐੱਫ ਦੇ ਜਨਰਲ ਸਕੱਤਰ ਮੁਕੇਸ਼ ਕੁਮਾਰ, ਵਿੱਤ ਸਕੱਤਰ ਅਸ਼ਵਨੀ ਅਵਸਥੀ ਅਤੇ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਨੇ ਇਸ ਮਾਮਲੇ ਦਾ ਸਖ਼ਤ ਨੋਟਿਸ ਲੈਂਦਿਆਂ ਸਾਂਝੇ ਅਧਿਆਪਕ ਮੋਰਚੇ ਦੀ ਅਗਵਾਈ ਹੇਠ 3 ਜੂਨ ਨੂੰ ਪੰਜਾਬ ਭਰ ‘ਚ ਜ਼ਿਲ੍ਹਾ ਹੈੱਡਕੁਆਰਟਰਾਂ ‘ਤੇ ਕਾਲੇ ਝੰਡਿਆਂ ਨਾਲ ਮੋਟਰਸਾਈਕਲ/ਸਕੂਟਰ ਮਾਰਚ ਅਤੇ ਸਿੱਖਿਆ ਤੰਤਰ ਨੂੰ ਤਹਿਸ ਨਹਿਸ ਕਰਨ ਲੱਗੇ, ਸਿੱਖਿਆ ਸਕੱਤਰ ਤੇ ਸਿੱਖਿਆ ਮੰਤਰੀ ਦੇ ਪੁਤਲੇ ਫੂਕ ਪ੍ਰਦਰਸ਼ਨਾਂ ਦਾ ਵੱਡੀ ਗਿਣਤੀ ਨਾਲ ਹਿੱਸਾ ਬਨਣ ਦਾ ਐਲਾਨ ਵੀ ਕਰ ਦਿੱਤਾ ਹੈ।

 

ਡੀਟੀਐੱਫ ਦੇ ਮੀਤ ਪ੍ਰਧਾਨ ਗੁਰਮੀਤ ਸਿੰਘ ਸੁਖਪੁਰ, ਰਾਜੀਵ ਬਰਨਾਲਾ, ਗੁਰਪਿਆਰ ਸਿੰਘ ਕੋਟਲੀ, ਜਗਪ‍ਾਲ ਸਿੰਘ ਬੰਗੀ, ਜਸਵਿੰਦਰ ਸਿੰਘ ਔਜਲਾ ਅਤੇ ਦਲਜੀਤ ਸਿੰਘ ਸਫੀਪੁਰ ਨੇ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਨੂੰ ਮਾਨਸਿਕ ਦਬਾਅ ਹੇਠ ਰੱਖਣ, ਵਿਤਕਰੇ ਭਰਪੂਰ ਤੇ ਨਿੱਜੀਕਰਨ ਪੱਖੀ ਆਨਲਾਈਨ ਸਿੱਖਿਆ ਨੂੰ ਜਮਾਤ ਸਿੱਖਿਆ ਦੇ ਬਦਲ ਵਜੋਂ ਥੋਪਣ ਅਤੇ ਝੂਠ ਦੇ ਪੁਲੰਦੇ ਮਿਸ਼ਨ 100 ਪ੍ਰਤੀਸ਼ਤ ਨੂੰ ਸੱਚ ਸਾਬਤ ਕਰਨ ਲਈ, ਗਰਮੀ ਦੀਆਂ ਛੁੱਟੀਆਂ ਦੌਰਾਨ ਹੀ 24 ਤੋਂ 31 ਮਈ ਤਕ ਪ੍ਰਾਇਮਰੀ ‘ਚ ਮਾਪੇ-ਅਧਿਆਪਕ ਰਾਬਤਾ ਮੁਹਿੰਮ (ਫੋਨ ਕਾਲ ਰਾਹੀਂ), ਮਾਸਟਰ ਕਾਡਰ ਤੋਂ ਪਦ ਉਨਤ ਹੋਏ ਲੈਕਚਰਾਰਾਂ ਦੀ 2 ਤੋਂ 5 ਜੂਨ ਦਰਮਿਆਨ ਆਨਲਾਈਨ ਟ੍ਰੇਨਿੰਗ, 3 ਤੋਂ 11 ਜੂਨ ਦਰਮਿਆਨ ਪ੍ਰਾਇਮਰੀ ਅਧਿਆਪਕਾਂ ਦੀ ਖੇਡਾਂ ਨਾਲ ਸਬੰਧਤ ਆਨਲਾਈਨ ਟ੍ਰੇਨਿੰਗ, ਮਿਡ ਡੇ ਮੀਲ ਅਨਾਜ ਦੀ ਵੰਡ ਅਤੇ ਵਿਭਾਗੀ ਨਲਾਇਕੀ ਕਾਰਨ ਦੇਰੀ ਨਾਲ ਪਹੁੰਚੀਆਂ ਕਿਤਾਬਾਂ ਦੀ ਵੰਡ, ਦਾਖਲਾ ਮੁਹਿੰਮ, ਵਿਦਿਆਰਥੀਆਂ ਦੇ ਕਈ ਤਰ੍ਹਾਂ ਦੇ ਆਨਲਾਈਨ ਮੁਕਾਬਲੇ, ਸਮਰ ਕੈਂਪ, ਨੈਸ਼ਨਲ ਟੇਲੈਂਟ ਸਰਚ ਐਗਜ਼ਾਮੀਨੇਸ਼ਨ ਅਤੇ ਨੈਸ਼ਨਲ ਮੀਨਜ਼ ਕਮ ਮੈਰਿਟ ਸਕਾਲਰਸ਼ਿਪ ਦੀ ਆਨਲਾਈਨ ਤਿਆਰੀ, ਛੁੱਟੀਆਂ ਦੌਰਾਨ ਹੀ ਗੂਗਲ ਸੀਟਾਂ ਭਰਵਾਉਂਦਿਆਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਇਕ ਨਿੱਜੀ ‘ਖਾਨ ਅਕੈਡਮੀ’ ਦੇ ਹਵਾਲੇ ਕਰਵਾਉਣ ਛੁੱਟੀਆਂ ਦੌਰਾਨ ਹੀ ਆਨਲਾਈਨ ਜੂਮ ਕਲਾਸਾਂ ਅਤੇ ਹਜ਼ਾਰਾਂ ਅਧਿਆਪਕਾਂ ਨੂੰ ਕੋਵਿਡ ਡਿਊਟੀਆਂ ਦੇ ਨਾਂ ਹੇਠ ਹਸਪਤਾਲਾਂ, ਸੜਕ ਨਾਕਿਆਂ ਅਤੇ ਪ੍ਰਸ਼ਾਸਨਿਕ ਦਫ਼ਤਰਾਂ ਵਿੱਚ ਡਿਊਟੀਆਂ ਦੀ ਟੰਗ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਅਧਿਆਪਕਾਂ ਤੋਂ ਕਰਵਾਏ ਜਾ ਰਹੇ ਕੰਮਾਂ ਬਦਲੇ ਕਿਸੇ ਪ੍ਰਕਾਰ ਦੀ ਕਮਾਈ ਛੁੱਟੀ ਵੀ ਮੁਹੱਈਆ ਨਹੀਂ ਕੀਤੀ ਜਾ ਰਹੀ ਹੈ।

 

ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾਈ ਆਗੂਆਂ ਹਰਜਿੰਦਰ ਵਡਾਲਾ ਬਾਂਗਰ, ਹਰਦੀਪ ਸਿੰਘ ਟੋਡਰਪੁਰ ਅਤੇ ਡੈਮੋਕਰੇਟਿਕ ਮੁਲਾਜ਼ਮ ਫੈੱਡਰੇਸ਼ਨ ਦੇ ਸੂਬਾ ਜਨਰਲ ਸਕੱਤਰ ਜਰਮਨਜੀਤ ਸਿੰਘ ਛੱਜਲਵੱਡੀ ਨੇ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਦੇ ਅਜਿਹੇ ਮਾਰੂ ਫੈਸਲਿਆਂ ਦਾ ਡਟਵਾਂ ਵਿਰੋਧ ਕਰਨ ਲਈ ਅਧਿਆਪਕਾਂ ਨੂੰ ਪੰਜਾਬ ਦੀ ਜੁਝਾਰੂ ਵਿਰਾਸਤ ਤੋਂ ਪ੍ਰੇਰਨਾ ਲੈਂਦਿਆਂ ਸੰਘਰਸ਼ਾਂ ਦਾ ਭਰਵਾਂ ਹਿੱਸਾ ਬਣਨ ਦਾ ਜਨਤਕ ਸੱਦਾ ਵੀ ਦਿੱਤਾ ਹੈ।

 

 

Related Articles

Leave a Reply

Your email address will not be published. Required fields are marked *

Back to top button
error: Sorry Content is protected !!