January 21, 2022

ਡਰੱਗ ਕੇਸ- ਬਾਦਲਾਂ ਅਤੇ ਚੰਨੀ ਦੀ ਮਿਲੀਭੁਗਤ ਦਾ ਨਤੀਜਾ ਹੈ ਮਜੀਠੀਆ ਨੂੰ ਜ਼ਮਾਨਤ ਮਿਲਣਾ: ਭਗਵੰਤ ਮਾਨ

ਡਰੱਗ ਕੇਸ- ਬਾਦਲਾਂ ਅਤੇ ਚੰਨੀ ਦੀ ਮਿਲੀਭੁਗਤ ਦਾ ਨਤੀਜਾ ਹੈ ਮਜੀਠੀਆ ਨੂੰ ਜ਼ਮਾਨਤ ਮਿਲਣਾ: ਭਗਵੰਤ ਮਾਨ

ਕਿਹਾ, ਚੰਨੀ ਸਰਕਾਰ ਨੇ ਚੋਣ ਸਟੰਟ ਕਰਦੇ ਹੋਏ ਜਾਣਬੁੱਝ ਕੇ ਕਮਜ਼ੋਰ ਐਫ.ਆਈ.ਆਰ ਕੀਤੀ ਸੀ ਤਾਂ ਜੋ ਜ਼ਮਾਨਤ ਮਿਲ ਜਾਵੇ
– ਐਫ਼.ਆਈ.ਆਰ ਦਰਜ ਹੋਈ ਨੂੰ 20- 22 ਦਿਨ ਹੋਣ ਦੇ ਬਾਵਜੂਦ ਬਿਕਰਮ ਮਜੀਠੀਆ ਨੂੰ ਜਾਣਬੁੱਝ ਕੇ ਨਹੀਂ ਕੀਤਾ ਗ੍ਰਿਫ਼ਤਾਰ
ਚੰਡੀਗੜ੍ਹ, 10 ਜਨਵਰੀ 2022
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ  ਭਗਵੰਤ ਮਾਨ ਨੇ ਕਿਹਾ ਕਿ ਨਸ਼ਾ ਤਸਕਰੀ ਮਾਮਲੇ ਵਿੱਚ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਮਿਲੀ ਜ਼ਮਾਨਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਬਾਦਲਾਂ ਦੀ ਮਿਲੀਭੁਗਤ ਦਾ ਨਤੀਜਾ ਹੈ, ਕਿਉਂਕਿ ਆਮ ਆਦਮੀ ਪਾਰਟੀ ਮੁੱਢ ਤੋਂ ਹੀ ਕਾਂਗਰਸ ਸਰਕਾਰ ’ਤੇ ਬਿਕਰਮ ਸਿੰਘ ਮਜੀਠੀਆ ਨੂੰ ਨਸ਼ਾ ਤਸਕਰੀ ਮਾਮਲੇ ਵਿੱਚ ਬਚਾਉਣ ਦੇ ਦੋਸ਼ ਲਾਉਂਦੀ ਆ ਰਹੀ ਹੈ। ਮਾਨ ਨੇ ਕਿਹਾ ਕਿ ਮਾਣਯੋਗ ਹਾਈਕੋਰਟ ਦੇ ਆਦੇਸ਼ਾਂ ’ਤੇ ਉਚ ਪੱਧਰੀ ਕਮੇਟੀ ਵੱਲੋਂ ਨਸ਼ਾ ਤਸਕਰੀ ਮਾਮਲੇ ਦੀ ਜਾਂਚ ਕੀਤੀ ਗਈ ਸੀ ਅਤੇ ਇਸ ਜਾਂਚ ਰਿਪੋਰਟ ਵਿੱਚ ਅਕਾਲੀ ਆਗੂ ਦਾ ਨਾਂਅ ਬੋਲਦਾ ਸੀ, ਪਰ ਨਾ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਜੀਠੀਆ ਖ਼ਿਲਾਫ਼ ਕੋਈ ਕਾਰਵਾਈ ਕੀਤੀ ਅਤੇ ਨਾ ਹੀ ਮੌਜ਼ੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੋਈ ਠੋਸ ਕਾਰਵਾਈ ਕੀਤੀ ਹੈ।
ਸੋਮਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੀਆਂ ਸੜਕਾਂ ਤੋਂ ਲੈ ਕੇ ਵਿਧਾਨ ਸਭਾ ਵਿੱਚ ਵੀ ਨਸ਼ਾ ਤਸਕਰਾਂ ਖਿਲਾਫ਼ ਮਿਸਾਲੀ ਕਾਰਵਾਈ ਕਰਨ ਦੇ ਨਾਲ- ਨਾਲ ਲਿਫ਼ਾਫੇ ’ਚ ਬੰਦ ਪਈ ਨਸ਼ਾ ਤਸਕਰੀ ਜਾਂਚ ਰਿਪੋਰਟ ਨੂੰ ਖੋਲ੍ਹਣ ਦੀ ਮੰਗ ਵੀ ਕੀਤੀ ਜਾਂਦੀ ਰਹੀ ਹੈ ਤਾਂ ਜੋ ਨਸ਼ੇ ਦਾ ਵੱਡੇ ਤਸਕਰ ਅਕਾਲੀ ਅਤੇ ਕਾਂਗਰਸੀ ਆਗੂਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਚੋਣਾ ਨੇੜੇ ਆਉਂਦੀਆਂ ਦੇਖ ਭਾਂਵੇਂ ਚੰਨੀ ਸਰਕਾਰ ਨੇ ਚੋਣ ਸਟੰਟ ਕਰਦੇ ਹੋਏ ਜਾਣਬੁੱਝ ਕੇ ਅਕਾਲੀ ਆਗੂ ਬਿਕਰਮ ਮਜੀਠੀਆ ਖ਼ਿਲਾਫ਼ ਕਮਜ਼ੋਰ ਐਫ.ਆਈ.ਆਰ ਕੀਤੀ ਸੀ ਤਾਂ ਜੋ ਜ਼ਮਾਨਤ ਮਿਲ ਜਾਵੇ। ਇਸ ਲਈ ਅਦਾਲਤ ਵੱਲੋਂ ਮਜੀਠੀਆ ਨੂੰ ਜ਼ਮਾਨਤ ਮਿਲਣ ਤੋਂ ਸਾਫ਼ ਹੋ ਗਿਆ ਹੈ ਕਿ ਪੰਜਾਬ ਦੀ ਜਵਾਨੀ ਨੂੰ ਨਸ਼ੇ ਵਿੱਚ ਡੋਬਣ ਲਈ ਅਕਾਲੀ ਅਤੇ ਕਾਂਗਰਸੀ ਆਪਸ ਵਿੱਚ ਮਿਲੇ ਹੋਏ ਹਨ। ਮਾਨ ਨੇ ਕਿਹਾ ਕਿ ਮਜੀਠੀਆ ਖ਼ਿਲਾਫ਼ ਐਫ਼.ਆਈ.ਆਰ. ਦਰਜ ਕਰਕੇ ਕਾਂਗਰਸ ਪਾਰਟੀ ਅਤੇ ਚੰਨੀ ਸਰਕਾਰ ਇਸ ਨੂੰ ਏਦਾਂ ਪੇਸ਼ ਕਰ ਰਹੇ ਸਨ, ਜਿਵੇਂ ਸੂਬੇ ਵਿੱਚੋਂ ਸਾਰੇ ਡਰੱਗ ਮਾਫੀਆ ਨੂੰ ਜੜੋਂ ਪੁੱਟ ਦਿੱਤਾ ਗਿਆ ਹੋਵੇ ਅਤੇ ਨਸ਼ੇ ਦੇ ਸਾਰੇ ਵੱਡੇ- ਛੋਟੇ ਤਸਕਰਾਂ ਨੂੰ ਜੇਲ੍ਹਾਂ ਵਿੱਚ ਸੁੱਟ ਦਿੱਤਾ ਗਿਆ ਹੋਵੇ, ਪਰ ਹੁਣ ਸਿੱਧ ਹੋ ਗਿਆ ਹੈ ਕਿ ਨਾ ਤਾਂ ਡਰੱਗ ਦਾ ਕਾਲ਼ਾ ਕਾਰੋਬਾਰ ਘਟਿਆ ਜਾਂ ਰੁਕਿਆ ਹੈ ਅਤੇ ਨਾ ਹੀ ਕਿਸੇ  ਵੱਡੀ ਮੱਛੀ ਨੂੰ ਹੱਥ ਪਾਇਆ ਗਿਆ ਹੈ।
ਭਗਵੰਤ ਮਾਨ ਨੇ ਦੋਸ਼ ਲਾਇਆ ਕਿ ਕਾਂਗਰਸ ਸਰਕਾਰ ਨੇ ਐਫ਼.ਆਈ.ਆਰ ਦਰਜ ਹੋਣ ਦੇ 20- 22 ਦਿਨ ਬੀਤਣ ਦੇ ਬਾਵਜੂਦ ਬਿਕਰਮ ਸਿੰਘ ਮਜੀਠੀਆ ਨੂੰ ਜਾਣਬੁੱਝ ਕੇ ਗ੍ਰਿਫ਼ਤਾਰ ਨਹੀਂ ਕੀਤਾ, ਜਦੋਂ ਕਿ ਕਾਫ਼ੀ ਦਿਨ ਪਹਿਲਾਂ ਜ਼ਿਲ੍ਹਾ ਅਦਾਲਤ ਮੋਹਾਲੀ ਵੱਲੋਂ ਮਜੀਠੀਆ ਦੀ ਜ਼ਮਾਨਤ ਅਰਜੀ ਖ਼ਾਰਜ ਕਰ ਦਿੱਤੀ ਗਈ ਸੀ। ਉੁਨ੍ਹਾਂ ਦਾਅਵਾ ਕੀਤਾ ਕਿ ਬਿਕਰਮ ਮਜੀਠੀਆ ਖ਼ਿਲਾਫ਼ ਐਫ਼.ਆਈ.ਆਰ ਕਾਂਗਰਸ ਪਾਰਟੀ ਵੱਲੋਂ ਬਾਦਲ- ਮਜੀਠੀਆ ਪਰਿਵਾਰ ਨਾਲ ਹੋਈ ‘ਡੀਲ’ ਦਾ ਹਿੱਸਾ ਹੈ। ਇਸੇ ਕਰਕੇ ਪੰਜਾਬ ਪੁਲੀਸ ਨੇ ਬਿਕਰਮ ਮਜੀਠੀਆ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਕਿਉਂਕਿ ਨਾ ਤਾਂ ਮਜੀਠੀਆ ਪਤਾਲ ਵਿੱਚ ਜਾ ਕੇ ਲੁਕਿਆ ਸੀ ਅਤੇ ਨਾ ਹੀ ਪੰਜਾਬ ’ਚੋਂ ਦੂਰ ਚਲਾ ਗਿਆ ਸੀ, ਸਹੀ ਗੱਲ ਇਹ ਹੈ ਕਿ ਚੰਨੀ ਸਰਕਾਰ ਮਜੀਠੀਆ ਨੂੰ ਗ੍ਰਿਫ਼ਤਾਰ ਕਰਨਾ ਹੀ ਨਹੀਂ ਚਾਹੁੰਦੀ ਸੀ ਅਤੇ 2022 ਦੀਆਂ ਚੋਣਾ ਲਈ ਚੋਣ ਜਾਬਤਾ ਲੱਗਣ ਦਾ ਇੰਤਜ਼ਾਰ ਕਰ ਰਹੀ ਸੀ।
ਮਾਨ ਨੇ ਕਿਹਾ ਕਿ ਸ੍ਰੀ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਪੰਜਾਬ ’ਚੋਂ ਚਾਰ ਹਫ਼ਤਿਆਂ ’ਚ ਨਸ਼ਾ ਖ਼ਤਮ ਕਰਨ ਦੇ ਵਾਅਦੇ ਤੋਂ ਭੱਜੇ ਕਾਂਗਰਸੀ ਆਪਣੀ ਜਵਾਬਦੇਹੀ ਤੋਂ ਨਹੀਂ ਬਚ ਸਕਦੇ। ਜਨਤਾ ਦੀ ਕਚਿਹਰੀ ਵਿੱਚ ਸਾਰੇ ਕਾਂਗਰਸੀਆਂ ਨੂੰ ਸ੍ਰੀ ਗੁਟਕਾ ਸਾਹਿਬ ਜੀ ਦੀ ਬੇਅਦਬੀ ਦਾ ਉਸੇ ਤਰ੍ਹਾਂ ਹਿਸਾਬ ਦੇਣਾ ਪਵੇਗਾ, ਜਿਵੇਂ ਬਾਦਲ ਐਂਡ ਪਾਰਟੀ ਨੂੰ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀਕਾਂਡ ਸਮੇਤ 10 ਸਾਲਾਂ ਮਾਫੀਆ ਰਾਜ ਬਾਰੇ ਪੁੱਛਿਆ ਜਾ ਰਿਹਾ ਹੈ।