ਬੇਰੁਜ਼ਗਾਰ ਅਧਿਆਪਕਾਂ ਦੇ ਧਰਨੇ ਦੀ ਹਮਾਇਤ ਵਿਚ ਨੁਕੜ ਨਾਟਕ
ਅਵਾਮੀ ਸੰਘਰਸ਼ ਸਾਨੂੰ ਜਾਤ–ਪਾਤ ਤੇ ਧਰਮਾਂ ਦੇ ਵਖਰੇਵਿਆਂ ਤੋਂ ਮੁਕਤ ਕਰ ਕਰਕੇ ਇਕ ਸੂਤਰ ਵਿਚ ਪ੍ਰੋਣ ਦਾ ਕੰਮ ਵੀ ਕਰਦੇ ਹਨ–ਸੰਜੀਵਨ ਲੰਮੇ ਸਮੇਂ ਤੋਂ ਰਿਵਾਇਜ਼ਡ ਪੀ.ਐਸ.ਟੀ.ਈ.ਟੀ 2011 ਮੈਰਿਟ ਹੋਲਡਰ ਬੇਰੁਜ਼ਗਾਰ ਅਧਿਆਪਕ ਯੂਨੀਅਨ ਵੱਲੋਂ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਦੇ ਹੱਕ ਵਿਚ ਪੰਜਾਬ ਸਕੂਲ ਐਜੂਕੇਸ਼ਨ ਬੋਰਡ, ਮੁਹਾਲੀ ਵਿਖੇ ਲਾਏ ਧਰਨੇ ਵਿਚ ਇਪਟਾ ਦੇ ਕਾਰਕੁਨ ਨੇ ਮੁਲਾਜ਼ਮ ਆਗੂ ਇੰਦਰਪਾਲ ਕੌਰ ਦਾ ਲਿਖਿਆ ਤੇ ਰਣਜੀਤ ਕੁਮਾਰ ਬਾਂਸਲ ਵੱਲੋਂ ਨਿਰਦੇਸ਼ਿਤ ਸੰਘਰਸ਼ੀ ਬੇਰੁਜ਼ਗਾਰ ਅਧਿਆਪਕਾਂ ਦੇ ਮਸਲਿਆ ਦਾ ਜ਼ਿਕਰ ਕਰਦਾ ਨੁਕੜ ਨਾਟਕ ‘ਨਿਆਂ ਕਦੋਂ ਮਿਲੇਗਾ…?’ ਦਾ ਇਪਟਾ ਨਾਲ ਸਬੰਧਤ ਨਾਟ ਟੋਲੀ ਅਜ਼ਾਦ ਰੰਗਮੰਚ ਕਲਾ ਭਵਨ ਫਗਵਾੜਾ ਵੱਲੋਂ ਲਗਾਤਾਰ ਦੋ ਦਿਨ ਪੇਸ਼ ਕੀਤਾ।ਨਾਟਕ ਵਿਚ ਬੀਬਾ ਕੁਲਵੰਤ, ਰਾਜਵਿੰਦਰ ਕੌਰ, ਅਵਤਾਰ ਚੰਦ, ਵਿਵੇਕ ਸਹਾਰ ਤੇ ਪਵਨ ਮਾਸਨੀ ਦੀ ਪੁੱਖ਼ਤਾ ਅਦਾਕਾਰੀ ਨੇ ਸੰਘਰਸ਼ ਨੂੰ ਹੋਰ ਵੀ ਉਰਜਿਤ ਕੀਤਾ।
ਇਪਟਾ ਦੇ ਸੂਬਾ ਪ੍ਰਧਾਨ ਸੰਜੀਵਨ ਸਿੰਘ ਨੇ ਬੇਰੁਜ਼ਗਾਰ ਅਧਿਆਪਕਾਂ ਦੇ ਧਰਨੇ ਦੀ ਹਮਾਇਤ ਕਰਦੇ ਕਿਹਾ ਕਿ ਇਪਟਾ ਹਰ ਸਮਾਜਿਕ ਸੰਘਰਸ਼ ਵਿਚ ਆਪਣੀ ਸ਼ਮੂਲੀਅਤ ਕਰਦੀ ਹੈ। ਚਾਹੇ ਉਹ ਕਿਸਾਨ ਅੰਦੋਲਨ ਹੋਵੇ, ਸਭਿਆਚਰਕ ਪ੍ਰਦੂਸ਼ਨ ਦਾ ਮਸਲਾ ਹੋਵੇ ਜਾ ਕੋਈ ਹੋਰ।ਉਨਾਂ ਕਿਹਾ ਕਿ ਅਵਾਮੀ ਸੰਘਰਸ਼ ਸਾਨੂੰ ਜਾਤ ਪਾਤ ਤੇ ਧਰਮਾਂ ਦੇ ਵਖਰੇਵਿਆਂ ਤੋਂ ਮੁਕਤ ਕਰ ਕਰਕੇ ਇਕ ਸੂਤਰ ਵਿਚ ਪ੍ਰੋਣ ਦਾ ਕੰਮ ਵੀ ਕਰਦੇ ਹਨ।ਇਸ ਮੌਕੇ ਨਾਟਕਰਮੀ ਰੰਜੀਵਨ ਸਿੰਘ ਤੇ ਇੰਦਰ ਪਾਲ ਨੇ ਵੀ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ।