ਧਰਮਸੌਤ ਵੱਲੋਂ ਬੀਕੇਯੂ ਏਕਤਾ ਉਗਰਾਹਾਂ ਦੇ ਨੇਤਾਵਾਂ ਨਾਲ ਮੀਟਿੰਗ
-ਕੋਰੋਨਾ ਦੇ ਪ੍ਰਕੋਪ ਨੂੰ ਦੇਖਦੇ ਹੋਏ ਨੂੰ ਧਰਨੇ ਰੱਦ ਕਰਨ ਦੀ ਕੀਤੀ ਅਪੀਲ
ਚੰਡੀਗੜ੍ਹ, 27 ਮਈ () – ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨ ਕਾਲੇ ਕਨੂੰਨਾਂ ਦੇ ਵਿਰੋਧ ਵਿਚ ਚੱਲ ਰਹੇ ਕਿਸਾਨੀ ਸੰਘਰਸ਼ ਦੇ ਚਲਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਸੂਬੇ ’ਚ 28 ਮਈ ਤੋਂ 30 ਤੱਕ ਦਿੱਤੇ ਜਾਣ ਵਾਲੇ ਧਰਨਿਆਂ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ’ਤੇ ਅੱਜ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਵੱਲੋਂ ਬੀਕੇਯੂ ਏਕਤਾ ਉਗਰਾਹਾਂ ਦੇ ਆਗੂਆਂ ਨਾਲ ਮੀਟਿੰਗ ਕੀਤੀ ਗਈ। ਜਿਸ ਵਿਚ ਪੰਜਾਬ ਸਰਕਾਰ ਦੇ ਵੱਡੇ ਅਧਿਕਾਰੀ ਵੀ ਮੌਜੂਦ ਸਨ।
ਮੀਟਿੰਗ ’ਚ ਮੌਜੂਦ ਬੀਕੇਯੂ ਏਕਤਾ ਉਗਰਾਹਾਂ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੂੰ ਕੈਬਨਿਟ ਮੰਤਰੀ ਧਰਮਸੌਤ ਨੇ ਅਪੀਲ ਕੀਤੀ ਕਿ ਸੂਬੇ ਭਰ ਵਿਚ ਵੱਧ ਰਹੇ ਕੋਰੋਨਾ ਦੇ ਪ੍ਰਕੋਪ ਅਤੇ ਕੋਰੋਨਾ ਦੀ ਤੀਜੀ ਵੇਵ ਨੂੰ ਦੇਖਦੇ ਹੋਏ 28 ਮਈ ਦੇ ਕਿਸਾਨੀ ਧਰਨਿਆਂ ਨੂੰ ਰੱਦ ਕੀਤਾ ਜਾਵੇ। ਧਰਮਸੌਤ ਨੇ ਬੀਕੇਯੂ ਨੇਤਾਵਾਂ ਨੂੰ ਕਿਹਾ ਕਿ ਕੋਰੋਨਾ ਦੇ ਪ੍ਰਕੋਪ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਪੰਜਾਬ ਸਰਕਾਰ ਦੀ ਬੇਨਤੀ ਸਵੀਕਾਰ ਕਰ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਹਰ ਤਰ੍ਹਾਂ ਨਾਲ ਸੂਬੇ ਦੇ ਕਿਸਾਨਾਂ ਦੇ ਨਾਲ ਡੱਟ ਕੇ ਖੜ੍ਹੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖੁੱਦ ਵੀ ਕਿਸਾਨੀ ਸੰਘਰਸ਼ ਦੀ ਹਰ ਸੰਭਵ ਹਿਮਾਇਤ ਕਰ ਰਹੇ ਹਨ। ਕਿਸਾਨੀ ਸੰਘਰਸ਼ ਦੇ ਚਲਦਿਆਂ ਉਨ੍ਹਾਂ ਵੱਲੋਂ ਕਿਸਾਨਾਂ ਨੂੰ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾ ਰਹੀ। ਜਿਸ ’ਤੇ ਬੀਕੇਯੂ ਨੇਤਾਵਾਂ ਨੇ ਸਰਕਾਰ ਦੀ ਗੱਲ ਨੂੰ ਮੰਨਦਿਆਂ ਧਰਨਿਆਂ ਨੂੰ ਇਕੱਠ ਪੱਖੋਂ ਬਹੁਤ ਹੀ ਸੀਮਤ ਕਰਨ ਅਤੇ ਕੋਰੋਨਾ ਗਾਈਡਲਾਈਨਜ਼ ਦੀਆਂ ਹਦਾਇਤਾਂ ਦੀ ਪੂਰੀ ਤਰ੍ਹਾਂ ਨਾਲ ਪਾਲਣਾ ਕਰਨ ਦਾ ਭਰੋਸਾ ਦਿੱਤਾ। ਕਿਸਾਨ ਨੇਤਾਵਾਂ ਨੇ ਕਿਹਾ ਕਿ ਜੇਕਰ ਉਹ ਧਰਨਾ ਨਹੀਂ ਲਗਾਉਂਦੇ ਤਾਂ ਉਨ੍ਹਾਂ ਵੱਲੋਂ ਵਿੱਢਿਆ ਸੰਘਰਸ਼ ਕਮਜੋਰ ਪੈ ਜਾਵੇਗਾ। ਨੇਤਾਵਾਂ ਨੇ ਇਹ ਵੀ ਕਿਹਾ ਕਿ ਉਹ ਵੀ ਪੰਜਾਬ ਸਰਕਾਰ ਨੂੰ ਹਰ ਪੱਖੋਂ ਸਹਿਯੋਗ ਦੇਣਗੇ। ਇਸ ਮੌਕੇ ਕਿਸਾਨ ਆਗੂਆਂ ਵੱਲੋਂ ਕੈਬਨਿਟ ਮੰਤਰੀ ਧਰਮਸੌਤ ਨੂੰ ਮੁੱਖ ਮੰਤਰੀ ਦੇ ਨਾਂ ਕੋਰੋਨਾ ਨਾਲ ਅਸਰਦਾਰ ਟਾਕਰੇ ਸੰਬੰਧੀ ਸੁਝਾਵਾਂ ਬਾਰੇ ਇੱਕ ਮੰਗ ਪੱਤਰ ਵੀ ਸੌਂਪਿਆ।