ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਵੱਲੋਂ ਛੁੱਟੀਆਂ ਦੌਰਾਨ ਅਧਿਆਪਕਾਂ ਤੋਂ ਕੰਮ ਲੈਣ ਦੀ ਨੀਤੀ ਰੱਦ ਕਰਨ ਦੀ ਮੰਗ
ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਵੱਲੋਂ ਛੁੱਟੀਆਂ ਦੌਰਾਨ ਅਧਿਆਪਕਾਂ ਤੋਂ ਕੰਮ ਲੈਣ ਦੀ ਨੀਤੀ ਰੱਦ ਕਰਨ ਦੀ ਮੰਗ
ਛੁੱਟੀਆਂ ਦੌਰਾਨ ਅਧਿਆਪਕਾਂ ਨੂੰ ਬੱਚਿਆਂ ਦੇ ਵੱਖ-ਵੱਖ ਤਰ੍ਹਾਂ ਦੇ ਮੁਕਾਬਲੇ ਅਤੇ ਹੋਰ ਕੰਮਾਂ ਲਈ ਕੀਤਾ ਜਾ ਰਿਹਾ ਮਜਬੂਰ
ਛੁੱਟੀਆਂ ‘ਚ ਕੰਮ ਬਦਲੇ ਅਧਿਆਪਕਾਂ ਨੂੰ ਨਿਯਮਾਂ ਅਨੁਸਾਰ ਕਮਾਈ ਛੁੱਟੀਆਂ ਦੇਵੇ ਸਿੱਖਿਆ ਵਿਭਾਗ- ਡੀ. ਟੀ. ਐੱਫ.
ਸੰਗਰੂਰ, 28 ਮਈ () ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਕੂਲਾਂ ਵਿੱਚ ਗਰਮੀ ਦੀਆਂ ਛੁੱਟੀਆਂ 24 ਮਈ ਤੋਂ 23 ਜੂਨ ਤੱਕ ਕਰਨ ਦੇ ਬਾਵਜੂਦ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਚੌਵੀ ਘੰਟੇ ਮਾਨਸਿਕ ਦਬਾਅ ਹੇਠ ਰੱਖਣ ਅਤੇ ਅੰਕੜਿਆਂ ਦੀ ਝੂਠੀ ਖੇਡ ਖੇਡਣ ਲਈ ਜਾਣੇ ਜਾਂਦੇ ਸਿੱਖਿਆ ਸਕੱਤਰ ਵੱਲੋਂ ਆਪਹੁਦਰੇ ਢੰਗ ਨਾਲ ਅਧਿਆਪਕਾਂ ਨੂੰ ਵੋਕੇਸ਼ਨ ਸਟਾਫ ਹੋਣ ਦੇ ਬਾਵਜੂਦ ਸਕੂਲਾਂ ਦੇ ਵੱਖ-ਵੱਖ ਕੰਮਾਂ ਵਿੱਚ ਉਲਝਾ ਮਾਨਸਿਕ ਤੌਰ ਤੇ ਪ੍ਰੇਸ਼ਾਨ ਕਰਨ ਦਾ ਸਖ਼ਤ ਨੋਟਿਸ ਲੈਂਦਿਆਂ ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ, ਵਿੱਤ ਸਕੱਤਰ ਅਸ਼ਵਨੀ ਅਵਸਥੀ ਅਤੇ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਨੇ ਕਿਹਾ ਕਿ ਮਨੋਵਿਗਿਆਨਕ ਪੱਖ ਨੂੰ ਧਿਆਨ ਵਿੱਚ ਰੱਖਕੇ ਗਰਮੀਆਂ ਦੀਆਂ ਛੁੱਟੀਆਂ ਬੱਚਿਆਂ ਤੇ ਅਧਿਆਪਕਾਂ ਨੂੰ ਨਵਾਂਪਣ ਦੇਣ ਲਈ ਹੁੰਦੀਆਂ ਹਨ ਪਰ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਆਪਾ ਵਿਰੋਧੀ ਅਤੇ ਮਸ਼ੀਨੀ ਫ਼ੈਸਲਿਆਂ ਵਿਚਕਾਰ ਅਧਿਆਪਕ ਵਰਗ ਖ਼ੁਦ ਨੂੰ ਪਿਸਦਾ ਹੋਇਆ ਮਹਿਸੂਸ ਕਰ ਰਿਹਾ ਹੈ, ਜਿਸ ਨੂੰ ਕਿਸੇ ਵੀ ਹਾਲਤ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਕਿਸੇ ਵੀ ਅਗਾਂਹ ਵਧੂ ਕੌਮ ਦਾ ਸਰਮਾਇਆ ਮੰਨੇ ਜਾਂਦੇ ਅਧਿਆਪਕ ਵਰਗ ਨੂੰ ਮਾਨਸਿਕ ਗੁਲਾਮੀ ਵੱਲ ਧੱਕਣ ਦੀ ਡੀਟੀਐੱਫ ਆਗੂਆਂ ਨੇ ਸਖ਼ਤ ਨਿਖੇਧੀ ਕੀਤੀ ਅਤੇ ਅਜਿਹੇ ਗ਼ੈਰਵਾਜਬ ਫ਼ੈਸਲਿਆਂ ‘ਤੇ ਰੋਕ ਲਗਾਉਣ ਦੀ ਮੰਗ ਵੀ ਕੀਤੀ।
ਡੀਟੀਐੱਫ ਦੇ ਸੂਬਾ ਮੀਤ ਪ੍ਰਧਾਨ ਗੁਰਮੀਤ ਸੁਖਪੁਰ, ਰਾਜੀਵ ਬਰਨਾਲਾ, ਗੁਰਪਿਆਰ ਕੋਟਲੀ, ਜਗਪਾਲ ਬੰਗੀ, ਜਸਵਿੰਦਰ ਔਜਲਾ, ਸੂਬਾ ਆਗੂਆਂ ਹਰਦੀਪ ਟੋਡਰਪੁਰ, ਹਰਜਿੰਦਰ ਵਡਾਲਾ ਬਾਂਗਰ, ਦਲਜੀਤ ਸਫੀਪੁਰ, ਕੁਲਵਿੰਦਰ ਜੋਸਨ ਅਤੇ ਪਵਨ ਕੁਮਾਰ ਨੇ ਦੱਸਿਆ ਕਿ ਸੀ. ਐਸ. ਆਰ. ਅਤੇ ਪੰਜਾਬ ਸਰਕਾਰ ਦੇ ਨਿਯਮਾਂ ਅਨੁਸਾਰ ਛੁੱਟੀਆਂ ਦੌਰਾਨ ਵੋਕੇਸ਼ਨ ਸਟਾਫ਼ (ਅਧਿਆਪਕਾਂ) ਤੋਂ ਜੇਕਰ ਸੇਵਾਵਾਂ ਲਈਆਂ ਜਾਂਦੀਆਂ ਹਨ ਤਾਂ ਇਸ ਬਦਲੇ ਵੋਕੇਸ਼ਨ ਸਟਾਫ਼ ਲਈ ‘ਨਿਯਮ 8.117(ਬੀ)’ ਜਿਹੜਾ ਕਿ 1 ਜੁਲਾਈ 1959 ਤੋਂ ਲਾਗੂ ਹੈ, ਉਹਨਾਂ ਨੂੰ ਡਿਊਟੀ ਤੇ ਬੁਲਾਏ ਗਏ ਦਿਨਾਂ ਦੇ ਇਵਜਾਨੇ ਵਜੋਂ ਕੁੱਲ ਦਿਨਾਂ ਦੇ ਅਨੁਪਾਤ ਅਨੁਸਾਰ ਕਮਾਈ ਛੁੱਟੀ ਮਿਲਦੀ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਸਕੂਲ ਸਿੱਖਿਆ ਵਿਭਾਗ ਦੇ ਅਧਿਆਪਕਾਂ ਨੂੰ ਵੋਕੇਸ਼ਨ ਸਟਾਫ਼ ਹੋਣ ਕਾਰਨ ਪੰਜਾਬ ਸਰਕਾਰ ਦੇ ਦੂਜੇ ਕਰਮਚਾਰੀਆਂ ਦੇ ਬਦਲੇ ਘੱਟ ਕਮਾਈ ਛੁੱਟੀਆਂ ਮਿਲਦੀਆਂ ਹਨ। ਪ੍ਰੰਤੂ ਕੈਲੰਡਰ ਸਾਲ ਦੋ ਹਜਾਰ ਵੀਹ (2020) ਦੌਰਾਨ ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਸਮੂਹ ਅਧਿਆਪਕ ਜੂਨ ਅਤੇ ਦਸੰਬਰ ਮਹੀਨਿਆਂ ਦੀਆਂ ਛੁੱਟੀਆਂ ਦੌਰਾਨ ਵਿਦਿਆਰਥੀਆਂ ਨੂੰ ਆਨਲਾਈਨ ਸਿੱਖਿਆ, ਵਿਦਿਆਰਥੀਆਂ ਦੀਆਂ ਆਨਲਾਈਨ ਪ੍ਰੀਖਿਆਵਾਂ, ਵਿਦਿਆਰਥੀਆਂ ਨੂੰ ਵਰਦੀਆਂ, ਕਿਤਾਬਾਂ, ਮਿਡ ਡੇ ਮੀਲ ਦਾ ਰਾਸ਼ਨ, ਕੁਕਿੰਗ ਕਾਸਟ ਅਤੇ ਵਜ਼ੀਫ਼ਿਆਂ ਲਈ ਅਪਲਾਈ, ਸਮੇਂ-ਸਮੇਂ ਤੇ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਆਨਲਾਈਨ ਮੀਟਿੰਗਾਂ/ਟ੍ਰੇਨਿੰਗਾਂ ਅਤੇ ਕੋਵਿਡ-19 ਦੀਆਂ ਵੱਖ-ਵੱਖ ਡਿਊਟੀਆਂ ਦਿੰਦੇ ਰਹੇ ਪ੍ਰੰਤੂ ਸਬੰਧਤ ਡੀ.ਡੀ.ਓਜ਼. ਵੱਲੋਂ ਪੰਜਾਬ ਵਿੱਚ ਕਿਸੇ ਵੀ ਅਧਿਆਪਕ ਨੂੰ ਪੰਜਾਬ ਸਰਕਾਰ ਦੇ ਨਿਯਮਾਂ ਅਨੁਸਾਰ ਛੁੱਟੀਆਂ ਦੌਰਾਨ ਉਪਰੋਕਤ ਸੇਵਾਵਾਂ ਨਿਭਾਉਣ ਬਦਲੇ ਕਮਾਈ ਛੁੱਟੀ ਨਹੀਂ ਦਿੱਤੀ ਗਈ ਹੈ ਜੋ ਕਿ ਅਧਿਆਪਕਾਂ ਦੇ ਹੱਕਾਂ ਉੱਤੇ ਡਾਕਾ ਮਾਰਨ ਦੇ ਤੁੱਲ ਹੈ।
ਡੀਟੀਐੱਫ ਦੇ ਸੂਬਾ ਜਥੇਬੰਦਕ ਸਕੱਤਰ ਰੁਪਿੰਦਰ ਪਾਲ ਗਿੱਲ, ਨਛੱਤਰ ਸਿੰਘ ਤਰਨਤਾਰਨ, ਸਹਾਇਕ ਵਿੱਤ ਸਕੱਤਰ ਤਜਿੰਦਰ ਸਿੰਘ ਅਤੇ ਪ੍ਰਚਾਰ ਸਕੱਤਰ ਸੁਖਦੇਵ ਡਾਨਸੀਵਾਲ ਨੇ ਸਿੱਖਿਆ ਵਿਭਾਗ ਵਿੱਚ ਸੇਵਾ ਨਿਯਮਾਂ ਦੀਆਂ ਉਡਾਈਆਂ ਜਾ ਰਹੀਆਂ ਧੱਜੀਆਂ ਦੀ ਸਖ਼ਤ ਨਿਖੇਧੀ ਕਰਦਿਆਂ ਪਿਛਲੇ ਸਮੇਂ ਵਿੱਚ ਛੁੱਟੀਆਂ ਦੌਰਾਨ ਲਏ ਕੰਮ ਬਦਲੇ ਅਧਿਆਪਕਾਂ ਨੂੰ ਬਣਦੀ ਕਮਾਈ ਛੁੱਟੀ ਦੇਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਜੇਕਰ ਸਕੂਲ ਸਿੱਖਿਆ ਵਿਭਾਗ ਨੇ ਇਹਨਾਂ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਵੀ ਜੇਕਰ ਪੰਜਾਬ ਦੇ ਅਧਿਆਪਕਾਂ ਤੋਂ ਵਿਦਿਆਰਥੀਆਂ ਨੂੰ ਆਨਲਾਈਨ ਸਿੱਖਿਆ ਮੁਹੱਈਆ ਕਰਵਾਉਣ, ਵਿਦਿਆਰਥੀਆਂ ਦੇ ਕਿਸੇ ਵੀ ਤਰ੍ਹਾਂ ਦੇ ਆਨਲਾਈਨ ਮੁਕਾਬਲੇ/ਪ੍ਰੀਖਿਆਵਾਂ ਕਰਵਾਉਣ, ਟ੍ਰੇਨਿੰਗਾਂ ਲੈਣ-ਦੇਣ, ਗਰਮੀਆਂ ਵਿੱਚ ਸਮਰ ਕੈਂਪ ਲਗਾਉਣ, ਅਧਿਕਾਰੀਆਂ ਵੱਲੋਂ ਕਿਸੇ ਵੀ ਤਰ੍ਹਾਂ ਦੀਆਂ ਆਨਲਾਈਨ ਜ਼ੂਮ ਮੀਟਿੰਗਾਂ, ਵਿਦਿਆਰਥੀ ਨੂੰ ਵਰਦੀਆਂ, ਕਿਤਾਬਾਂ, ਮਿਡ ਡੇ ਮੀਲ ਦਾ ਰਾਸ਼ਨ, ਕੁਕਿੰਗ ਕਾਸਟ ਅਤੇ ਕੋਵਿਡ-19 ਦੀ ਡਿਊਟੀ ਆਦਿ ਸੇਵਾਵਾਂ ਆਦਿ ਲੈਣੀਆਂ ਹਨ ਤਾਂ ਸਿੱਖਿਆ ਵਿਭਾਗ ਅਧਿਆਪਕਾਂ ਨੂੰ ਸੀ.ਐੱਸ.ਆਰ ਅਤੇ ਪੰਜਾਬ ਸਰਕਾਰ ਦੇ ਨਿਯਮਾਂ ਅਨੁਸਾਰ ਉਸ ਬਦਲੇ ਕਮਾਈ ਛੁੱਟੀਆਂ ਮੁਹੱਈਆ ਕਰਵਾਵੇ।