ਕੁਰਾਨ ਸ਼ਰੀਫ ਬੇਅਦਬੀ ਮਾਮਲੇ ‘ਚ ਅਦਾਲਤ ਨੇ ‘ਆਪ’ ਆਗੂ ਨਰੇਸ਼ ਯਾਦਵ ਨੂੰ ਕੀਤਾ ਬਰੀ
. ਅਕਾਲੀ-ਭਾਜਪਾ ਸਰਕਾਰ ਨੇ ਸਾਜਿਸ਼ ਦੇ ਤਹਿਤ ਨਰੇਸ਼ ਯਾਦਵ ਨੂੰ ਫਸਾਇਆ : ਹਰਪਾਲ ਸਿੰਘ ਚੀਮਾ
… ਅੱਜ ਸੱਚ ਦੀ ਜਿੱਤ ਹੋਈ, ਦੋਸ਼ ਲਗਾਉਣ ਵਾਲੇ ਮੇਰੇ ਖਿਲਾਫ ਅਦਾਲਤ ਵਿੱਚ ਕੋਈ ਸਬੂਤ ਪੇਸ਼ ਨਹੀਂ ਕਰ ਸਕੇ : ਨਰੇਸ਼ ਯਾਦਵ
… ਸਾਜਿਸ਼ ਦੇ ਤਹਿਤ ਦੋਸ਼ੀ ਵਿਅਕਤੀਆਂ ਨਾਲ ਮੇਰਾ ਨਾਮ ਬੁਲਾਇਆ ਗਿਆ : ਨਰੇਸ਼ ਯਾਦਵ
ਚੰਡੀਗੜ੍ਹ/ਸੰਗਰੂਰ, 16 ਮਾਰਚ 2021
ਆਮ ਆਦਮੀ ਪਾਰਟੀ ਦੇ ਆਗੂ ਅਤੇ ਦਿੱਲੀ ਦੇ ਵਿਧਾਇਕ ਨਰੇਸ਼ ਯਾਦਵ ਨੂੰ ਬੇਅਦਬੀ ਮਾਮਲੇ ਵਿੱਚ ਅਦਾਲਤ ਨੇ ਵੱਡੀ ਰਾਹਤ ਦਿੱਤੀ। ਮੰਗਲਵਾਰ ਨੂੰ ਸੰਗਰੂਰ ਦੀ ਅਦਾਲਤ ਨੇ 2016 ਦੇ ਮਲੇਰਕੋਟਲਾ ਕੁਰਾਨ ਸ਼ਰੀਫ ਬੇਅਦਬੀ ਮਾਮਲੇ ਵਿੱਚ ਯਾਦਵ ਨੂੰ ਬਰੀ ਕਰ ਦਿੱਤਾ। ਅਦਾਲਤ ਵਿਚ ਉਨ੍ਹਾਂ ਖਿਲਾਫ ਕੋਈ ਸਬੂਤ ਨਹੀਂ ਪੇਸ਼ ਕੀਤਾ ਜਾ ਸਕਿਆ। ਦੋਸ਼ੀ ਹੋਣ ਦੇ ਕੋਈ ਸਬੂਤ ਨਾ ਮਿਲਣ ਕਾਰਨ ਅਦਾਲਤ ਨੇ ਨਰੇਸ਼ ਯਾਦਵ ਨੂੰ ਬਾਇੱਜਤ ਬਰੀ ਕਰ ਦਿੱਤਾ।
ਅਦਾਲਤ ਦਾ ਫੈਸਲਾ ਆਉਣ ਬਾਅਦ ‘ਆਪ’ ਦੇ ਸੀਨੀਅਰ ਆਗੂ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਅਤੇ ਨਰੇਸ਼ ਯਾਦਵ ਨੇ ਪ੍ਰੈਸ ਨੂੰ ਸੰਬੋਧਨ ਕੀਤਾ। ਮੀਡੀਆ ਨੂੰ ਸੰਬੋਧਨ ਕਰਦੇ ਹੋਏ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਸਾਜਿਸ਼ ਦੇ ਤਹਿਤ ਨਰੇਸ਼ ਯਾਦਵ ਨੂੰ ਫਸਾਇਆ ਸੀ। 2017 ਵਿਧਾਨ ਸਭਾ ਚੋਣਾਂ ਸਮੇਂ ਆਮ ਆਦਮੀ ਪਾਰਟੀ ਦੀ ਪੂਰੇ ਪੰਜਾਬ ਵਿੱਚ ਲਹਿਰ ਸੀ। ਪੰਜਾਬ ਦੇ ਲੋਕ ਅਕਾਲੀ-ਭਾਜਪਾ ਦਾ ਵਿਰੋਧ ਕਰ ਰਹੇ ਸਨ ਅਤੇ ਆਮ ਆਦਮੀ ਪਾਰਟੀ ਦਾ ਲੋਕ ਸਮਰਥਨ ਕਰ ਰਹੇ ਸਨ। ਇਸ ਲਈ ਅਕਾਲੀ ਸਰਕਾਰ ਨੇ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਦੀ ਨੀਅਤ ਨਾਲ ਆਗੂ ਉਤੇ ਬੇਅਦਬੀ ਦੇ ਝੂਠੇ ਮੁਕਦਮੇ ਦਾਇਰ ਕੀਤਾ। ਅਕਾਲੀ-ਭਾਜਪਾ ਨੇ ਸਾਜਿਸ਼ ਦੇ ਤਹਿਤ ਦੋਸ਼ੀ ਵਿਅਕਤੀ ਵਿਜੈ ਕੁਮਾਰ ਅਤੇ ਗੌਰਵ ਕੁਮਾਰ ਤੋਂ ਨਰੇਸ਼ ਯਾਦਵ ਦਾ ਨਾਮ ਬੁਲਵਾਇਆ ਅਤੇ ਝੂਠਾ ਮਾਮਲਾ ਦਰਜ ਕਰਕੇ ਫਸਾਇਆ। ਚੀਮਾ ਨੇ ਕਿਹਾ ਕਿ ਕੁਰਾਨ ਸ਼ਰੀਫ ਬੇਅਦਬੀ ਮਾਮਲੇ ਦੀ ਜਾਂਚ ਲਈ ਕੈਪਟਨ ਸਰਕਾਰ ਨੇ ਜਸਟਿਸ ਰਣਜੀਤ ਸਿੰਘ ਦੀ ਅਗਵਾਈ ਵਿੱਚ ਇਕ ਕਮੀਸ਼ਨ ਦਾ ਗਠਨ ਕੀਤਾ। ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿੱਚ ਵੀ ਕਿਹਾ ਗਿਆ ਕਿ ਦਿੱਲੀ ਦੇ ਵਿਧਾਇਕ ਨਰੇਸ਼ ਯਾਦਵ ਦਾ ਬੇਅਦਬੀ ਕਾਂਡ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਯਾਦਵ ਇਸ ਮਾਮਲੇ ਵਿੱਚ ਪੂਰੀ ਤਰ੍ਹਾਂ ਬੇਕਸੂਰ ਹੈ।
‘ਆਪ’ ਆਗੂ ਨਰੇਸ਼ ਯਾਦਵ ਨੇ ਮੀਡੀਆ ਨੂੰ ਕਿਹਾ ਕਿ ਅੱਜ ਸੱਚ ਦੀ ਜਿੱਤ ਹੋਈ ਹੈ। ਮੈਨੂੰ ਸਾਜਿਸ਼ ਦੇ ਤਹਿਤ ਫਸਾਇਆ ਗਿਆ ਅਤੇ ਮੇਰੇ ਉਪਰ ਝੂਠਾ ਮੁਕਦਮਾ ਕੀਤਾ ਗਿਆ। ਜਿਸ ਵਿਜੈ ਕੁਮਾਰ ਨੂੰ ਮੈਂ ਜਾਣਦਾ ਤੱਕ ਨਹੀਂ ਸੀ, ਉਸ ਤੋਂ ਇਕ ਸਾਜਿਸ਼ ਦੇ ਤਹਿਤ ਮੈਨੂੰ ਫਸਾਉਣ ਲਈ ਮੇਰਾ ਨਾਮ ਬੁਲਵਾਇਆ ਗਿਆ। ਪ੍ਰੰਤੂ ਉਹ ਲੋਕ ਅਦਾਲਤ ਵਿੱਚ ਮੇਰੇ ਖਿਲਾਫ ਕੋਈ ਸਬੂਤ ਪੇਸ਼ ਨਾ ਕਰ ਸਕੇ। ਮੈਨੂੰ ਬੇਕਸੂਰ ਦੱਸਣ ਅਤੇ ਬਰੀ ਕਰਨ ਲਈ ਮੈਂ ਮਾਨਯੋਗ ਅਦਾਲਤ ਦਾ ਧੰਨਵਾਦ ਕਰਦਾ ਹਾਂ। ਸਾਨੂੰ ਅਦਾਲਤ ਉਤੇ ਪੂਰਾ ਭਰੋਸਾ ਹੈ। ਅਸੀਂ ਸਾਰੇ ਧਰਮਾਂ ਨੂੰ ਮੰਨਣ ਵਾਲੇ ਲੋਕ ਹਾਂ ਅਤੇ ਸਾਰੇ ਧਰਮਾਂ ਦੇ ਲੋਕਾਂ ਦਾ ਸਨਮਾਨ ਕਰਦੇ ਹਾਂ। ਅਸੀਂ ਕਿਸੇ ਵੀ ਧਾਰਮਿਕ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਦੇ। ਆਮ ਆਦਮੀ ਪਾਰਟੀ ਵਿਕਾਸ ਦੀ ਰਾਜਨੀਤੀ ਕਰਦੀ ਹੈ। ਧਰਮ ਦੇ ਨਾਮ ਉਤੇ ਲੋਕਾਂ ਨੂੰ ਉਕਸਾਉਣਾ ਸਾਡਾ ਕੰਮ ਨਹੀਂ ਹੈ। ਇਹ ਅਕਾਲੀ-ਭਾਜਪਾ ਦਾ ਮੁੱਖ ਕੰਮ ਹੈ।
ਉਨ੍ਹਾਂ ਕਿਹਾ ਕਿ ਸਮਾਜ ਦਾ ਮਾਹੌਲ ਖਰਾਬ ਕਰਨ ਲਈ ਭਾਜਪਾ-ਅਕਾਲੀ ਸਰਕਾਰ ਨੇ ਚੋਣਾਂ ਨੂੰ ਧਾਰਮਿਕ ਰੰਗ ਦੇਣ ਦੀ ਕੋਸ਼ਿਸ਼ ਕੀਤੀ। ਚੋਣਾਂ ਤੋਂ ਠੀਕ ਪਹਿਲਾਂ ਮੌੜ ਮੰਤਰੀ ਵਿੱਚ ਬੰਬ ਧਮਕਾ ਹੋਇਆ, ਜਿਸ ਵਿੱਚ ਕਈ ਲੋਕਾਂ ਦੀ ਜਾਨ ਚਲੀ ਗਈ। ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਗਈ ਅਤੇ ਲੋਕਾਂ ਦੀਆਂ ਭਾਵਨਾਵਾਂ ਭੜਕਾਈਆਂ ਗਈਆਂ। ਪ੍ਰੰਤੂ ਦੁੱਖ ਦੀ ਗੱਲ ਇਹ ਹੈ ਕਿ ਕੈਪਟਨ ਸਰਕਾਰ ਨੇ ਵੀ ਅਜੇ ਤੱਕ ਕਿਸੇ ਵੀ ਮਾਮਲੇ ਦੇ ਦੋਸ਼ੀਆਂ ਉਤੇ ਕਾਰਵਾਈ ਨਹੀਂ ਕੀਤੀ। ਜਾਂਚ ਦੇ ਨਾਮ ਉਤੇ ਕੈਪਟਨ ਸਰਕਾਰ ਸਮਾਂ ਟਾਲ ਰਹੀ ਹੈ ਅਤੇ ਗੁਪਤ ਤਰੀਕੇ ਨਾਲ ਸਾਰੇ ਮਾਮਲੇ ਨੂੰ ਰਫਾ-ਦਫਾ ਕਰਨ ਵਿੱਚ ਲੱਗੀ ਹੈ।