ਕਾਂਗਰਸ ਪਾਰਟੀ ਵੱਲੋਂ ਪੈਟ੍ਰੋਲ ਪੰਪਾਂ ਤੇ ਤੇਲ ਕੀਮਤਾਂ ਵਿਚ ਵਾਧੇ ਖਿਲਾਫ ਪ੍ਰਦਰਸ਼ਨ
ਕੋਵਿਡ ਤੋਂ ਬਾਅਦ ਹੁਣ ਮੰਹਿਗਾਈ ਨਾਲ ਮਾਰਨ ਲੱਗੀ ਮੋਦੀ ਸਰਕਾਰ- ਸੁਨੀਲ ਜਾਖੜ
ਕਿਹਾ, ਪ੍ਰਧਾਨ ਮੰਤਰੀ ਦਾ ਹੰਕਾਰ ਦੇਸ਼ ਤੋਂ ਭਾਰੀ ਪੈਣ ਲੱਗਾ ਹੈ
ਕੁਰਾਲੀ, ਚੰਡੀਗੜ, 11 ਜੂਨ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਆਖਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੱਤਾ ਦਾ ਹੰਕਾਰ ਦੇਸ਼ ਤੇ ਭਾਰੀ ਪੈਣ ਲੱਗਿਆ ਹੈ ਅਤੇ ਲੱਖਾਂ ਲੋਕਾਂ ਦੇ ਕੋਵਿਡ ਕਾਰਨ ਜਾਨਾਂ ਗੁਆ ਲੈਣ ਤੋਂ ਬਾਅਦ ਵੀ ਕੇਂਦਰ ਸਰਕਾਰ ਨੇ ਕੋਈ ਸਬਕ ਨਹੀਂ ਲਿਆ ਹੈ ਅਤੇ ਹੁਣ ਡੀਜਲ ਪੈਟ੍ਰੋਲ ਦੀਆਂ ਕੀਮਤਾਂ ਵਿਚ ਵਾਧਾ ਕਰਕੇ ਲੋਕਾਂ ਨੂੰ ਆਰਥਿਕ ਤੌਰ ਤੇ ਮਾਰਨਾ ਸ਼ੁਰੂ ਕਰ ਦਿੱਤਾ ਹੈ। ਇਸ ਮੌਕੇ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਵੀ ਹਾਜਰ ਸਨ।
ਅੱਜ ਕੁਰਾਲੀ ਵਿਖੇ ਕਾਂਗਰਸ ਪਾਰਟੀ ਵੱਲੋਂ ਪੈਟ੍ਰੋਲੀਅਮ ਪਦਾਰਥਾਂ ਦੀਆਂ ਵੱਧਦੀਆਂ ਕੀਮਤਾਂ ਖਿਲਾਫ ਦੇਸ਼ ਵਿਆਪੀ ਰੋਸ਼ ਪ੍ਰਦਰਸ਼ਨਾਂ ਦੀ ਲੜੀ ਵਿਚ ਆਯੋਜਿਤ ਧਰਨੇ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਸੱਤਾ ਦੇ ਹੰਕਾਰ ਵਿਚ ਮੋਦੀ ਸਰਕਾਰ ਨੇ ਦੇਸ਼ ਦੇ ਆਮ ਲੋਕਾਂ ਨੂੰ ਪੂਰੀ ਤਰਾਂ ਨਾਲ ਵਿਸਾਰ ਦਿੱਤਾ ਹੈ। ਉਨਾਂ ਨੇ ਕਿਹਾ ਕਿ ਪਹਿਲਾਂ ਕੋਵਿਡ ਦੇ ਕੁਪ੍ਰਬੰਧਨ ਕਾਰਨ ਦੇਸ਼ ਦੇ ਲੱਖਾਂ ਪਰਿਵਾਰਾਂ ਨੇ ਆਪਣੇ ਪਰਿਵਾਰਕ ਮੈਂਬਰ ਗੁਆ ਲਏ ਅਤੇ ਹੁਣ ਮਹਿੰਗਾਈ ਰਾਹੀਂ ਦੇਸ਼ ਦੀ ਸਰਕਾਰ ਲੋਕਾਂ ਦਾ ਕਚੂਮਰ ਕੱਢਣ ਤੇ ਤੁਲੀ ਹੋਈ ਹੈ।
ਕੋਵਿਡ ਦੀ ਦੂਜੀ ਲਹਿਰ ਤੋਂ ਪਹਿਲਾਂ ਵੈਕਸੀਨ ਆਪਣੇ ਦੇਸ਼ ਵਾਸੀਆਂ ਨੂੰ ਮੁਹਈਆ ਕਰਵਾਉਣ ਦੀ ਬਜਾਏ ਵਿਦੇਸਾਂ ਵਿਚ ਭੇਜਣਾ, ਆਕਸਜੀਨ, ਦਵਾਈਆਂ ਆਦਿ ਦੀ ਕਾਲਾਬਜਾਰੀ ਨੇ ਦੇਸ਼ ਵਿਚ ਤਰਸਯੋਗ ਹਲਾਤ ਸਿਰਜ ਦਿੱਤੇ ਸਨ ਅਤੇ ਗੰਗਾ ਦੇ ਕਿਨਾਰੇ ਮੋਦੀ ਸਰਕਾਰ ਦੀ ਨਕਾਮੀ ਦੀ ਗਵਾਹ ਬਣ ਗਏ ਜਿੱਥੇ ਹਜਾਰਾਂ ਬਦਨਸੀਬਾਂ ਨੂੰ ਦਫਨਾ ਦਿੱਤਾ ਗਿਆ।
ਜਾਖੜ ਨੇ ਕਿਹਾ ਕਿ ਮੋਦੀ ਸਰਕਾਰ ਤੇਲ ਕੀਮਤਾਂ ਵਿਚ ਲਗਾਤਾਰ ਵਾਧਾ ਕਰਕੇ ਨਿੱਜੀ ਕੰਪਨੀਆਂ ਦੇ ਪੰਪਾਂ ਨੂੰ ਲਾਭ ਪਹੁੰਚਾ ਰਹੀ ਹੈ ਜਦ ਕਿ ਆਮ ਲੋਕ ਅਤੇ ਕਿਸਾਨ ਇਸ ਮਹਿੰਗਾਈ ਨਾਲ ਪਿਸ ਰਹੇ ਹਨ। ਉਨਾਂ ਨੇ ਕਿਹਾ ਕਿ ਪਿੱਛਲੇ 13 ਮਹੀਨੇ ਵਿਚ ਪੈਟ੍ਰੋਲ 25.72 ਰੁਪਏ ਅਤੇ ਡੀਜਲ 23.93 ਰੁਪਏ ਮਹਿੰਗਾ ਹੋਇਆ ਹੈ ਅਤੇ ਇਸ ਸਾਲ ਵੀ 43 ਵਾਰ ਤੇਲ ਕੀਮਤਾਂ ਵਿਚ ਵਾਧਾ ਕੀਤਾ ਗਿਆ ਹੈ।
ਜਾਖੜ ਨੇ ਕਿਹਾ ਕਿ ਜਦ ਸ: ਮਨਮੋਹਨ ਸਿੰਘ ਪ੍ਰਧਾਨ ਮੰਤਰੀ ਸਨ ਤਾਂ ਕੱਚਾ ਤੇਲ 125 ਡਾਲਰ ਪ੍ਰਤੀ ਬੈਰਲ ਸੀ ਅਤੇ ਡੀਜਲ ਦੀ ਕੀਮਤ 54 ਰੁਪਏ ਸੀ ਜਦ ਕਿ ਹੁਣ ਕੱਚਾ ਤੇਲ ਅੱਧੀ ਕੀਮਤ ਤੇ ਮਿਲ ਰਿਹਾ ਹੈ ਅਤੇ ਡੀਜਲ ਦੀ ਕੀਮਤ ਲਗਭਗ ਦੁੱਗਣੀ ਕਰ ਦਿੱਤੀ ਹੈ।
ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਨੂੰ ਆਰਡੀਐਫ, ਜੀਐਸਟੀ ਦੀ ਅਦਾਇਗੀ ਨਹੀਂ ਕਰ ਰਹੀ ਹੈ ਅਤੇ ਹਰ ਤਰੀਕੇ ਨਾਲ ਪੰਜਾਬ ਨੂੰ ਦਬਾਇਆ ਜਾ ਰਿਹਾ ਹੈ। ਜਦ ਕਿ ਡੀਜਲ ਪੈਟ੍ਰੋਲ ਤੋਂ ਟੈਕਸਾਂ ਦੇ ਰੂਪ ਵਿਚ ਕੇਂਦਰ ਸਰਕਾਰ ਹਰ ਸਾਲ 3 ਲੱਖ ਕਰੋੜ ਰੁਪਏ ਦੀ ਉਗਰਾਹੀ ਕਰਦੀ ਹੈ ਪਰ ਆਮ ਲੋਕਾਂ ਨੂੰ ਇਸ ਦਾ ਕੋਈ ਲਾਭ ਨਹੀਂ ਹੋ ਰਿਹਾ ਹੈ। ਉਨਾਂ ਨੇ ਇਸ ਮੌਕੇ ਆਮ ਲੋਕਾਂ ਨੂੰ ਕੇਂਦਰ ਸਰਕਾਰ ਦੀਆਂ ਮਾਰੂ ਨੀਤੀਆਂ ਖਿਲਾਫ ਉਠ ਖੜੇ ਹੋਣ ਦਾ ਸੱਦਾ ਦਿੱਤਾ।