Punjab

ਕਾਂਗਰਸ ਨੇ ਦਲਿਤ ਵੋਟ ਲਈ ਚੰਨੀ ਦਾ ‘ਯੂਜ਼ ਐਂਡ ਥ੍ਰੋ’ ਕੀਤਾ: ਰਾਘਵ ਚੱਢਾ

– ਕਿਹਾ, ਸੁਰਜੇਵਾਲਾ ਦੇ ਤਿੰਨ ਮੁੱਖ ਮੰਤਰੀਆਂ ਵਾਲੇ ਬਿਆਨ ਨੇ ਕਾਂਗਰਸ ਦੀ ਨੀਅਤ ਦੀ ਪੋਲ ਖੋਲ੍ਹ ਦਿੱਤੀ
–  ਕਾਂਗਰਸ ਦਾ ਮਕਸਦ ਦਲਿਤਾਂ ਦੀ ਭਲਾਈ ਕਰਨਾ ਨਹੀਂ ਸਗੋਂ ਉਨ੍ਹਾਂ ਦੀਆਂ ਵੋਟਾਂ ਲੈਣਾ ਹੈ
– ਕਿਹਾ, ਕਾਂਗਰਸ ਨੇ ਪੰਜ ਸਾਲ ਸਰਕਾਰ ਨਹੀਂ ‘ਸਰਕਸ’ ਚਲਾਈ, ਸਾਰੇ ਕਾਂਗਰਸੀ ਨੇਤਾ ਕੁਰਸੀ ਲਈ ਆਪਸ ਵਿੱਚ ਲੜ ਰਹੇ ਲੜਾਈ
ਚੰਡੀਗੜ੍ਹ, 9 ਜਨਵਰੀ 2022
ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਮਾਮਲਿਆਂ ਦੇ ਸਹਿ-ਇੰਚਾਰਜ ਰਾਘਵ ਚੱਢਾ ਨੇ ਕਾਂਗਰਸ ਆਗੂ ਅਤੇ ਰਾਹੁਲ ਗਾਂਧੀ ਦੇ ਕਰੀਬੀ ਰਣਦੀਪ ਸੁਰਜੇਵਾਲਾ ਦੇ ਪੰਜਾਬ ‘ਚ ਮੁੱਖ ਮੰਤਰੀ ਦੇ ਅਹੁਦੇ ਲਈ ਤਿੰਨ ਚਿਹਰੇ ਸੁਨੀਲ ਜਾਖੜ, ਨਵਜੋਤ ਸਿੱਧੂ ਅਤੇ ਚਰਨਜੀਤ ਸਿੰਘ ਚੰਨੀ  ਦੇ ਬਿਆਨ ‘ਤੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਜਿਹੜੀ ਪਾਰਟੀ ਇੰਨੇ ਦਿਨਾਂ ‘ਚ ਮੁੱਖ ਮੰਤਰੀ ਦੇ ਚਿਹਰੇ ‘ਤੇ ਕੋਈ ਫੈਸਲਾ ਨਹੀਂ ਲੈ ਸਕੀ, ਉਹ ਪੰਜਾਬ ਨੂੰ ਸਥਿਰ ਸਰਕਾਰ ਦੇਣ ਦਾ ਦਾਅਵਾ ਕਿਵੇਂ ਕਰ ਸਕਦੀ ਹੈ। ਸੁਰਜੇਵਾਲਾ ਦੇ ਇਸ ਬਿਆਨ ਨਾਲ ਕਾਂਗਰਸ ਦੀ ਨੀਅਤ ਦੀ ਪੋਲ ਖੁਲ੍ਹ ਚੁਕੀ ਹੈ।
ਐਤਵਾਰ ਨੂੰ ਇੱਕ ਡਿਜੀਟਲ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਚੱਢਾ ਨੇ ਕਿਹਾ ਕਿ ਕਾਂਗਰਸ ਨੇ ਮੁੱਖ ਮੰਤਰੀ ਚੰਨੀ ਨੂੰ ‘ਯੂਜ਼ ਐਂਡ ਥ੍ਰੋ’ ਦੀ ਆਪਣੀ ਨੀਤੀ ਤਹਿਤ ‘ਨਾਈਟ ਵਾਚਮੈਨ’ (ਚੌਕੀਦਾਰ) ਦੀ ਤਰ੍ਹਾਂ ਇਸਤੇਮਾਲ ਕੀਤਾ ਹੈ। ਚੱਢਾ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਦਲਿਤ ਸਮਾਜ ਤੋਂ ਹਨ, ਇਸ ਲਈ ਕਾਂਗਰਸ ਨੇ ਚੰਨੀ ਨੂੰ ਦਲਿਤ ਵੋਟ ਲਈ ਵਰਤਿਆ ਹੈ। ਕਾਂਗਰਸ ਦੀ ਨੀਅਤ ਦਲਿਤਾਂ ਦਾ ਵਿਕਾਸ ਨਹੀਂ ਸਗੋਂ ਉਨ੍ਹਾਂ ਦੀਆਂ ਵੋਟਾਂ ਲੈਣ ਦੀ ਹੈ। ਇਹ ਦਲਿਤ ਸਮਾਜ ਨਾਲ ਸਿੱਧੇ ਤੌਰ ‘ਤੇ ਧੋਖਾ ਹੈ।
ਚੱਢਾ ਨੇ ਕਿਹਾ ਕਿ ਆਪਸੀ ਫੁੱਟ ਕਾਰਨ ਕਾਂਗਰਸ ਪਾਰਟੀ ਅੰਦਰੋਂ ਖੋਖਲੀ ਹੋ ਚੁੱਕੀ ਹੈ। ਸਾਰੇ ਕਾਂਗਰਸੀ ਆਗੂ ਕੁਰਸੀ ਲਈ ਆਪਸ ਵਿੱਚ ਲੜ ਰਹੇ ਹਨ, ਜਿਸ ਦਾ ਖ਼ਮਿਆਜ਼ਾ ਪਿਛਲੇ ਪੰਜ ਸਾਲਾਂ ਤੋਂ ਪੰਜਾਬ ਦੇ ਲੋਕ  ਨੂੰ ਭੁਗਤਣਾ ਪੈ ਰਿਹਾ ਹੈ। ਚੱਢਾ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸੁਨੀਲ ਜਾਖੜ ਅਤੇ ਨਵਜੋਤ ਸਿੰਘ ਸਿੱਧੂ ਦੀ ਆਪਸ ਵਿੱਚ ਹੀ ਨਹੀਂ ਬਣਦੀ ਤਾਂ ਇਹ ਸਰਕਾਰ ਕਿਵੇਂ ਚਲਾਉਣਗੇ। ਕਾਂਗਰਸ ਦੇ ਆਪਸੀ ਕਲੇਸ਼ ਨੇ ਪਾਰਟੀ ਨੂੰ ‘ਮੈਡ ਫਾਈਟ ਹਾਊਸ’ ਬਣਾ ਦਿੱਤਾ ਹੈ।
ਕਾਂਗਰਸ ਦੇ ਆਪਸੀ ਕਲੇਸ਼ ਦਾ ਜ਼ਿਕਰ ਕਰਦਿਆਂ ਚੱਢਾ ਨੇ ਕਿਹਾ ਕਿ ਕਾਂਗਰਸੀ ਆਗੂਆਂ ਵਿਚਾਲੇ ‘ਗ੍ਰਹਿ ਯੁੱਧ’ ਇਸ ਤਰ੍ਹਾਂ ਚੱਲ ਰਹੀ ਹੈ, ਸਿੱਧੂ ਬਨਾਮ ਚੰਨੀ, ਚੰਨੀ ਬਨਾਮ ਜਾਖੜ, ਜਾਖੜ ਬਨਾਮ ਬਾਜਵਾ, ਬਾਜਵਾ ਬਨਾਮ ਸਿੱਧੂ, ਆਸ਼ੂ ਬਨਾਮ ਚੰਨੀ, ਕੇ.ਪੀ ਰਾਣਾ ਬਨਾਮ ਆਸ਼ੂ, ਓ.ਪੀ. ਸੋਨੀ ਬਨਾਮ ਸਿੱਧੂ,ਰੰਧਾਵਾ ਬਨਾਮ ਸਿੱਧੂ,ਸਿੱਧੂ ਬਨਾਮ ਆਵਲਾ ਬਿੱਟੂ ਬਨਾਮ ਚੰਨੀ, ਬਿੱਟੂ ਬਨਾਮ ਸਿੱਧੂ, ਮਨਪ੍ਰੀਤ ਬਾਦਲ ਬਨਾਮ ਸਿੱਧੂ, ਪਰਗਟ ਸਿੰਘ ਬਨਾਮ ਬਿੱਟੂ, ਰਾਜਾ ਵੜਿੰਗ ਬਨਾਮ ਰੰਧਾਵਾ, ਰਾਜ ਕੁਮਾਰ ਵੇਰਕਾ ਬਨਾਮ ਰਾਜਾ ਵੜਿੰਗ, ਰਾਜਾ ਵੜਿੰਗ ਬਨਾਮ ਮਨਪ੍ਰੀਤ ਬਾਦਲ, ਨਵਜੋਤ ਸਿੱਧੂ ਬਨਾਮ ਸੁੱਖੀ ਰੰਧਾਵਾ, ਸੁੱਖੀ ਰੰਧਾਵਾ ਬਨਾਮ ਰਾਣਾ ਗੁਰਜੀਤ, ਰਾਣਾ ਗੁਰਜੀਤ ਬਨਾਮ ਨਵਤੇਜ ਚੀਮਾ, ਕੇਪੀ ਰਾਣਾ ਬਨਾਮ ਵਰਿੰਦਰ ਢਿੱਲੋਂ, ਵਰਿੰਦਰ ਢਿੱਲੋਂ ਬਨਾਮ ਮੂਸੇਵਾਲਾ, ਪ੍ਰਤਾਪ ਬਾਜਵਾ ਬਨਾਮ ਸੁੱਖੀ ਰੰਧਾਵਾ, ਸੁੱਖੀ ਰੰਧਾਵਾ ਬਨਾਮ ਸਿੱਧੂ, ਸਿੱਧੂ ਬਨਾਮ ਸੁਨੀਲ ਜਾਖੜ, ਸੁਨੀਲ ਸਿੰਘ ਜਾਖੜ ਬਨਾਮ ਚੰਨੀ, ਭਾਰਤ ਆਸ਼ੂ ਬਨਾਮ ਸਿੱਧੂ। ਕੁਰਸੀ ਲਈ ਇਹ ਸਾਰੇ ਇੱਕ ਦੂਜੇ ਦੀ ਖਿੱਚ-ਧੂਹ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਕਾਂਗਰਸ ਪੰਜਾਬ ਨੂੰ ਕਦੇ ਵੀ ਸਥਿਰ ਸਰਕਾਰ ਨਹੀਂ ਦੇ ਸਕਦੀ। ਅਸਲ ਵਿਚ ਪਿਛਲੇ ਪੰਜ ਸਾਲਾਂ ਤੋਂ ਕਾਂਗਰਸ ਨੇ ਪੰਜਾਬ ਵਿਚ ਸਰਕਾਰ ਨਹੀਂ ਬਲਕਿ ‘ਸਰਕਸ’ ਚਲਾਈ ਹੈ। ਚੰਨੀ ਦੀ ਜਾਖੜ ਨਾਲ ਨਹੀਂ ਬਣਦੀ, ਜਾਖੜ ਦੀ ਬਾਜਵਾ ਨਾਲ ਨਹੀਂ ਬਣਦੀ, ਬਾਜਵਾ ਦੀ ਰੰਧਾਵਾ ਨਾਲ ਨਹੀਂ ਬਣਦੀ, ਰੰਧਾਵਾ ਦੀ ਬਿੱਟੂ ਨਾਲ ਨਹੀਂ ਬਣਦੀ ਅਤੇ ਸਿੱਧੂ ਦੀ ਕਿਸੇ ਨਾਲ ਨਹੀਂ ਬਣਦੀ। ਕਾਂਗਰਸ ਦੀ ਵੀ ਲੋਕਾਂ ਨਾਲ ਨਹੀਂ ਬਣਦੀ, ਇਸ ਲਈ ਹੁਣ ਦੇਸ਼ ਦੇ ਲੋਕਾਂ ਵਾਂਗ ਪੰਜਾਬ ਦੇ ਲੋਕਾਂ ਨੇ ਵੀ ਕਾਂਗਰਸ ਦੀ ਪੰਜਾਬ ਤੋਂ ਵਿਦਾਇਗੀ ਕਰਨ ਦਾ ਮਨ ਬਣਾ ਲਿਆ ਹੈ।
ਚੱਢਾ ਨੇ ਪੰਜਾਬ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਨੂੰ ਸਮਰਥਨ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਨੂੰ ਇੱਕ ਸਥਿਰ ਅਤੇ ਇਮਾਨਦਾਰ ਸਰਕਾਰ ਦੇਵੇਗੀ। ‘ਆਪ’ ਸਰਕਾਰ ਪੰਜਾਬ ਨੂੰ ਮੁੜ ਸ਼ਾਂਤਮਈ ਅਤੇ ਖੁਸ਼ਹਾਲ ਬਣਾਵੇਗੀ ਅਤੇ ਸੂਬੇ ਵਿੱਚ ਅਮਨ-ਸ਼ਾਂਤੀ ਅਤੇ ਆਪਸੀ ਭਾਈਚਾਰਾ ਕਾਇਮ ਕਰੇਗੀ। ਇਸ ਮੌਕੇ ‘ਆਪ’ ਦੇ ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ, ਵਪਾਰ ਮੰਡਲ ਦੇ ਸੂਬਾ ਪ੍ਰਧਾਨ ਵਿਨੀਤ ਵਰਮਾ ਅਤੇ ਪਾਰਟੀ ਦੇ ਬੁਲਾਰੇ ਜਗਤਾਰ ਸਿੰਘ ਸੰਘੇੜਾ ਵੀ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button
error: Sorry Content is protected !!