Punjab

ਡੈਲਟਾ ਪਲੱਸ ਵਾਇਰਸ ਉੱਤੇ ਚਿੰਤਾ ਪ੍ਰਗਟਾਉਂਦੇ ਹੋਏ ਮੁੱਖ ਮੰਤਰੀ ਵੱਲੋਂ ਕੋਵਿਡ ਪਾਬੰਦੀਆਂ 10 ਜੁਲਾਈ ਤੱਕ ਵਧਾਉਣ ਦੇ ਹੁਕਮ

ਬਾਰ, ਪੱਬ ਅਤੇ ਅਹਾਤੇ 50 ਫੀਸਦੀ ਸਮਰੱਥਾ ਨਾਲ ਖੋਲ੍ਹਣ ਦੀ ਇਜਾਜ਼ਤ

ਵਿਦਿਆਰਥੀਆਂ ਅਤੇ ਸਟਾਫ ਨੂੰ ਵੈਕਸੀਨ ਦੀ ਇਕ ਖੁਰਾਕ ਲੱਗਣ ਦੀ ਸ਼ਰਤ ਤੇ ਹੁਨਰ ਵਿਕਾਸ ਕੇਂਦਰ ਅਤੇ ਯੂਨੀਵਰਸਿਟੀਆਂ ਖੋਲ੍ਹਣ ਦੀ ਵੀ ਦਿੱਤੀ ਇਜਾਜ਼ਤ

ਮੁੱਖ ਮੰਤਰੀ ਨੇ ਪਟਿਆਲਾ ਵਿਖੇ ਜੀਨੋਮ ਸੀਕੁਐਂਸ ਲੈਬ ਦੀ ਸਥਾਪਨਾ ਵਿਚ ਤੇਜੀ ਲਿਆ ਕੇ ਇਕ ਜੁਲਾਈ ਤੱਕ ਕਾਰਜਸ਼ੀਲ ਕਰਨ ਦੇ ਹੁਕਮ

 

ਚੰਡੀਗੜ੍ਹ, 29 ਜੂਨ

          ਡੈਲਟਾ ਪਲੱਸ ਦੇ ਕੇਸ ਸਾਹਮਣੇ ਆਉਣ ਉਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ ਸਬੰਧੀ ਰੋਕਾਂ ਵਿਚ 10 ਜੁਲਾਈ ਤੱਕ ਵਾਧਾ ਕਰਨ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਬਾਰ, ਪੱਬ ਅਤੇ ਅਹਾਤੇ 50 ਫੀਸਦੀ ਸਮਰੱਥਾ ਨਾਲ ਇਕ ਜੁਲਾਈ ਤੋਂ ਖੋਲ੍ਹਣ ਦੀ ਆਗਿਆ ਦੇਣ ਸਮੇਤ ਕੁਝ ਹੋਰ ਢਿੱਲ ਵੀ ਦਿੱਤੀ ਹੈ।

          ਹੁਨਰ ਵਿਕਾਸ ਕੇਂਦਰਾਂ ਅਤੇ ਯੂਨੀਵਰਸਿਟੀਆਂ ਖੋਲ੍ਹਣ ਦੀ ਵੀ ਇਜਾਜ਼ਤ ਦਿੱਤੀ ਗਈ ਹੈ ਜੋ ਸਟਾਫ ਅਤੇ ਵਿਦਿਆਰਥੀਆਂ ਨੂੰ ਕੋਵਿਡ ਵੈਕਸੀਨ ਦੀ ਘੱਟੋ-ਘੱਟ ਇਕ ਖੁਰਾਕ ਲੱਗੀ ਹੋਣ ਦੀ ਸ਼ਰਤ ਉਤੇ ਅਧਾਰਿਤ ਹੈ। ਇਸੇ ਤਰ੍ਹਾਂ ਆਈਲੈਟਸ ਕੋਚਿੰਗ ਸੰਸਥਾਵਾਂ ਖੋਲ੍ਹਣ ਦੀ ਇਜਾਜ਼ਤ ਪਹਿਲਾਂ ਹੀ ਦਿੱਤੀ ਜਾ ਚੁੱਕੀ ਹੈ ਪਰ ਇਸ ਲਈ ਵੀ ਵਿਦਿਆਰਥੀਆਂ ਅਤੇ ਸਟਾਫ ਨੂੰ ਵੈਕਸੀਨ ਦੀ ਘੱਟੋ-ਘੱਟ ਇਕ ਖੁਰਾਕ ਲੱਗੀ ਹੋਣ ਦੀ ਸ਼ਰਤ ਉਤੇ ਅਧਾਰਿਤ ਹੈ।

          ਕੋਵਿਡ ਦੀ ਸਮੀਖਿਆ ਕਰਨ ਲਈ ਉਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਕੋਵਿਡ ਪਾਬੰਦੀਆਂ ਵਿਚ ਦਿੱਤੀਆਂ ਛੋਟਾਂ ਦਾ ਐਲਾਨ ਕਰਦੇ ਹੋਏ ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਬਾਰ, ਪੱਬ ਅਤੇ ਅਹਾਤਿਆਂ ਨੂੰ ਸਮਾਜਿਕ ਦੂਰੀ ਦੇ ਪ੍ਰੋਟੋਕਾਲ ਦੀ ਸਖ਼ਤੀ ਨਾਲ ਪਾਲਣਾ ਕਰਨੀ ਹੋਵੇਗੀ ਅਤੇ ਵੇਟਰਾਂ ਅਤੇ ਹੋਰ ਸਬੰਧਤ ਮੁਲਾਜ਼ਮਾਂ ਨੂੰ ਕੋਵਿਡ ਦੀ ਘੱਟੋ-ਘੱਟ ਇਕ ਖੁਰਾਕ ਲੱਗੀ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਸ਼ਰਤਾਂ ਦੀ ਪਾਲਣਾ ਨੂੰ ਯਕੀਨੀ ਬਣਾਉਣਾ ਮਾਲਕਾਂ ਦੀ ਜਿੰਮੇਵਾਰੀ ਹੋਵੇਗੀ।

          ਪਾਜੇਟਿਵਿਟੀ ਦਰ ਇਕ ਫੀਸਦੀ ਤੋਂ ਘੱਟ ਦੀ ਗਿਰਾਵਟ ਆਉਣ ਜਿਸ ਨਾਲ ਸਮੁੱਚੇ ਤੌਰ ਉਤੇ ਸਰਗਰਮ ਕੇਸਾਂ ਵਿਚ ਵੀ ਕਮੀ ਆਈ ਹੈ, ਉਤੇ ਸੰਤੁਸ਼ਟੀ ਜਾਹਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਕੁਝ ਜਿਲਿਆਂ ਵਿਚ ਅਜੇ ਵੀ ਪਾਜੇਟਿਵਿਟੀ ਦਰ ਇਕ ਫੀਸਦੀ ਦਰ ਤੋਂ ਵੱਧ ਹੈ। ਉਨ੍ਹਾਂ ਜੋਰ ਦੇ ਕੇ ਕਿਹਾ ਕਿ ਡੈਲਟਾ ਪਲੱਸ ਸਰੂਪ ਦੀਆਂ ਲੱਭਤਾਂ ਚਿੰਤਾ ਦਾ ਵਿਸ਼ਾ ਹੈ ਜਿਸ ਕਰਕੇ ਰੋਕਾਂ ਨੂੰ ਜਾਰੀ ਰੱਖਣਾ ਜ਼ਰੂਰੀ ਹੈ।

          ਮੁੱਖ ਮੰਤਰੀ ਨੇ ਖੁਲਾਸਾ ਕੀਤਾ ਕਿ ਵਾਇਰਸ ਦੇ ਬਦਲਦੇ ਸੁਭਾਅ ਦੇ ਮਹੀਨਾਵਰ ਅੰਕੜਿਆਂ ਨੇ ਦਰਸਾਇਆ ਕਿ ਵਾਇਰਸ ਦਾ 90 ਫੀਸਦੀ ਤੋਂ ਵੱਧ ਰੂਪ ਚਿੰਤਾ ਦਾ ਵਿਸ਼ਾ ਹੈ ਅਤੇ ਅਸਲ ਵਾਇਰਸ ਨੂੰ ਪਰਵਿਰਤਨਸ਼ੀਲ ਰੂਪ ਵਿਚ ਬਦਲ ਗਿਆ। ਉਨ੍ਹਾਂ ਕਿਹਾ ਕਿ ਦੋ ਮਾਮਲੇ (ਲੁਧਿਆਣਾ ਅਤੇ ਪਟਿਆਲਾ) ਵਿਚ ਡੈਲਟਾ ਪਲੱਸ ਰੂਪ ਸਾਹਮਣੇ ਆਇਆ ਹੈ ਜਦਕਿ ਮਈ ਅਤੇ ਜੂਨ ਵਿਚ ਡੈਲਟਾ ਰੂਪ ਵੱਧ ਮੌਜੂਦ ਸੀ।

          ਲੁਧਿਆਣਾ ਦੀ ਮਰੀਜ਼ ਦੇ ਸੰਪਰਕ ਵਿਚ ਆਏ 198 ਵਿਅਕਤੀਆਂ ਦੀ ਟੈਸਟਿੰਗ ਕੀਤੀ ਗਈ ਜਿਸ ਵਿੱਚੋਂ ਇਕ ਪਾਜੇਟਿਵ ਪਾਇਆ ਗਿਆ ਅਤੇ ਵਾਇਰਸ ਦਾ ਬਦਲਦੇ ਸੁਭਾਅ ਨੂੰ ਜਾਣਨ ਲਈ ਸੈਂਪਲ ਭੇਜਿਆ ਜਾ ਚੁੱਕਾ ਹੈ। ਇਸੇ ਤਰ੍ਹਾਂ ਪਟਿਆਲਾ ਦੇ ਕੇਸ ਵਿਚ ਵਾਇਰਸ ਦੇ ਨਵੇਂ ਸੁਭਾਅ ਦਾ ਪਤਾ ਲਾਏ ਜਾਣ ਸਬੰਧੀ ਰਿਪੋਰਟ 26 ਜੂਨ ਨੂੰ ਪ੍ਰਾਪਤ ਹੋਈ ਹੈ ਅਤੇ ਟਰੇਸਿੰਗ/ਟੈਸਟਿੰਗ ਦੀ ਪ੍ਰਕਿਰਿਆ ਜਾਰੀ ਹੈ। ਮੁੱਖ ਸਕੱਤਰ ਵਿਨੀ ਮਹਾਜਨ ਨੇ ਖੁਲਾਸਾ ਕੀਤਾ ਕਿ ਜੀਨੋਮ ਸੈਪਲਿੰਗ ਦੇ ਲਗਪਗ 489 ਸੈਂਪਲ (ਅਪ੍ਰੈਲ ਵਿਚ 276, ਮਈ ਵਿਚ 100 ਅਤੇ ਜੂਨ ਵਿਚ 113) ਅਜੇ ਤੱਕ ਕੇਂਦਰੀ ਲੈਬ ਵਿਚ ਲੰਬਿਤ ਹਨ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਸੂਬਾ ਸਰਕਾਰ ਵੱਲੋਂ ਮਈ ਵਿਚ ਭੇਜੇ ਗਏ ਸੈਂਪਲਾਂ ਵਿਚ ਵਾਇਰਸ ਦਾ ਡੈਲਟਾ ਪਲੱਸ ਰੂਪ ਪਾਇਆ ਗਿਆ ਜਿਸ ਦੇ ਨਤੀਜੇ ਹਾਲ ਹੀ ਵਿਚ ਭਾਰਤ ਸਰਕਾਰ ਦੀਆਂ ਲੈਬਜ਼ ਵੱਲੋਂ ਦਿੱਤੇ ਗਏ ਹਨ।

          ਕੈਪਟਨ ਅਮਰਿੰਦਰ ਸਿੰਘ ਨੇ ਕੌਮੀ ਪੱਧਰ ਦੀ ਗੈਰ-ਲਾਭ ਵਾਲੀ ਸੰਸਥਾ ‘ਪਾਥ’ ਦੇ ਸਹਿਯੋਗ ਨਾਲ ਪਟਿਆਲਾ ਵਿਖੇ ਜੀਨੋਮ ਸੀਕੁਐਂਸ ਲੈਬ ਦੀ ਸਥਾਪਨਾ ਵਿਚ ਤੇਜੀ ਲਿਆਉਣ ਦੇ ਹੁਕਮ ਦਿੱਤੇ ਹਨ ਤਾਂ ਕਿ ਜੁਲਾਈ ਤੱਕ ਇਸ ਨੂੰ ਕਾਰਜਸ਼ੀਲ ਬਣਾਇਆ ਜਾ ਸਕੇ। ਉਨ੍ਹਾਂ ਨੇ ਭੂਗੋਲਿਕ ਸੀਮਾਵਾਂ ਵਿਚ ਕਲੱਸਟਰਾਂ, ਸੰਸਥਾਗਤ ਜਾਂ ਵਾਇਰਸ ਦੇ ਫੈਲਾਅ ਵਾਲੀ ਘਟਨਾ ਵਾਲੇ ਇਲਾਕੇ ਵਿਚ ਸਾਹਮਣੇ ਆਏ ਕੇਸਾਂ ਦਾ ਸੁਭਾਅ ਜਾਣਨ ਵਿਚ ਤੇਜੀ ਲਿਆਉਣ ਦੇ ਆਦੇਸ਼ ਦਿੱਤੇ ਹਨ ਤਾਂ ਕਿ ਕੋਰਨਾ ਦੀ ਸੰਭਾਵੀ ਤੀਜੀ ਲਹਿਰ ਦੇ ਫੈਲਾਅ ਨੂੰ ਰੋਕਿਆ ਜਾ ਸਕੇ।

          ਸਿਹਤ ਮੰਤਰੀ ਬਲਬੀਰ ਸਿੱਧੂ ਨੇ ਡੈਲਟਾ ਪਲੱਸ ਦੇ ਮਾਮਲਿਆਂ ਵਾਲੇ ਮੁਲਕਾਂ ਤੋਂ ਆਉਣ ਵਾਲੇ ਲੋਕਾਂ ਉਤੇ ਵੀ ਨੇੜਿਓਂ ਨਜ਼ਰ ਰੱਖਣ ਦਾ ਸੁਝਾਅ ਦਿੱਤਾ।

          ਮਾਹਿਰਾਂ ਵੱਲੋਂ ਅਟੱਲ ਰੂਪ ਵਿਚ ਤੀਜੀ ਲਹਿਰ ਆਉਣ ਦੀ ਜਤਾਈ ਸੰਭਾਵਨਾ ਲਈ ਤਿਆਰੀਆਂ ਦਾ ਜਾਇਜਾ ਲੈਂਦੇ ਹੋਏ ਮੁੱਖ ਮੰਤਰੀ ਨੇ ਸਿਹਤ ਤੇ ਮੈਡੀਕਲ ਸਿੱਖਿਆ ਵਿਭਾਗਾਂ ਨੂੰ ਮੌਜੂਦਾ ਸਮੇਂ ਪ੍ਰਤੀ ਦਿਨ 40,000 ਟੈਸਟਿੰਗ ਅਤੇ ਕੰਟੈਕਟ ਟ੍ਰੇਸਿੰਗ ਵਧਾਉਣ ਦੇ ਹੁਕਮ ਦਿੱਤੇ ਅਤੇ ਕੰਟੈਕਟ ਟ੍ਰੇਸਿੰਗ ਜੋ ਮੌਜੂਦਾ ਸਮੇਂ ਪ੍ਰਤੀ ਪਾਜੇਟਿਵ ਵਿਅਕਤੀ 22 ਵਿਅਕਤੀ ਹਨ ਅਤੇ ਘੱਟੋ-ਘੱਟ ਪ੍ਰਤੀ ਵਿਅਕਤੀ 15 ਹੈ।

ਕਰੋਨਾ ਮੁਕਤ ਪੇਂਡੂ ਅਭਿਆਨ ਨੂੰ ਪੂਰੀ ਤਰ੍ਹਾਂ ਜਾਰੀ ਰੱਖਣ ਦੀ ਲੋੜ ਉਤੇ ਜੋਰ ਦਿੰਦੇ ਹੋਏ ਉਨ੍ਹਾਂ ਨੇ ਸੰਸਥਾ ਨੂੰ ਟੈਸਟਿੰਗ ਲਈ ਲੋਕਾਂ ਤੱਕ ਖਾਸ ਤੌਰ ਉਤੇ ਪਿੰਡਾਂ ਵਿਚ ਕੈਂਪ ਲਾਉਣ ਦੀ ਹਦਾਇਤ ਕੀਤੀ।

          ਟੈਸਟਿੰਗ ਲਈ ਬਦਲੇ ਸਮੇਂ ਨੂੰ ਘਟਾਉਣ ਲਈ ਚੁੱਕੇ ਗਏ ਕਦਮਾਂ ਬਾਰੇ ਉਨ੍ਹਾਂ ਨੇ ‘ਪਾਥ’ ਤੋਂ ਆਏ ਪ੍ਰਸਤਾਵ ਨੂੰ ਅੱਗੇ ਲਿਜਾਣ ਦੀ ਲੋੜ ਉਤੇ ਜੋਰ ਦਿੱਤਾ ਤਾਂ ਕਿ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ, ਪਟਿਆਲਾ ਵਿਖੇ ਸਵੈ-ਚਾਲਿਤ ਲੈਬ ਲਈ ਸਹਿਯੋਗ ਮਿਲ ਸਕੇ ਅਤੇ ਇਸ ਨੂੰ ਬਾਰਕੋਡਿੰਗ ਸਕੈਨਿੰਗ ਨਾਲ ਲੈਸ ਬਣਾਇਆ ਜਾਵੇ ਤਾਂ ਕਿ ਡਾਟਾ ਆਪਣੇ ਆਪ ਸਿਸਟਮ ਵਿਚ ਸਟੋਰ ਹੋ ਸਕੇ।

          ਮੁੱਖ ਮੰਤਰੀ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਲੋਕ ਸਾਂਝੇਦਾਰੀ ਮਾਡਲ ਨੂੰ ਤਰਜੀਹ ਵਿਚ ਜਾਰੀ ਰੱਖਣਾ ਚਾਹੀਦਾ ਹੈ ਤਾਂ ਕਿ ਕੋਵਿਡ ਸਬੰਧੀ ਇਹਤਿਆਤ ਵਰਤਣ ਲਈ ਕਮਿਊਨਿਟੀ ਦੀ ਮਾਲਕੀ ਅਤੇ ਸਥਿਰ ਮੁਹਿੰਮ ਚਲਾਈ ਜਾ ਸਕੇ। ਇਸ ਤੋਂ ਪਹਿਲਾਂ ਸੰਖੇਪ ਪੇਸ਼ਕਾਰੀ ਦਿੰਦੇ ਹੋਏ ਸਿਹਤ ਸਕੱਤਰ ਹੁਸਨ ਲਾਲ ਨੇ ਦੱਸਿਆ ਕਿ ਵਿਭਾਗ ਨੇ ਸੰਭਾਵੀ ਤੀਜੀ ਲਹਿਰ ਦੇ ਪੈਰ ਪਸਾਰਨ ਤੋਂ ਰੋਕੀ ਰੱਖਣ ਲਈ ਵਿਆਪਕ ਨਿਗਰਾਨ ਰਣਨੀਤੀ ਘੜੀ ਹੈ। ਇਨ੍ਹਾਂ ਵਿਚ ਦੂਜੀ ਲਹਿਰ ਤੋਂ ਬਾਅਦ ਵਿਵਹਾਰ ਵਿਚ ਤਬਦੀਲੀ, ਮੌਸਮੀ ਬਦਲਾਅ, ਮੁੜ ਲਾਗ ਸ਼ਾਮਲ ਹੈ।

          ਮੁੱਖ ਮੰਤਰੀ ਨੇ ਵਿਭਾਗ ਨੂੰ ਹੁਣ ਤੱਕ ਅਪਣਾਈਆਂ ਜਾ ਰਹੀਆਂ ਮਾਈਕ੍ਰੋ ਕੰਟੇਨਮੈਂਟ ਅਤੇ ਕੰਟੇਨਮੈਂਟ ਰਣਨੀਤੀਆਂ ਤੋਂ ਵੀ ਪਰੇ ਜਾ ਕੇ ਇਲਾਕਾ ਅਧਾਰਿਤ (ਵਾਰਡ, ਪਿੰਡ, ਬਲਾਕ, ਕਸਬਾ, ਸ਼ਹਿਰ) ਬੰਦਿਸ਼ਾਂ ਉਤੇ ਕੰਮ ਕਰਨ ਲਈ ਕਿਹਾ।

          ਕੈਪਟਨ ਅਮਰਿੰਦਰ ਸਿੰਘ ਵਿਭਾਗ ਨੂੰ ਡਾ. ਕੇ.ਕੇ. ਤਲਵਾੜ ਕਮੇਟੀ ਵੱਲੋਂ ਹਾਲ ਹੀ ਵਿਚ ਚੁਣੇ ਗਏ 128 ਸਪੈਸ਼ਲਿਸਟ ਡਾਕਟਰਾਂ ਦੀ ਛੇਤੀ ਤੋਂ ਛੇਤੀ ਨਿਯੁਕਤੀ ਤੇ ਤਾਇਨਾਤੀ ਕਰਨ ਲਈ ਆਖਿਆ। ਉਨ੍ਹਾਂ ਕਿਹਾ ਕਿ ਸਾਰੇ ਪੱਧਰਾਂ ਉਤੇ ਰੈਗੂਲਰ ਭਰਤੀ ਵੀ ਜਾਰੀ ਰਹਿਣੀ ਚਾਹੀਦੀ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਮਾਮਲਿਆਂ ਵਿਚ ਇਕਦਮ ਵਾਧਾ ਹੋਣ ਦੀ ਸੂਰਤ ਵਿਚ ਆਕਸੀਜਨ ਦੀ ਲੋੜ ਪੂਰੀ ਕਰਨ ਲਈ 77 ਪੀ.ਐਸ.ਏ. ਪਲਾਟਾਂ ਦੀ ਸਥਾਪਨਾ ਕੀਤੇ ਜਾਣਾ ਪ੍ਰਕਿਰਿਆ ਅਧੀਨ ਹੈ। ਉਨ੍ਹਾਂ ਦੱਸਿਆ ਕਿ ਸੂਬੇ ਕੋਲ 6700 ਆਕਸੀਜਨ ਕੰਸਨਟਰੇਟਰ ਹਨ।

          ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਓ.ਪੀ. ਸੋਨੀ ਨੇ ਕਿਹਾ ਕਿ ਸੂਬੇ ਦੇ ਸਰਕਾਰੀ ਮੈਡੀਕਲ ਕਾਲਜਾਂ ਵਿਚ ਤੀਜੀ ਲਹਿਰ ਨਾਲ ਨਿਪਟਣ ਲਈ 80 ਫੀਸਦੀ ਲੋੜੀਂਦੀਆਂ ਤਿਆਰੀਆਂ ਕੀਤੀਆਂ ਜਾ ਚੁੱਕੀਆਂ ਹਨ।

          ਡਾ. ਤਲਵਾੜ ਨੇ ਮੀਟਿੰਗ ਦੌਰਾਨ ਦੱਸਿਆ ਕਿ ਇਹ ਵਾਇਰਸ ਦੇ ਰੂਪ ਦੇ ਕਾਰਨ ਤੀਜੀ ਲਹਿਰ ਦੀ ਪੇਸ਼ੀਨਗੋਈ ਕਰਨੀ ਬਹੁਤ ਮੁਸ਼ਕਲ ਹੈ ਅਤੇ 12 ਮਲਕਾਂ ਤੋਂ ਡੈਲਟਾ ਪਲੱਸ ਦੇ ਮਾਮਲੇ ਸਾਹਮਣੇ ਆਏ ਹਨ ਅਤੇ ਮਹਾਰਾਸ਼ਟਰ ਵਿਚ 52 ਕੇਸ ਹਨ। ਉਨ੍ਹਾਂ ਨੇ ਬਹੁਤ ਹੀ ਚੌਕਸੀ ਵਰਤਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਇਹ ਦੇਖਣਾ ਜ਼ਰੂਰੀ ਹੈ ਕਿ ਵਾਇਰਸ ਦਾ ਇਹ ਰੂਪ ਕਿਸ ਤਰ੍ਹਾਂ ਦਾ ਪਰਿਵਰਤਨਸ਼ੀਲ ਵਿਵਹਾਰ ਕਰਦਾ ਹੈ। ਉਨ੍ਹਾਂ ਕਿਹਾ ਕਿ  ਮੌਜੂਦਾ ਵੈਕਸੀਨ ਵਾਇਸ ਦੇ ਵਰਤਮਾਨ ਰੂਪ ਵਿਰੁੱਧ ਅਸਰ ਦਿਖਾ ਰਹੀ ਹੈ।

          ਬਲੈਕ ਫੰਗਸ ਬਾਰੇ ਮੁੱਖ ਮੰਤਰੀ ਨੇ ਦੱਸਿਆ ਕਿ ਹਰਿਆਣਾ ਸਮੇਤ ਦੂਜੇ ਸੂਬਿਆਂ ਦੇ ਮੁਕਾਬਲੇ ਪੰਜਾਬ ਵਿਚ ਬਹੁਤ ਘੱਟ ਕੇਸ ਹਨ ਅਤੇ ਦਿੱਲੀ ਵਿਚ ਨਾ ਸਿਰਫ ਵੱਧ ਕੇਸ ਸਾਹਮਣੇ ਆਏ ਸਗੋਂ ਪੰਜਾਬ ਵਿਚ ਹੋਈਆਂ ਮੌਤਾਂ ਨਾਲੋਂ ਤਿੰਨ ਗੁਣਾ ਵੱਧ ਮੌਤਾਂ ਵੀ ਹੋਈਆਂ। ਹਾਲਾਂਕਿ, ਮੁੱਖ ਮੰਤਰੀ ਨੇ ਕਿਹਾ ਕਿ ਬਦਕਿਸਮਤੀ ਨਾਲ ਸੂਬੇ ਵਿਚ ਬਲੈਕ ਫੰਗਸ ਨਾਲ 51 ਲੋਕਾਂ ਦੀਆਂ ਮੌਤਾਂ ਹੋਈਆਂ ਹਨ।

Related Articles

Leave a Reply

Your email address will not be published. Required fields are marked *

Back to top button
error: Sorry Content is protected !!