
ਮੁੱਖ ਮੰਤਰੀ ਵੱਲੋਂ ਗਵਰਨੈਂਸ ਫੈਲੋਜ਼ ਨੂੰ ਸੂਬਾ ਸਰਕਾਰ ਦੀਆਂ ਪ੍ਰਮੁੱਖ ਸਕੀਮਾਂ ਦੇ ਲਾਭ ਲੋਕਾਂ ਤੱਕ ਪਹੁੰਚਾਉਣ ਲਈ ਪੁਲ ਵਜੋਂ ਵਿਚਰਨ ਦਾ ਸੱਦਾ
ਚੰਡੀਗੜ੍ਹ, 21 ਅਗਸਤ*: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸੀਨੀਅਰ ਪੰਜਾਬ ਗੁੱਡ ਗਵਰਨੈਂਸ ਫੈਲੋਜ਼ ਨੂੰ ਸੂਬਾ ਸਰਕਾਰ ਦੀਆਂ ਕਈ ਪ੍ਰਮੁੱਖ ਯੋਜਨਾਵਾਂ ਅਤੇ ਸਕੀਮਾਂ ਦੇ ਲਾਭ ਲੋਕਾਂ ਤੱਕ ਪਹੁੰਚਾਉਣ ਲਈ ਪੁਲ ਵਜੋਂ ਵਿਚਰਨ ਦਾ ਸੱਦਾ ਦਿੱਤਾ।
ਅੱਜ ਇੱਥੇ ਫੈਲੋਜ਼ ਨਾਲ ਵਿਚਾਰ-ਚਰਚਾ ਸੈਸ਼ਨ ਦੌਰਾਨ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਵੱਖ-ਵੱਖ ਵਿਭਾਗਾਂ ਵਿੱਚ ਸੇਵਾ ਨਿਭਾਉਣ ਲਈ ਭਰਤੀ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ, ਮੁੱਖ ਮੰਤਰੀ ਸਿਹਤ ਯੋਜਨਾ, ਯੁੱਧ ਨਸ਼ਿਆਂ ਵਿਰੁੱਧ, ਆਮ ਆਦਮੀ ਕਲੀਨਿਕ, ਸਕੂਲ ਆਫ਼ ਐਮੀਨੈਂਸ ਅਤੇ ਹੋਰਨਾਂ ਸਮੇਤ ਸੂਬਾ ਸਰਕਾਰ ਦੇ ਪ੍ਰਮੁੱਖ ਪ੍ਰੋਗਰਾਮਾਂ ਲਈ ਜ਼ਿੰਮੇਵਾਰੀ ਦਿੱਤੀ ਜਾਵੇਗੀ। ਉਨ੍ਹਾਂ ਨੇ ਆਸ ਪ੍ਰਗਟਾਈ ਕਿ ਇਹ ਫੈਲੋਜ਼ ਸਮਰਪਿਤ ਭਾਵਨਾ, ਨਵੀਨਤਾ, ਅਮਲ ਅਤੇ ਲੋਕਾਂ ਨਾਲ ਜੁੜ ਕੇ ਸੇਵਾ ਪ੍ਰਦਾਨ ਕਰਨ ਅਤੇ ਪ੍ਰਸ਼ਾਸਨ ਦੇ ਨਤੀਜਿਆਂ ਨੂੰ ਬਿਹਤਰ ਬਣਾਉਣ ਲਈ ਨਵੇਂ ਦ੍ਰਿਸ਼ਟੀਕੋਣ, ਹੁਨਰ ਅਤੇ ਅਮਲ ਨੂੰ ਯਕੀਨੀ ਬਣਾਉਣਗੇ। ਭਗਵੰਤ ਸਿੰਘ ਮਾਨ ਨੇ ਫੈਲੋਜ਼ ਨੂੰ ਅਪੀਲ ਕੀਤੀ ਕਿ ਉਹ ਲੋਕਾਂ ਨਾਲ ਸਿੱਧਾ ਸੰਪਰਕ ਸਥਾਪਤ ਕਰਨ ਤਾਂ ਜੋ ਉਹ ਸਕੀਮਾਂ ਨੂੰ ਸੁਚਾਰੂ ਅਤੇ ਨਿਰਵਿਘਨ ਢੰਗ ਨਾਲ ਲਾਗੂ ਕਰਨ ਲਈ ਜ਼ਮੀਨੀ ਪੱਧਰ ‘ਤੇ ਹਕੀਕਤਾਂ ਤੋਂ ਜਾਣੂ ਹੋ ਸਕਣ।
ਮੁੱਖ ਮੰਤਰੀ ਨੇ ਉਨ੍ਹਾਂ ਨੂੰ ਸੂਬਾ ਸਰਕਾਰ ਵੱਲੋਂ ਪੂਰਾ ਸਮਰਥਨ ਅਤੇ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਫੈਲੋਜ਼ ਨੂੰ ਲੋਕਾਂ ਨਾਲ ਸਿੱਧਾ ਸੰਪਰਕ ਸਥਾਪਤ ਕਰਨ ਲਈ ਖੁੱਲ੍ਹੀ ਆਜ਼ਾਦੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਫੈਲੋਜ਼ ਆਈ.ਆਈ.ਟੀ. ਤੋਂ ਲੈ ਕੇ ਆਈ.ਆਈ.ਐਮ. ਆਦਿ ਸੰਸਥਾਵਾਂ ਤੋਂ ਸਿਖਲਾਈ ਪ੍ਰਾਪਤ ਹਨ ਅਤੇ ਉਨ੍ਹਾਂ ਕੋਲ ਲੋਕ ਪੱਖੀ ਕਦਮਾਂ ਨੂੰ ਸਹੀ ਢੰਗ ਨਾਲ ਲਾਗੂ ਕਰਨ ਲਈ ਵਿਆਪਕ ਗਿਆਨ ਅਤੇ ਮੁਹਾਰਤ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਹ ਸੂਬਾ ਸਰਕਾਰ ਦਾ ਅਹਿਮ ਹਿੱਸਾ ਹੋਣਗੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਮਕਾਲੀ ਦੁਨੀਆ ਦਿਮਾਗੀ ਤੌਰ ‘ਤੇ ਸੋਚ-ਵਿਚਾਰ ਕਰਨ ਅਤੇ ਨਵੇਂ ਵਿਚਾਰ ਲਿਆਉਣ ਨਾਲ ਸਬੰਧਤ ਹੈ। ਉਨ੍ਹਾਂ ਕਿਹਾ ਕਿ ਇੱਕ ਜਾਂ ਦੋ ਵਿਅਕਤੀਆਂ ਵੱਲੋਂ ਦਿੱਤੇ ਬੇਸ਼ਕੀਮਤੀ ਵਿਚਾਰ ਨਾਲ ਅਰਬਾਂ ਡਾਲਰਾਂ ਦੇ ਕਾਰੋਬਾਰ ਬਣੇ ਹਨ।
ਮੁੱਖ ਮੰਤਰੀ ਨੇ ਫੈਲੋਜ਼ ਨੂੰ ਜ਼ਮੀਨੀ ਹਕੀਕਤਾਂ ਦਾ ਪਤਾ ਲਾਉਣ ਅਤੇ ਲੋਕਾਂ ਤੇ ਸੂਬਾ ਸਰਕਾਰ ਦਰਮਿਆਨ ਸੰਚਾਰ ਦੇ ਪਾੜੇ ਨੂੰ ਪੂਰਨ ਲਈ ਪੂਰੀ ਤਨਦੇਹੀ ਨਾਲ ਕੰਮ ਕਰਨ ਲਈ ਕਿਹਾ ਤਾਂ ਜੋ ਲੋਕਾਂ ਨੂੰ ਵੱਧ ਤੋਂ ਵੱਧ ਲਾਭ ਪਹੁੰਚਾਇਆ ਜਾ ਸਕੇ। ਭਗਵੰਤ ਸਿੰਘ ਮਾਨ ਨੇ ਉਨ੍ਹਾਂ ਨੂੰ ਸਰਕਾਰ ਦੇ ਹਰ ਫੈਸਲੇ ਬਾਰੇ ਜ਼ਮੀਨੀ ਪੱਧਰ ‘ਤੇ ਜਾਣਕਾਰੀ ਪ੍ਰਦਾਨ ਕਰਨ ਲਈ ਉਤਸ਼ਾਹਿਤ ਕੀਤਾ ਤਾਂ ਜੋ ਇੱਕ ਮਜ਼ਬੂਤ ਅਤੇ ਵਿਵਹਾਰਕ ਫੀਡਬੈਕ ਵਿਧੀ ਵਿਕਸਤ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਸਕਾਰਾਤਮਕ ਵਿਚਾਰ ਅਤੇ ਵਿਹਾਰ ਸਫਲਤਾ ਦੀ ਕੁੰਜੀ ਹੈ ਅਤੇ ਉਨਾਂ ਨੂੰ ਆਪਣੇ ਦ੍ਰਿਸ਼ਟੀਕੋਣ ਅਤੇ ਕੰਮਕਾਜ ਵਿੱਚ ਸਕਾਰਾਤਮਕਤਾ ਪੈਦਾ ਕਰਨੀ ਚਾਹੀਦੀ ਹੈ।
ਇੱਕ ਮਿਸਾਲ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਨਾ ਤਾਂ ਉਨ੍ਹਾਂ ਨੇ ਅਤੇ ਨਾ ਹੀ ਉਨ੍ਹਾਂ ਦੇ ਕਿਸੇ ਵੀ ਮੰਤਰੀ ਨੇ ਕਦੇ ਇਹ ਦਾਅਵਾ ਕੀਤਾ ਕਿ ਸਰਕਾਰੀ ਖਜ਼ਾਨਾ ਖਾਲੀ ਹੈ ਅਤੇ ਸੂਬੇ ਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਸੂਬੇ ਦੇ ਇੱਕ-ਇੱਕ ਪੈਸੇ ਦੀ ਵਰਤੋਂ ਸੂਬੇ ਦੀ ਤਰੱਕੀ ਅਤੇ ਲੋਕਾਂ ਦੀ ਖੁਸ਼ਹਾਲੀ ਲਈ ਸਮਝਦਾਰੀ ਨਾਲ ਕੀਤੀ ਜਾ ਰਹੀ ਹੈ। ਭਗਵੰਤ ਸਿੰਘ ਮਾਨ ਨੇ ਦੁੱਖ ਪ੍ਰਗਟ ਕੀਤਾ ਕਿ ਸਾਬਕਾ ਵਿੱਤ ਮੰਤਰੀ ਇਹ ਬਿਆਨਬਾਜ਼ੀ ਕਰਦੇ ਰਹੇ ਸਨ ਕਿ ਖਜ਼ਾਨਾ ਖਾਲੀ ਹੈ ਜਿਸ ਕਾਰਨ ਸੂਬੇ ਦੇ ਵਿਕਾਸ ਵਿੱਚ ਵੱਡੀ ਰੁਕਾਵਟ ਆ ਰਹੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਕਦੇ ਵੀ ਉਸਾਰੂ ਮਾਹੌਲ ਸਿਰਜਣ ਲਈ ਕੋਈ ਤਰੱਦਦ ਨਹੀਂ ਕੀਤਾ ਅਤੇ ਪ੍ਰਸ਼ਾਸਨਿਕ ਢਾਂਚੇ ਨੂੰ ਤਬਾਹ ਕਰ ਦਿੱਤਾ ਹੈ ਜਿਸ ਕਾਰਨ ਨੌਜਵਾਨਾਂ ਨੂੰ ਵਿਦੇਸ਼ ਜਾਣ ਲਈ ਮਜਬੂਰ ਹੋਣਾ ਪਿਆ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਹ ਹਮੇਸ਼ਾ ਨਵੇਂ ਵਿਚਾਰਾਂ ਅਤੇ ਲੀਹੋਂ ਹਟਵੀਂ ਸੋਚ ਦੇ ਧਾਰਨੀ ਰਹੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਨੂੰ ਸਮਰੱਥ ਬਣਾਉਣਾ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਪੰਜਾਬ ਵਿੱਚ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਣ ਲਈ ਨਵੇਂ ਵਿਚਾਰਾਂ ਅਤੇ ਨਵੀਨਤਮ ਕਾਢਾਂ ਲਈ ਹਮੇਸ਼ਾ ਤਿਆਰ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੇ ਵਿਚਾਰਾਂ ਨੂੰ ਖੰਭ ਦੇਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਅਤੇ ਇਸ ਨੇਕ ਕਾਰਜ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ।
ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਪਤਵੰਤਿਆਂ ਦਾ ਸਵਾਗਤ ਕੀਤਾ।