May 12, 2021

ਪ੍ਰਾਈਵੇਟ ਦਫ਼ਤਰਾਂ ਨੂੰ ਘਰ ਤੋਂ ਕੰਮ ਕਰਨ ਨੂੰ ਯਕੀਨੀ ਬਣਾਉਣ ਦੇ ਦਿੱਤੇ ਹੁਕਮ • ਜਲਦੀ ਸ਼ੁਰੂ ਹੋਣ ਜਾ ਰਹੇ ਕੋਵਿਡ ਵੈਕਸੀਨ ਦੇ ਤੀਜੇ ਗੇੜ ਲਈ 3,29,830 ਖੁਰਾਕਾਂ  • ਪਿਛਲੇ 24 ਘੰਟਿਆਂ ਵਿੱਚ ਕੋਵਿਡ ਨਿਯਮਾਂ ਦੀ ਉਲੰਘਣਾ ਕਰਨ ਲਈ 1930 ਵਿਅਕਤੀਆਂ ਦੇ ਕੱਟੇ ਚਲਾਨ ਅਤੇ 134 ਕੀਤੇ ਗ੍ਰਿਫਤਾਰ

ਪ੍ਰਾਈਵੇਟ ਦਫ਼ਤਰਾਂ ਨੂੰ ਘਰ ਤੋਂ ਕੰਮ ਕਰਨ ਨੂੰ ਯਕੀਨੀ ਬਣਾਉਣ ਦੇ ਦਿੱਤੇ ਹੁਕਮ  • ਜਲਦੀ ਸ਼ੁਰੂ ਹੋਣ ਜਾ ਰਹੇ ਕੋਵਿਡ ਵੈਕਸੀਨ ਦੇ ਤੀਜੇ ਗੇੜ ਲਈ 3,29,830 ਖੁਰਾਕਾਂ   • ਪਿਛਲੇ 24 ਘੰਟਿਆਂ ਵਿੱਚ ਕੋਵਿਡ ਨਿਯਮਾਂ ਦੀ ਉਲੰਘਣਾ ਕਰਨ ਲਈ 1930 ਵਿਅਕਤੀਆਂ ਦੇ ਕੱਟੇ ਚਲਾਨ ਅਤੇ 134 ਕੀਤੇ ਗ੍ਰਿਫਤਾਰ

 

 

ਜ਼ਿਲ੍ਹਿਆਂ ਨੂੰ 809 ਵੈਂਟੀਲੇਟਰ ਦਿੱਤੇ: ਮੁੱਖ ਸਕੱਤਰ

 

• ਡਿਪਟੀ ਕਮਿਸ਼ਨਰਾਂ ਨੂੰ ਸਾਰੇ ਵੈਂਟੀਲੇਟਰਜ਼ ਅਤੇ ਆਕਸੀਜਨ ਕੰਸਨਟ੍ਰੇਟਰਜ਼ ਕਾਰਜਸ਼ੀਲ ਬਣਾਉਣ ਦੇ ਨਿਰਦੇਸ਼

• ਪ੍ਰਾਈਵੇਟ ਦਫ਼ਤਰਾਂ ਨੂੰ ਘਰ ਤੋਂ ਕੰਮ ਕਰਨ ਨੂੰ ਯਕੀਨੀ ਬਣਾਉਣ ਦੇ ਦਿੱਤੇ ਹੁਕਮ

• ਜਲਦੀ ਸ਼ੁਰੂ ਹੋਣ ਜਾ ਰਹੇ ਕੋਵਿਡ ਵੈਕਸੀਨ ਦੇ ਤੀਜੇ ਗੇੜ ਲਈ 3,29,830 ਖੁਰਾਕਾਂ

• ਪਿਛਲੇ 24 ਘੰਟਿਆਂ ਵਿੱਚ ਕੋਵਿਡ ਨਿਯਮਾਂ ਦੀ ਉਲੰਘਣਾ ਕਰਨ ਲਈ 1930 ਵਿਅਕਤੀਆਂ ਦੇ ਕੱਟੇ ਚਲਾਨ ਅਤੇ 134 ਕੀਤੇ ਗ੍ਰਿਫਤਾਰ: ਡੀ.ਜੀ.ਪੀ.

 

ਚੰਡੀਗੜ੍ਹ, 2 ਮਈ:

ਸੂਬੇ ਵਿੱਚ ਕੋਵਿਡ ਦੇ ਗੰਭੀਰ ਮਰੀਜ਼ਾਂ ਨੂੰ ਸਿਹਤ ਸਹੂਲਤਾਂ ਦੇਣ ਵੱਲ ਇੱਕ ਹੋਰ ਕਦਮ ਵਧਾਉਂਦਿਆਂ ਅਤੇ ਕੋਵਿਡ-19 ਦੀ ਦੂਜੀ ਲਹਿਰ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਿਆਂ ਨੂੰ 809 ਹੋਰ ਵੈਂਟੀਲੇਟਰ ਮੁਹੱਈਆ ਕਰਵਾਏ ਗਏ ਹਨ।

ਇਹ ਪ੍ਰਗਟਾਵਾ ਪੰਜਾਬ ਦੇ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੇ ਐਤਵਾਰ ਨੂੰ ਕੋਵਿਡ ਅਤੇ ਟੀਕਾਕਰਨ ਦੀ ਮੌਜੂਦਾ ਸਥਿਤੀ ਦਾ ਜਾਇਜ਼ਾ ਲੈਣ ਲਈ ਕੀਤੀ ਉੱਚ ਪੱਧਰੀ ਮੀਟਿੰਗ ਦੀ ਅਗਵਾਈ ਕਰਦਿਆਂ ਕੀਤਾ।

 

ਉਹਨਾਂ ਨੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਹਦਾਇਤ ਕੀਤੀ ਕਿ ਅੱਜ ਹੀ ਸਾਰੇ ਵੈਂਟੀਲੇਟਰ ਲਗਾਏ ਜਾਣ ਅਤੇ ਇੱਕ ਵੀ ਆਕਸੀਜਨ ਕੰਸਨਟ੍ਰੇਟਰ ਜਾਂ ਵੈਂਟੀਲੇਟਰ ਬਗੈਰ ਵਰਤੋਂ ਤੋਂ ਨਾ ਰੱਖਿਆ ਜਾਵੇ। ਉਹਨਾਂ ਨੇ ਕੋਵਿਡ -19 ਦੇ ਵੱਧ ਰਹੇ ਕੇਸਾਂ ਨੂੰ ਠੱਲ੍ਹ ਪਾਉਣ ਲਈ ਪ੍ਰਾਈਵੇਟ ਦਫਤਰਾਂ ਨੂੰ ਘਰ ਤੋਂ ਹੀ ਕੰਮ ਕਰਨ ਨੂੰ ਯਕੀਨੀ ਬਣਾਉਣ ਦੇ ਹੁਕਮ ਵੀ ਦਿੱਤੇ।

 

ਇੱਥੇ ਪ੍ਰਸ਼ਾਸਕੀ ਸਕੱਤਰਾਂ, ਡਿਪਟੀ ਕਮਿਸ਼ਨਰਾਂ, ਪੁਲਿਸ ਕਮਿਸ਼ਨਰਾਂ , ਐਸ.ਐਸ.ਪੀਜ਼ ਅਤੇ ਸਿਵਲ ਸਰਜਨਾਂ ਦੀ ਆਨਲਾਈਨ ਮੀਟਿੰਗ ਨੂੰ ਸੰਬੋਧਨ ਕਰਦਿਆਂ ਮੁੱਖ ਸਕੱਤਰ ਨੇ ਸਾਰੇ ਸਬੰਧਤ ਵਿਭਾਗਾਂ ਨੂੰ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕਰਨ ਦੇ ਨਿਰਦੇਸ਼ ਦਿੱਤੇ। ਉਹਨਾਂ ਨੇ ਕੋਵਿਡ ਦੇ ਮਰੀਜ਼ਾਂ ਨੂੰ ਬਿਹਤਰੀਨ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਐਲ- 2 ਅਤੇ ਐਲ- 3 ਬੈੱਡਾਂ ਦੀ ਗਿਣਤੀ ਵਧਾਉਣ ਲਈ ਵੀ ਕਿਹਾ ਕਿਉਂਕਿ ਸੂਬੇ ਦੇ ਕੁੱਲ 22 ਜ਼ਿਲ੍ਹਿਆਂ ਵਿਚੋਂ 14 ਵਿੱਚ ਪਾਜ਼ੇਟਿਵਟੀ ਦਰ 10% ਤੋਂ ਵੱਧ ਹੈ।

ਉਹਨਾਂ ਨੇ ਦੁਹਰਾਇਆ ਕਿ ਇਸ ਮਹੀਨੇ ਦੇ ਅੰਤ ਤੱਕ ਮੁਹਾਲੀ ਅਤੇ ਬਠਿੰਡਾ ਵਿੱਚ ਕੋਵਿਡ ਮਰੀਜ਼ਾਂ ਲਈ ਆਈ.ਸੀ.ਯੂ. ਸਹੂਲਤਾਂ ਨਾਲ ਲੈਸ ਦੋ ਅਸਥਾਈ ਹਸਪਤਾਲ ਸਥਾਪਤ ਕਰ ਦਿੱਤੇ ਜਾਣਗੇ।

 

ਪ੍ਰਾਈਵੇਟ ਹਸਪਤਾਲਾਂ ਨੂੰ ਮਹਾਂਮਾਰੀ ਵਿਰੁੱਧ ਲੜਨ ਲਈ ਵਧੇਰੇ ਸਰਗਰਮੀ ਨਾਲ ਅੱਗੇ ਆਉਣ ਦੀ ਅਪੀਲ ਕਰਦਿਆਂ ਮੁੱਖ ਸਕੱਤਰ ਨੇ ਡਿਪਟੀ ਕਮਿਸ਼ਨਰਾਂ ਨੂੰ ਹੁਕਮ ਦਿੱਤੇ ਕਿ ਪ੍ਰਾਈਵੇਟ ਹਸਪਤਾਲਾਂ ਵਿੱਚ ਬੈੱਡਾਂ ਦੀ ਸਮਰੱਥਾ ਵਧਾਉਣ ਲਈ ਹਰ ਸੰਭਵ ਸਹਾਇਤਾ ਦਿੱਤੀ ਜਾਵੇ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਬੇਸ਼ਕੀਮਤੀ ਮਨੁੱਖੀ ਜਾਨਾਂ ਨੂੰ ਇਸ ਘਾਤਕ ਵਾਇਰਸ ਤੋਂ ਬਚਾਉਣ ਲਈ ਪਾਬੰਦੀਆਂ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇ।

 

ਦਿੱਲੀ ਅਤੇ ਐੱਨ.ਸੀ.ਆਰ. ਖੇਤਰ ਤੋਂ ਕੋਵਿਡ ਦੇ ਇਲਾਜ ਲਈ ਪੰਜਾਬ ਆ ਰਹੇ ਲੋਕਾਂ ਬਾਰੇ ਮੁੱਖ ਸਕੱਤਰ ਨੇ ਕਿਹਾ ਕਿ ਹੋਰ ਸੂਬਿਆਂ ਦੇ ਮਰੀਜ਼ਾਂ ਨੂੰ ਵੀ ਪੰਜਾਬ ਵਾਸੀਆਂ ਵਾਂਗ ਹੀ ਸਿਹਤ ਸਹੂਲਤਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ।

 

ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਬੋਕਾਰੋ ਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚੋਂ ਮੈਡੀਕਲ ਆਕਸੀਜਨ ਦੀ ਸਪਲਾਈ ਹੋਰ ਵਧਾਉਣ ਲਈ ਕੇਂਦਰ ਸਰਕਾਰ ਨਾਲ ਤਾਲਮੇਲ ਕਰ ਰਹੀ ਹੈ। ਇਸ ਤੋਂ ਇਲਾਵਾ ਸੂਬਾ ਖੁਦ ਵੀ ਆਕਸੀਜਨ ਦੇ ਉਤਪਾਦਨ ਵਿੱਚ ਵਾਧਾ ਕਰ ਰਿਹਾ ਹੈ। ਸ੍ਰੀਮਤੀ ਮਹਾਜਨ ਨੇ ਉਦਯੋਗ ਅਤੇ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਨੂੰ ਆਕਸੀਜਨ ਦੇ ਉਤਪਾਦਨ ਵਿੱਚ ਹੋਰ ਤੇਜ਼ੀ ਲਿਆਉਣ ਦੇ ਨਾਲ-ਨਾਲ ਰਾਜ ਦੇ ਮੈਡੀਕਲ ਕਾਲਜਾਂ ਅਤੇ ਹਸਪਤਾਲਾਂ ਨੂੰ ਨਿਰਵਿਘਨ ਮੈਡੀਕਲ ਆਕਸੀਜਨ ਮੁਹੱਈਆ ਕਰਵਾਏ ਜਾਣ ਨੂੰ ਯਕੀਨੀ ਬਣਾਉਣ ਲਈ ਵੀ ਕਿਹਾ। ਉਹਨਾਂ ਕਿਹਾ ਕਿ ਖਾਲੀ ਆਕਸੀਜਨ ਸਿਲੰਡਰ ਰੱਖਣ ਅਤੇ ਕਾਲਾਬਾਜ਼ਾਰੀ ਦੀ ਕਿਸੇ ਵੀ ਕੀਮਤ’ਤੇ ਆਗਿਆ ਨਹੀਂ ਦੇਣੀ ਚਾਹੀਦੀ।

 

ਸ੍ਰੀਮਤੀ ਮਹਾਜਨ ਨੇ ਘਰਾਂ ਵਿੱਚ ਇਕਾਂਤਵਾਸ ਮਰੀਜ਼ਾਂ ਦੀ ਸਖਤ ਨਿਗਰਾਨੀ ਕਰਨ ਦੀ ਹਦਾਇਤ ਵੀ ਕੀਤੀ ਕਿਉਂਕਿ 80 ਫੀਸਦੀ ਮਰੀਜ਼ ਘਰੇਲੂ ਇਕਾਂਤਵਾਸ ਅਧੀਨ ਹਨ। ਉਹਨਾਂ ਕਿਹਾ ਕਿ ਸਿਹਤ ਵਿਭਾਗ ਉੱਚ ਜੋਖਮ ਵਾਲੇ ਮਰੀਜ਼ਾਂ, 50 ਸਾਲ ਤੋਂ ਵੱਧ ਉਮਰ ਦੇ ਜਾਂ ਗੰਭੀਰ ਸਹਿ-ਰੋਗਾਂ ਵਾਲੇ, ਲਈ ਰੋਜ਼ਾਨਾ ਦੋ ਵਾਰ ਟੈਲੀਕੰਸਲਟੇਸ਼ਨ ਨੂੰ ਯਕੀਨੀ ਬਣਾਏਗਾ ਅਤੇ ਇੱਕ ਟੀਮ ਹਰ ਦੂਜੇ ਦਿਨ ਅਜਿਹੇ ਮਰੀਜ਼ਾਂ ਨਾਲ ਉਨ੍ਹਾਂ ਦੇ ਘਰ ਜਾ ਕੇ ਸੰਪਰਕ ਕਰੇਗੀ।

 

ਉਨ੍ਹਾਂ ਕਿਹਾ ਕਿ ਲਗਭਗ 1000 ਫੂਡ ਕਿੱਟਸ ਹਰੇਕ ਜ਼ਿਲ੍ਹੇ ਨੂੰ ਜਲਦੀ ਉਪਲਬਧ ਕਰਵਾਈਆਂ ਜਾਣਗੀਆਂ। ਉਹਨਾਂ ਜੋ਼ਰ ਦੇ ਕੇ ਕਿਹਾ ਕਿ ਫਤਹਿ ਕਿੱਟ ਅਤੇ ਫੂਡ ਕਿੱਟ ਉਸੇ ਦਿਨ ਪ੍ਰਭਾਵਿਤ ਵਿਅਕਤੀ ਤੱਕ ਪਹੁੰਚਾਈ ਜਾਵੇ ਜਿਸ ਦਿਨ ਉਸਦਾ ਕਰੋਨਾ ਟੈਸਟ ਪਾਜ਼ੇਟਿਵ ਆਇਆ ਹੋਵੇ।

ਮੁੱਖ ਸਕੱਤਰ ਨੇ ਕਿਹਾ ਕਿ ਸਿਹਤ ਅਤੇ ਮੋਹਰਲੀ ਕਤਾਰ ਵਾਲੇ ਸਾਰੇ ਕਰਮਚਾਰੀਆਂ ਨੂੰ ਟੀਕਾ ਲਗਾਇਆ ਜਾਣਾ ਚਾਹੀਦਾ ਹੈ। ਉਹਨਾਂ ਸਪੱਸ਼ਟ ਤੌਰ `ਤੇ ਕਿਹਾ ਕਿ ਆਕਸੀਜਨ, ਰੈਮੇਡਿਸਿਵੀਰ ਅਤੇ ਟੋਸੀਲੀਜ਼ੁਮੈਬ ਮਰੀਜ਼ਾਂ ਨੂੰ ਸਿੱਧੇ ਤੌਰ`ਤੇ ਨਾ ਲਿਖੀਆਂ ਜਾਣ ਬਲਕਿ ਇਹ ਕੇਵਲ ਮਰੀਜ਼ਾਂ ਨੂੰ ਹਸਪਤਾਲ ਵਿੱਚ ਨਿਗਰਾਨੀ ਹੇਠ ਹੀ ਦਿੱਤੀਆਂ ਜਾਣ। ਉਹਨਾਂ ਸਿਹਤ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤੇ ਕਿ ਹਸਪਤਾਲ ਦੀ ਡਿਊਟੀ ਬਣਦੀ ਹੈ ਕਿ ਉਹ ਇਨ੍ਹਾਂ ਜ਼ਰੂਰੀ ਦਵਾਈਆਂ ਉਪਲਬਧਤ ਕਰਾਵੇ ਅਤੇ ਮਰੀਜ਼ਾਂ ਜਾਂ ਉਨ੍ਹਾਂ ਦੇ ਅਟੈਂਡੰਟਾਂ ਨੂੰ ਬਾਹਰੋਂ ਆਪਣੇ ਪੱਧਰ ਤੇ ਇਨ੍ਹਾਂ ਚੀਜ਼ਾਂ ਦਾ ਪ੍ਰਬੰਧ ਕਰਨ ਲਈ ਨਾ ਕਹੇ।

ਸਿਹਤ ਅਤੇ ਪਰਿਵਾਰ ਭਲਾਈ ਦੇ ਪ੍ਰਮੁੱਖ ਸਕੱਤਰ ਸ੍ਰੀ ਹੁਸਨ ਲਾਲ ਨੇ ਮੁੱਖ ਸਕੱਤਰ ਨੂੰ ਦੱਸਿਆ ਕਿ 18 ਤੋਂ 45 ਸਾਲ ਉਮਰ ਵਰਗ ਦੇ ਲੋਕਾਂ ਦੇ ਟੀਕਾਕਰਨ ਲਈ ਬਣਾਏ ਗਏ ਮਾਹਿਰ ਗਰੁੱਪ ਨੇ ਆਪਣੀ ਪਹਿਲੀ ਰਿਪੋਰਟ ਸੌਂਪ ਦਿੱਤੀ ਹੈ। ਉਹਨਾਂ ਇਹ ਵੀ ਦੱਸਿਆ ਕਿ ਬਹੁਤ ਜਲਦ ਸ਼ੁਰੂ ਹੋ ਰਹੇ ਤੀਜੇ ਗੇੜ ਦੇ ਟੀਕਾਕਰਨ ਲਈ ਸੂਬੇ ਨੂੰ 3,29,830 ਖੁਰਾਕਾਂ ਪ੍ਰਾਪਤ ਹੋਣਗੀਆਂ।

ਸੂਬੇ ਵਿੱਚ ਕੋਵਿਡ- 19 ਦੀ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਦਿੰਦਿਆਂ ਉਹਨਾਂ ਨੇ ਮੁੱਖ ਸਕੱਤਰ ਨੂੰ ਦੱਸਿਆ ਕਿ ਪਿਛਲੇ ਹਫ਼ਤੇ ਰੋਜ਼ਾਨਾ ਔਸਤਨ 6532 ਮਾਮਲੇ ਸਾਹਮਣੇ ਆਏ ਸਨ ਅਤੇ ਕੁੱਲ ਪਾਜ਼ੇਟਵਿਟੀ ਦਰ 11.7% ਦਰਜ ਕੀਤੀ ਗਈ ਜਦਕਿ ਪਿਛਲੇ ਸਾਲ ਸਤੰਬਰ ਮਹੀਨੇ ਵਿੱਚ ਜਦੋਂ ਕਰੋਨਾ ਸਿ਼ਖਰ ‘ਤੇ ਸੀ ਤਾਂ ਰੋਜ਼ਾਨਾ 2896 ਕੇਸ ਆਉਂਦੇ ਸਨ। ਉਹਨਾਂ ਦੱਸਿਆ ਕਿ ਸਰਕਾਰੀ ਅਤੇ ਪ੍ਰਾਈਵੇਟ ਮੈਡੀਕਲ ਕਾਲਜਾਂ ਅਤੇ ਜਿਲ੍ਹਾ ਹਸਪਤਾਲਾਂ ਦੀ ਬੈਂਡ ਸਮਰੱਥਾ ਵਿੱਚ ਵਾਧਾ ਕਰਨ ਲਈ 2000 ਹੋਰ ਬੈਡ ਸ਼ਾਮਲ ਕੀਤੇ ਜਾਣਗੇ।

 

ਡਾਕਟਰੀ ਸਿੱਖਿਆ ਅਤੇ ਖੋਜ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਡੀ.ਕੇ ਤਿਵਾੜੀ ਨੇ ਦੱਸਿਆ ਕਿ ਬੀ.ਐਫ.ਯੂ.ਐਚ.ਐਸ. ਦੇ ਨੋਟੀਫਿਕੇਸ਼ਨ ਮੁਤਾਬਕ ਐਮ.ਬੀ.ਬੀ.ਐਸ., ਡੈਂਟਲ ਅਤੇ ਨਰਸਿੰਗ ਦੇ ਆਖਰੀ ਸਾਲ ਦੇ ਵਿਦਿਆਰਥੀ ਹੁਣ ਕੋਵਿਡ ਮੈਨੇਜਮੈਂਟ ਡਿਊਟੀਆਂ ਲਈ ਉਪਲਬਧ ਹਨ ।

ਕੋਵਿਡ ਨਿਯਮਾਂ ਨੂੰ ਲਾਗੂ ਕਰਨ ਸਬੰਧੀ ਗਤੀਵਿਧੀਆਂ ਬਾਰੇ ਜਾਣਕਾਰੀ ਦਿੰਦਿਆਂ, ਡਾਇਰੈਕਟਰ ਜਨਰਲ ਆਫ਼ ਪੁਲਿਸ ਸ੍ਰੀ ਦਿਨਕਰ ਗੁਪਤਾ ਨੇ ਦੱਸਿਆ ਕਿ ਕੋਵਿਡ ਸਬੰਧੀ ਢੁਕਵੇਂ ਵਿਵਹਾਰ ਨੂੰ ਲਾਗੂ ਕਰਨ ਲਈ ਇਕ ਵਿਸ਼ੇਸ਼ ਇਨਫੋਰਸਮੈਂਟ ਅਭਿਆਨ ਚਲਾਇਆ ਗਿਆ ਹੈ, ਜਿਸ ਤਹਿਤ ਪਿਛਲੇ 24 ਘੰਟਿਆਂ ਦੌਰਾਨ ਮਾਸਕ ਨਾ ਪਹਿਨਣ ਵਾਲੇ 1930 ਵਿਅਕਤੀਆਂ ਦੇ ਚਲਾਨ ਕੀਤੇ ਗਏ ਅਤੇ ਕੋਵਿਡ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ਾਂ ਵਿੱਚ 123 ਐਫ.ਆਈ.ਆਰਜ਼ ਦਰਜ ਕੀਤੀਆਂ ਅਤੇ 134 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ।