
ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਰਿਸ਼ਵਤ ਮਾਮਲੇ ਵਿੱਚ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੀ ਜਾਂਚ ਦੌਰਾਨ ਕਈ ਅਹਿਮ ਖੁਲਾਸੇ ਸਾਹਮਣੇ ਆਏ ਹਨ।
ਚੰਡੀਗੜ੍ਹ : ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਰਿਸ਼ਵਤ ਮਾਮਲੇ ਵਿੱਚ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੀ ਜਾਂਚ ਦੌਰਾਨ ਕਈ ਅਹਿਮ ਖੁਲਾਸੇ ਸਾਹਮਣੇ ਆਏ ਹਨ। ਬੀਤੇ ਦਿਨ ਸੀਬੀਆਈ ਨੇ ਡੀ.ਆਈ.ਜੀ. ਭੁੱਲਰ ਦੇ ਨਾਲ ਇੱਕ ਨਿੱਜੀ ਵਿਅਕਤੀ ਕਿਰਸ਼ਾਣੁ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ, ਜਿਸਨੂੰ ਮਾਮਲੇ ਦਾ ਮੁੱਖ ਦਲਾਲ ਮੰਨਿਆ ਜਾ ਰਿਹਾ ਹੈ।
ਸੂਤਰਾਂ ਮੁਤਾਬਕ, ਕਿਰਸ਼ਾਣੁ ਕਈ ਆਈਪੀਐਸ ਅਤੇ ਆਈਏਐਸ ਅਧਿਕਾਰੀਆਂ ਦੇ ਬਹੁਤ ਨੇੜੇ ਸੀ। ਜਾਂਚ ਵਿੱਚ ਪਤਾ ਲੱਗਿਆ ਹੈ ਕਿ ਕਿਰਸ਼ਾਣੁ ਰੋਜ਼ਾਨਾ ਪੰਜਾਬ ਸਿਵਲ ਸਕੱਤਰੇਤ ਦੇ ਕਰੀਬ 70 ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਮੈਸੇਜ ਭੇਜਦਾ ਸੀ। ਵਟਸਐਪ ਚੈਟਾਂ ਵਿੱਚੋਂ ਇਹ ਵੀ ਸਾਹਮਣੇ ਆਇਆ ਹੈ ਕਿ ਉਹ ਹਰ ਸਵੇਰੇ “ਗੁੱਡ ਮੋਰਨਿੰਗ” ਦੇ ਮੈਸੇਜ ਭੇਜਦਾ ਸੀ।
ਸੀਬੀਆਈ ਦੇ ਸੂਤਰਾਂ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਕਿਰਸ਼ਾਣੁ ਨੇ ਕਈ ਆਈਪੀਐਸ ਅਤੇ ਆਈਏਐਸ ਅਧਿਕਾਰੀਆਂ ਦੇ ਨਾਮ ਵੀ ਜਾਹਰ ਕੀਤੇ ਹਨ, ਜਿਨ੍ਹਾਂ ਨਾਲ ਉਸਦੇ ਨੇੜਲੇ ਸਬੰਧ ਸਨ। ਏਜੰਸੀ ਹੁਣ ਇਹ ਜਾਂਚ ਰਹੀ ਹੈ ਕਿ ਇਹ ਸਬੰਧ ਕਿਵੇਂ ਬਣੇ ਅਤੇ ਕਿਰਸ਼ਾਣੁ ਕਿਹੜੇ ਮਾਮਲਿਆਂ ਵਿੱਚ ਮਿਡਲਮੈਨ ਵਜੋਂ ਕੰਮ ਕਰਦਾ ਸੀ।
ਸੂਤਰਾਂ ਦਾ ਕਹਿਣਾ ਹੈ ਕਿ ਕਿਰਸ਼ਾਣੁ ਦੇ ਖੁਲਾਸਿਆਂ ਤੋਂ ਬਾਅਦ ਸੀਬੀਆਈ ਦੀ ਜਾਂਚ ਦਾ ਦਾਇਰਾ ਹੋਰ ਵਧਾ ਦਿੱਤਾ ਗਿਆ ਹੈ। ਕਈ ਅਧਿਕਾਰੀ ਹੁਣ ਚਿੰਤਾ ਵਿੱਚ ਹਨ ਕਿਉਂਕਿ ਮਾਮਲੇ ਨਾਲ ਜੁੜੇ ਹੋਰ ਨਾਮ ਵੀ ਸਾਹਮਣੇ ਆ ਸਕਦੇ ਹਨ।
ਸੀਬੀਆਈ ਨੇ ਸਪਸ਼ਟ ਕੀਤਾ ਹੈ ਕਿ ਜਾਂਚ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਮਹੱਤਵਪੂਰਨ ਖੁਲਾਸੇ ਹੋ ਸਕਦੇ ਹਨ।
ਕਿਰਸ਼ਾਣੁ ਦੇ ਖੁਲਾਸਿਆਂ ਨੇ ਪੰਜਾਬ ਪ੍ਰਸ਼ਾਸਨ ਅਤੇ ਪੁਲਿਸ ਵਿਭਾਗ ਵਿੱਚ ਹਲਚਲ ਮਚਾ ਦਿੱਤੀ ਹੈ।