Punjab

ਕੈਪਟਨ ਅਮਰਿੰਦਰ ਨੇ ਹਰੀਸ਼ ਚੌਧਰੀ ਨੂੰ ‘ਨੌਕਰੀਓਂ ਕੱਢਿਆ ਹੋਇਆ’ ਵਿਅਕਤੀ ਦੱਸਿਆ।

ਚੰਡੀਗੜ੍ਹ, 26 ਨਵੰਬਰ:

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪੰਜਾਬ ਕਾਂਗਰਸ ਦੇ ਸਕੱਤਰ ਇੰਚਾਰਜ ਹਰੀਸ਼ ਚੌਧਰੀ ਵੱਲੋਂ ਉਨ੍ਹਾਂ ਤੇ ਮੁੱਖ ਮੰਤਰੀ ਰਹਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤੀ ਜਨਤਾ ਪਾਰਟੀ ਨਾਲ ਹੱਥ ਮਿਲਾਉਣ ਦੇ ਬੇਬੁਨਿਆਦ ਦੋਸ਼ਾਂ ਨੂੰ ਲੈ ਕੇ ਤਿੱਖੀ ਆਲੋਚਨਾ ਕੀਤੀ।

ਕੈਪਟਨ ਅਮਰਿੰਦਰ ਨੇ ਅੱਜ ਇੱਥੇ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ ਹਾਲਾਂਕਿ  ਉਨ੍ਹਾਂ ਨੂੰ “ਇੱਕ ਨੌਕਰੀ ਤੋਂ ਬਾਹਰ ਹੋਏ ਵਿਧਾਇਕ, ਜਿਸ ਨੂੰ ਬਾੜਮੇਰ ਵਿੱਚ ਕਮਲੇਸ਼ ਪ੍ਰਜਾਪਤ ਦੇ ਕਤਲ ਕੇਸ ਵਿੱਚ ਮੁਲਜ਼ਮ ਵਜੋਂ ਨਾਮਜ਼ਦ ਕੀਤੇ ਜਾਣ ਕਾਰਨ ਰਾਜਸਥਾਨ ਵਿੱਚ ਮੰਤਰੀ ਦੇ ਅਹੁਦੇ ਤੋਂ ਬਰਖਾਸਤ ਕੀਤਾ ਗਿਆ ਹੈ ਅਤੇ ਜਿਸਦੇ ਇਸ ਸਾਰੇ ਮਾਮਲੇ ਨੂੰ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਸੀ.ਬੀ.ਆਈ. ਨੂੰ ਸੌਂਪ ਦਿੱਤਾ ਹੈ, ਨੂੰ ਕੋਈ ਵੀ ਸਪੱਸ਼ਟੀਕਰਨ ਦੇਣ ਦੀ ਲੋੜ ਨਹੀਂ ਹੈ।

ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਮੈਂ ਮੁੱਖ ਮੰਤਰੀ ਹੁੰਦਿਆਂ ਪ੍ਰਧਾਨ ਮੰਤਰੀ ਜਾਂ ਭਾਜਪਾ ਨਾਲ ਕੋਈ ਸਾਂਝੇਦਾਰੀ ਰੱਖਦਾ ਤਾਂ ਮੈਂ ਕਿਸਾਨ ਅੰਦੋਲਨ ਦੀ ਹਮਾਇਤ ਨਾ ਕਰਦਾ ਅਤੇ ਨਾ ਹੀ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਅਤੇ ਇਨ੍ਹਾਂ ਵਿਰੁੱਧ ਵਿਧਾਨ ਸਭਾ ਵਿੱਚ ਕਾਨੂੰਨ ਪਾਸ ਕਰਨ ਦੀ ਮੰਗ ਕਰਦਾ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਹੋਣ ਦੇ ਨਾਤੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਅਤੇ ਕੇਂਦਰੀ ਗ੍ਰਹਿ ਮੰਤਰੀ ਨੂੰ ਮਿਲਣਾ ਹੁੰਦਾ ਸੀ ਅਤੇ ਇਸੇ ਤਰ੍ਹਾਂ ਉਨ੍ਹਾਂ ਦੇ ਮੰਤਰੀ ਵੀ ਆਪਣੇ ਕੇਂਦਰੀ ਹਮਰੁਤਬਾ ਮੰਤਰੀਆਂ ਨਾਲ ਮੁਲਾਕਾਤ ਕਰਦੇ ਹਨ।  ਕੈਪਟਨ ਨੇ ਚੌਧਰੀ ਨੂੰ ਤਾਅਨਾ ਮਾਰਦਿਆਂ ਕਿਹਾ ਕਿ ਇੱਥੋਂ ਤੱਕ ਕਿ ਤੁਹਾਡਾ ਨਵਾਂ ਮੁੱਖ ਮੰਤਰੀ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਮਿਲਦਾ ਹੈ ਅਤੇ ਤੁਹਾਡੇ ਮੂਰਖਤਾ ਪੂਰਨ ਤਰਕ ਮੁਤਾਬਕ ਤਾਂ ਉਸ ਨੂੰ ਵੀ ਭਾਜਪਾ ਨਾਲ ਸਮਝੌਤਾ ਕਰ ਲੈਣਾ ਚਾਹੀਦਾ ਹੈ ਅਤੇ ਆਪਣੇ ਆਪ ਨੂੰ ਬਰਖਾਸਤ ਕੀਤੇ ਜਾਣ ਦੀ ਉਡੀਕ ਕਰਨੀ ਚਾਹੀਦੀ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਕਿਸੇ ਪਾਰਟੀ ਇੰਚਾਰਜ ਨੇ ਸੂਬੇ ਨੂੰ ਆਪਣਾ ਪੱਕਾ ਟਿਕਾਣਾ ਬਣਾਇਆ ਹੈ। ਉਨ੍ਹਾਂ ਕਿਹਾ ਕਿ ਮੈਂ ਪਾਰਟੀ ਦੇ 14 ਇੰਚਾਰਜਾਂ ਜਿਵੇਂ ਪ੍ਰਣਬ ਮੁਖਰਜੀ, ਮੋਹਸਿਨਾ ਕਿਦਵਈ, ਜਨਰਾਧਨ ਦਿਵੇਦੀ ਨਾਲ ਕੰਮ ਕੀਤਾ ਹੈ, ਅਤੇ ਉਹ ਪੰਜਾਬ ਵਿੱਚ ਬਹੁਤ ਹੀ ਘੱਟ ਦਖਲ ਦਿੰਦੇ ਹਨ। ਜਦੋਂਕਿ ਪੰਜਾਬ ਆਉਣਾ ਜਾਂ ਏਥੇ ਹੀ ਸੈਟਲ ਹੋਣਾ ਤਾਂ ਬਾਅਦ ਦੀ ਗੱਲ ਹੈ।  ਕੈਪਟਨ ਨੇ ਯਾਦ ਕਰਵਾਇਆ ਕਿ ਇਕ ਪਾਰਟੀ ਇੰਚਾਰਜ ਨੂੰ ਸੂਬੇ ਵਿੱਚ ਹੀ ਸੈਟਲ ਹੋਣ ਦੀ ਜ਼ਰੂਰਤ ਨਹੀਂ। ਉਸ ਦਾ ਕੰਮ ਸਿਰਫ਼ ਆਪਸੀ ਤਾਲਮੇਲ ਬਣਾ ਕੇ ਰੱਖਣਾ ਅਤੇ ਪਾਰਟੀ ਹਾਈ ਕਮਾਂਡ ਨੂੰ ਜ਼ਰੂਰੀ ਫੀਡਬੈਕ ਦੇਣਾ ਹੈ।

ਕੈਪਟਨ ਨੇ ਅੱਗੇ ਕਿਹਾ ਕਿ ਪਰ ਇੱਥੇ ਪੰਜਾਬ ਵਿੱਚ ਇੱਕ ਅਜਿਹਾ ਵਿਅਕਤੀ ਹੈ, ਜਿਸ ਨੂੰ ਉਸਦੇ ਗ੍ਰਹਿ ਰਾਜ ਵਿੱਚ ਇੱਕ ਕਤਲ ਕੇਸ ਵਿੱਚ ਨਾਮਜ਼ਦ ਕੀਤੇ ਜਾਣ ਕਾਰਨ ਸਰਕਾਰ ਤੋਂ ਬਰਖਾਸਤ ਕੀਤਾ ਗਿਆ ਹੈ, ਅਤੇ ਹੁਣ ਉਹ “ਪੰਜਾਬ ਵਿੱਚ ਮੁੱਖ ਮੰਤਰੀ ਦੀ ਸ਼ਕਤੀ ਅਤੇ ਵਿਸ਼ੇਸ਼ ਅਧਿਕਾਰਾਂ ਦਾ ਆਨੰਦ ਮਾਣ ਰਿਹਾ ਹੈ ਅਤੇ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਨੂੰ ਇਕ ਰਬੜ ਸਟੈਂਪ ਸਮਝ ਕੇ ਹਦਾਇਤਾਂ ਜਾਰੀ ਕਰ ਰਿਹਾ ਹੈ।  ਉਨ੍ਹਾਂ ਕਿਹਾ ਕਿ ਚੌਧਰੀ ਮੰਤਰੀ ਮੰਡਲ ਅਤੇ ਅਧਿਕਾਰੀਆਂ ਦੀਆਂ ਹੋਰ ਮੀਟਿੰਗਾਂ ਵਿੱਚ ਵੀ ਸ਼ਾਮਲ ਹੁੰਦਾ ਰਿਹਾ ਹੈ, ਜੋ ਕਿ ਗੈਰ-ਕਾਨੂੰਨੀ ਅਤੇ ਗੈਰ-ਸੰਵਿਧਾਨਕ ਹੈ।

ਸਾਬਕਾ ਮੁੱਖ ਮੰਤਰੀ ਨੇ ਹਰੀਸ਼ ਚੌਧਰੀ ਦੁਆਰਾ ਚੰਡੀਗੜ੍ਹ ਵਿੱਚ ਇੱਕ ਮੰਤਰੀ ਦਾ ਬੰਗਲਾ ਅਤੇ ਪੂਰੇ ਪੰਜਾਬ ਭਵਨ ਨੂੰ ਆਪਣੇ ਅਧਿਕਾਰ ਵਿੱਚ ਲੈਣ ‘ਤੇ ਵੀ ਸਵਾਲ ਉਠਾਏ, ਜਿੱਥੇ ਬੈਠ ਕੇ ਚੌਧਰੀ ਮੁੱਖ ਮੰਤਰੀ ਸਮੇਤ ਬਾਕੀ ਮੰਤਰੀਆਂ ਅਤੇ ਅਧਿਕਾਰੀਆਂ ਨੂੰ ਹੁਕਮ ਦਿੰਦੇ ਹਨ। ਕੈਪਟਨ ਨੇ ਸਵਾਲ ਉਠਾਇਆ ਕਿ ਹਰੀਸ਼ ਚੌਧਰੀ ਦੇ ਇਨ੍ਹਾਂ ਸਭ ਖਰਚਿਆਂ ਦਾ ਭੁਗਤਾਨ ਆਖਰਕਾਰ ਕੌਣ ਕਰ ਰਿਹਾ ਹੈ?

Related Articles

Leave a Reply

Your email address will not be published. Required fields are marked *

Back to top button
error: Sorry Content is protected !!