Punjab
ਸਰਕਾਰੀ ਸਕੂਲਾਂ ਵਿੱਚ ਪੜ੍ਹਨ ਮੁਹਿੰਮ 1 ਜਨਵਰੀ ਤੋਂ
ਐੱਸ ਏ ਐੱਸ ਨਗਰ 31 ਦਸੰਬਰ ( ) ਸਿੱਖਿਆ ਮੰਤਰੀ ਪਰਗਟ ਸਿੰਘ ਦੀ ਰਹਿਨੁਮਾਈ ਅਤੇ ਅਜੋਏ ਸਰਮਾ ਸਕੱਤਰ ਸਕੂਲ ਸਿੱਖਿਆ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪ੍ਰਦੀਪ ਕੁਮਾਰ ਅਗਰਵਾਲ ਡੀ.ਜੀ.ਐੱਸ.ਈ. ਪੰਜਾਬ
ਦੀ ਅਗਵਾਈ ਵਿੱਚ ਸਮੂਹ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ 100 ਦਿਨਾਂ ਪੜ੍ਹਨ ਮੁਹਿੰਮ 1 ਜਨਵਰੀ 2022 ਤੋਂ ਸ਼ੁਰੂ ਕੀਤੀ ਜਾ ਰਹੀ ਹੈ। ਇਸ ਸਬੰਧੀ ਅਗਰਵਾਲ ਨੇ ਸਮੂਹ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅਤੇ ਐਲੀਮੈਂਟਰੀ ਸਿੱਖਿਆ, ਡਾਇਟ ਪ੍ਰਿੰਸੀਪਲਾਂ ਅਤੇ ਹੋਰ ਸਿੱਖਿਆ ਅਧਿਕਾਰੀਆਂ ਨਾਲ ਆਨਲਾਈਨ ਮੀਟਿੰਗ ਕਰਕੇ ਪੜ੍ਹਣ ਮੁਹਿੰਮ ਨੂੰ ਸਫਲ ਬਣਾਉਣ ਲਈ ਉਤਸ਼ਾਹਿਤ ਕੀਤਾ।
ਇਸ ਸਬੰਧੀ ਜਰਨੈਲ ਸਿੰਘ ਡਾਇਰੈਕਟਰ ਐੱਸ ਸੀ ਈ ਆਰ ਟੀ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ 100 ਰੋਜਾ ਪੜ੍ਹਨ ਮੁਹਿੰਮ ਵਿਦਿਆਰਥੀਆਂ ਦੇ ਸਿੱਖਣ ਪੱਧਰਾਂ ਵਿੱਚ ਸੁਧਾਰ ਕਰਨ ਹਿੱਤ 1 ਜਨਵਰੀ ਤੋਂ ਸ਼ੁਰੂ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਇਸ ਮੁਹਿੰਮ ਲਈ ਪੰਜਾਬ ਭਰ ਦੇ ਵਿਦਿਆਰਥੀਆਂ ਦੀਆਂ ਸਿੱਖਣ ਲੋੜਾਂ ਨੂੰ ਮੁੱਖ ਰੱਖਦਿਆਂ ਹੋਇਆਂ ਵਿਭਾਗ ਵੱਲੋਂ ਹਫ਼ਤਾਵਾਰੀ ਗਤੀਵਿਧੀਆਂ ਦਾ ਕੈਲੰਡਰ ਤਿਆਰ ਕੀਤਾ ਗਿਆ ਹੈ ਜਿਸ ਵਿੱਚ ਵਿਦਿਆਰਥੀਆਂ ਦੀਆਂ ਪੜ੍ਹਨ ਰੁਚੀਆਂ ਨੂੰ ਵਿਕਸਿਤ ਕਰਨ ਵਾਲੀਆਂ ਗਤੀਵਿਧੀਆਂ ਸ਼ਾਮਿਲ ਕੀਤੀਆਂ ਗਈਆਂ ਹਨ ਜਿਸ ਸਦਕਾ ਸਮੂਹ ਸਕੂਲਾਂ ਨੂੰ ਅਗਵਾਈ ਮਿਲੇਗੀ । ਉਹਨਾਂ ਸਮੂਹ ਅਧਿਕਾਰੀਆਂ , ਸਕੂਲ ਮੁਖੀਆਂ ,ਸਕੂਲ ਅਧਿਆਪਕਾਂ ਨੂੰ ਇਸ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਨਿਰਧਾਰਿਤ ਗਤੀਵਿਧੀਆਂ ਵਿੱਚ ਵਿਦਿਆਰਥੀਆਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਕਰਵਾਉਣ ਲਈ ਕਿਹਾ ਹੈ।
ਸਿੱਖਿਆ ਬੁਲਾਰੇ ਨੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਭਾਗ ਵੱਲੋਂ ਸਮੂਹ ਅਧਿਆਪਕਾਂ ਨੂੰ ਇਸ ਕੈਲੰਡਰ ਨੂੰ ਮਾਪਿਆਂ ਨਾਲ ਸਾਂਝਾ ਕਰਨ ਲਈ ਵੀ ਕਿਹਾ ਗਿਆ ਹੈ ਤਾਂ ਕਿ ਸਮੂਹ ਮਾਪੇ ਵੀ ਸਬੰਧਤ ਗਤੀਵਿਧੀਆਂ ਲਈ ਆਪਣੇ ਬੱਚਿਆਂ ਦਾ ਸਹਿਯੋਗ ਕਰ ਸਕਣ। ਮੁੱਖ ਦਫ਼ਤਰ ਵੱਲੋਂ ਪੜ੍ਹਨ ਮੁਹਿੰਮ ਸਬੰਧੀ ਬੈਨਰ/ਲੋਗੋ ਵੀ ਸਕੂਲਾਂ ਨਾਲ ਸਾਂਝਾ ਕੀਤਾ ਜਾਵੇਗਾ ਜਿਸ ਦੀ ਵਰਤੋਂ ਸਮੂਹ ਸਕੂਲ ਆਪਣੇ ਸੋਸ਼ਲ ਮੀਡੀਆ ਮਾਧਿਅਮਾਂ ਲਈ ਕਰ ਸਕਣਗੇ। ਵਿਭਾਗ ਵੱਲੋਂ ਇਸ ਮੁਹਿੰਮ ਨੂੰ ਵੱਧ ਤੋਂ ਵੱਧ ਪ੍ਰਚਾਰਨ , ਵਿੱਦਿਆਰਥੀਆਂ ਵਿੱਚ ਹਰਮਨਪਿਆਰਾ ਬਣਾਉਣ ਅਤੇ ਹੱਲਾਸ਼ੇਰੀ ਦੇਣ ਦੇ ਉਦੇਸ਼ ਲਈ ਸਮੂਹ ਸਕੂਲਾਂ ਨੂੰ ਸੋਸ਼ਲ ਮੀਡੀਆ ‘ਤੇ ਗਤੀਵਿਧੀਆਂ ਸਾਂਝੀਆਂ ਕਰਨ ਸਮੇਂ ਪੱਤਰ ਵਿੱਚ ਦਿੱਤੇ ਗਏ ਹੈਸ਼ਟੈਗ ਵਰਤਣ ਲਈ ਵੀ ਕਿਹਾ ਹੈ।