Punjab

ਭਰਾ ਅਤੇ ਉਸ ਦਾ ਦੋਸਤ ਹੀ ਨਿਕਲਿਆ ਭੈਣ ਦਾ ਕਾਤਲ:ਹੁਸ਼ਿਆਰਪੁਰ ਪੁਲਿਸ ਨੇ ਸਨਸਨੀਖੇਜ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ

 

 

 

ਹੁਸ਼ਿਆਰਪੁਰ ਪੁਲਿਸ ਨੇ ਸਨਸਨੀਖੇਜ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ, ਭਰਾ ਅਤੇ ਉਸ ਦਾ ਦੋਸਤ ਹੀ ਨਿਕਲਿਆ ਭੈਣ ਦਾ ਕਾਤਲ

 

22 ਅਪ੍ਰੈਲ ਨੂੰ 9 ਗੋਲੀਆਂ ਮਾਰ ਕੇ ਮਨਪ੍ਰੀਤ ਨੂੰ ਸੀਕਰੀ ਅੱਡਾ ਸੁੱਟ ਗਏ ਸਨ ਦੋਵੇਂ ਦੋਸ਼ੀ: ਐਸ.ਐਸ.ਪੀ. ਨਵਜੋਤ ਸਿੰਘ ਮਾਹਲ

 

ਪੁਲਿਸ ਦੀਆਂ ਦੋ ਟੀਮਾਂ ਵਲੋਂ ਦਿਨ-ਰਾਤ ਇਕ ਕਰਕੇ ਦੋਸ਼ੀ ਕੀਤੇ ਗਏ ਕਾਬੂ

 

ਮ੍ਰਿਤਕ ਮਨਪ੍ਰੀਤ ਨੇ ਮਰਜੀ ਨਾਲ ਕਰਾਇਆ ਸੀ ਵਿਆਹ, ਤਲਾਕ ਲੈ ਕੇ ਪੇਕੇ ਘਰ ਜਾਣਾ ਚਾਹੁੰਦੀ ਸੀ ਪਰ ਭਰਾ ਹਰਪ੍ਰੀਤ ਨੂੰ ਨਹੀਂ ਸੀ ਮਨਜ਼ੂਰ

 

ਹੁਸ਼ਿਆਰਪੁਰ, 9 ਮਈ: ਲੰਘੀ 22 ਅਪ੍ਰੈਲ ਨੂੰ ਥਾਣਾ ਬੁੱਲੋਵਾਲ ਅਧੀਨ ਪੈਂਦੇ ਸੀਕਰੀ ਅੱਡਾ ਵਿਖੇ ਹੋਏ ਅੰਨ੍ਹੇ ਅਤੇ ਸਨਸਨੀਖੇਜ ਕਤਲ ਦੀ ਗੁੱਥੀ ਸੁਲਝਾਉਂਦਿਆਂ ਜ਼ਿਲ੍ਹਾ ਪੁਲਿਸ ਨੇ ਮ੍ਰਿਤਕ ਮਨਪ੍ਰੀਤ ਕੌਰ ਦੇ ਛੋਟੇ ਭਰਾ ਅਤੇ ਉਸ ਦੇ ਇਕ ਦੋਸਤ ਨੂੰ ਗ੍ਰਿਫਤਾਰ ਕਰਕੇ ਘਟਨਾ ਨੂੰ ਅੰਜ਼ਾਮ ਦੇਣ ਲਈ ਵਰਤਿਆ ਰਿਵਾਲਵਰ ਅਤੇ 3 ਗੱਡੀਆਂ ਵੀ ਬਰਾਮਦ ਕੀਤੀਆਂ ਹਨ।

 

ਸਥਾਨਕ ਪੁਲਿਸ ਲਾਈਨ ਵਿਖੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਖਡਿਆਲਾ ਸੈਣੀਆਂ ਵਾਸੀ ਮਨਪ੍ਰੀਤ ਕੌਰ ਦੇ ਕਤਲ ਦੇ ਦੋਸ਼ ’ਚ ਉਸ ਦੇ ਛੋਟੇ ਭਰਾ ਹਰਪ੍ਰੀਤ ਸਿੰਘ ਊਰਫ ਹੈਪੀ ਵਾਸੀ ਸ਼ੇਰਪੁਰ ਤਖਤੁਪੁਰਾ ਥਾਣਾ ਜੀਰਾ ਜ਼ਿਲ੍ਹਾ ਫਿਰੋਜਪੁਰ ਅਤੇ ਉਸ ਦੇ ਦੋਸਤ ਇਕਬਾਲ ਸਿੰਘ ਵਾਸੀ ਦੋਲੇਵਾਲ ਨੂੰ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮਨਪ੍ਰੀਤ ਦੇ ਕਤਲ ਉਪਰੰਤ ਸਾਰੇ ਪੱਖਾਂ ਨੂੰ ਬਾਰੀਕੀ ਨਾਲ ਘੋਖਦਿਆਂ ਪੁਲਿਸ ਵਲੋਂ ਧਾਰਾ 302, 34 ਆਈ.ਪੀ.ਸੀ. ਅਤੇ 25-54-59 ਅਸਲਾ ਐਕਟ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪੁਲਿਸ ਦੀਆਂ ਦੋ ਟੀਮਾਂ ਬਣਾਈਆਂ ਗਈਆਂ ਸਨ ਜਿਨ੍ਹਾਂ ਵਿੱਚ ਪਹਿਲੀ ਟੀਮ ਐਸ.ਪੀ. (ਡੀ) ਰਵਿੰਦਰ ਪਾਲ ਸਿੰਘ ਸੰਧੂ ਦੀ ਅਗਵਾਈ ਵਿੱਚ ਡੀ.ਐਸ.ਪੀ. (ਜਾਂਚ) ਰਾਕੇਸ਼ ਕੁਮਾਰ ਅਤੇ ਸੀ.ਆਈ.ਏ. ਇੰਚਾਰਜ ਸ਼ਿਵ ਕੁਮਾਰ ਅਤੇ ਦੂਜੀ ਟੀਮ ਵਿੱਚ ਡੀ.ਐਸ.ਪੀ. (ਦਿਹਾਤੀ) ਗੁਰਪ੍ਰੀਤ ਸਿੰਘ ਤੇ ਐਸ.ਐਚ.ਓ. ਬੁੱਲੋਵਾਲ ਇੰਸਪੈਕਟਰ ਪ੍ਰਦੀਪ ਕੁਮਾਰ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਘਟਨਾ ਨਾਲ ਜੁੜੇ ਪਹਿਲੂਆਂ ਨੂੰ ਪ੍ਰੋਫੈਸ਼ਨਲ ਅਤੇ ਸਾਇੰਟੀਫਿਕ ਢੰਗ ਨਾਲ ਖੰਗਾਲਦਿਆਂ 7 ਮਈ ਨੂੰ ਦੋਵੇਂ ਦੋਸ਼ੀ ਕਾਬੂ ਕੀਤੇ ਗਏ ਜਿਨ੍ਹਾਂ ਦਾ 4 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।

 

 

ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਮਾਮਲੇ ਦੀ ਤਹਿ ਤੱਕ ਪਹੁੰਚਦਿਆਂ ਪੁਲਿਸ ਟੀਮਾਂ 5 ਦਿਨ ਲਗਾਤਾਰ ਮੋਗਾ ਅਤੇ ਫਿਰੋਜਪੁਰ ਜ਼ਿਲਿ੍ਹਆਂ ਵਿੱਚ ਰਹੀਆਂ ਤਾਂ ਜੋ ਦੋਸ਼ੀਆਂ ਨੂੰ ਕਾਬੂ ਕੀਤਾ ਜਾ ਸਕੇ। ਘਟਨਾ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਮਨਪ੍ਰੀਤ ਕੌਰ ਨੇ ਕਰੀਬ 8 ਸਾਲ ਪਹਿਲਾਂ ਪਰਿਵਾਰ ਦੀ ਮਰਜ਼ੀ ਤੋਂ ਬਗੈਰ ਹੁਸ਼ਿਆਰਪੁਰ ਦੇ ਪਿੰਡ ਖਡਿਆਲਾ ਸੈਣੀਆਂ ਵਾਸੀ ਪਵਨਦੀਪ ਸਿੰਘ ਨਾਲ ਵਿਆਹ ਕਰਵਾ ਲਿਆ ਸੀ ਅਤੇ ਬਾਅਦ ਵਿੱਚ ਘਰਵਾਲੇ ਨਾਲ ਅਣਬਣ ਕਾਰਨ ਉਸ ਦਾ ਅਦਾਲਤ ਵਿੱਚ ਤਲਾਕ ਦਾ ਕੇਸ ਚੱਲ ਰਿਹਾ ਸੀ। ਉਨ੍ਹਾਂ ਦੱਸਿਆ ਕਿ ਮਨਪ੍ਰੀਤ ਕੌਰ ਮੁੜ ਆਪਣੇ ਪੇਕਿਆ ਕੋਲ ਜਾਣਾ ਚਾਹੁੰਦੀ ਸੀ ਪਰ ਉਸ ਦੇ ਭਰਾ ਹਰਪ੍ਰੀਤ ਸਿੰਘ ਜੋ ਕਿ ਹੈਪੀ ਸਰਪੰਚ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਨੂੰ ਇਹ ਮਨਜ਼ੂਰ ਨਹੀਂ ਸੀ ਜਿਸ ਨੇ ਸਾਜਿਸ਼ ਰੱਚ ਕੇ ਮਨਪ੍ਰੀਤ ਕੌਰ ਦਾ ਕਤਲ ਕਰ ਦਿੱਤਾ।

ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਕਤਲ ਤੋਂ ਇਕ ਦਿਨ ਪਹਿਲਾਂ ਦੋਸ਼ੀਆਂ ਵਲੋਂ ਇਨੋਵਾ ਗੱਡੀ ਵਿੱਚ ਰੈਕੀ ਵੀ ਕੀਤੀ ਗਈ ਅਤੇ ਅਗਲੇ ਦਿਨ ਉਹ ਸਕਾਰਪਿਊ ਗੱਡੀ ਵਿੱਚ ਪਹੁੰਚੇ। ਉਨ੍ਹਾਂ ਦੱਸਿਆ ਕਿ ਇਕਬਾਲ ਸਿੰਘ ਗੱਡੀ ਨੂੰ ਚਲਾ ਰਿਹਾ ਸੀ ਅਤੇ ਮਨਪ੍ਰੀਤ ਦਾ ਭਰਾ ਗੱਡੀ ਦੇ ਸਭ ਤੋਂ ਪਿੱਛੇ ਵਾਲੀ ਸੀਟ ’ਤੇ ਲੁਕਿਆ ਹੋਇਆ ਸੀ। ਦੋਵਾਂ ਨੇ ਆਉਂਦੇ ਸਮੇਂ ਇਕ ਰਾਹਗੀਰ ਤੋਂ ਮੋਬਾਇਲ ਫੋਨ ਨੂੰ ਖੋਹਿਆ ਸੀ ਜਿਸ ਤੋਂ ਇਕਬਾਲ ਨੇ ਮਨਪ੍ਰੀਤ ਨੂੰ ਵਟਸਐਪ ਕਾਲ ਕੀਤੀ ਸੀ ਤਾਂ ਜੋ ਕਾਲ ਟਰੇਸ ਨਾ ਹੋ ਸਕੇ। ਜਦੋਂ ਮਨਪ੍ਰੀਤ ਮੇਨ ਰੋਡ ’ਤੇ ਪਹੁੰਚੀ ਤਾਂ ਇਕਬਾਲ ਨੇ ਕਿਹਾ ਕਿ ਕੋਈ ਜ਼ਰੂਰੀ ਗੱਲ ਕਰਨ ਦਾ ਕਹਿ ਕੇ ਉਸ ਨੂੰ ਪਿਛਲੀ ਸੀਟ ’ਤੇ ਬੈਠਣ ਲਈ ਕਿਹਾ ਜਿਥੇ ਹਰਪ੍ਰੀਤ ਨੇ ਮਨਪ੍ਰੀਤ ਦਾ ਸਾਫੇ ਨਾਲ ਗਲਾ ਘੁੱਟ ਦਿੱਤਾ ਅਤੇ ਉਹ ਬੇਹੋਸ਼ ਹੋ ਗਈ। ਥੋੜਾ ਅੱਗੇ ਪਿੰਡ ਸੀਕਰੀ ਨੇੜੇ ਮਨਪ੍ਰੀਤ ਨੂੰ ਬਾਹਰ ਲਿਜਾ ਕੇ ਆਪਣੇ 32 ਬੋਰ ਦੇ ਰਿਵਾਲਵਰ ਨਾਲ 9 ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਨੇ ਮੰਨਿਆ ਕਿ ਕਰੀਬ ਇਕ ਮਹੀਨਾ ਪਹਿਲਾਂ ਵੀ ਹਰਪ੍ਰੀਤ ਦੀ ਫਾਰਚੂਨਰ ਗੱਡੀ ਵਿੱਚ ਉਨ੍ਹਾਂ ਨੇ ਰੈਕੀ ਕੀਤੀ ਸੀ। ਪੁਲਿਸ ਵਲੋਂ ਘਟਨਾ ਨੂੰ ਅੰਜਾਮ ਦੇਣ ਲਈ ਵਰਤੀਆਂ ਤਿੰਨੇ ਗੱਡੀਆਂ ਬਰਾਮਦ ਕਰ ਲਈਆਂ ਗਈਆਂ ਹਨ।

ਜ਼ਿਕਰਯੋਗ ਹੈ ਕਿ ਇਕਬਾਲ ਸਿੰਘ ਖਿਲਾਫ਼ ਪਹਿਲਾਂ ਵੀ ਮਾਈਨਿੰਗ ਐਕਟ ਤਹਿਤ ਮਾਮਲਾ ਦਰਜ ਹੈ।

Related Articles

Leave a Reply

Your email address will not be published. Required fields are marked *

Back to top button
error: Sorry Content is protected !!