ਕਾਂਗਰਸ ਸਰਕਾਰ ‘ਤੇ ਦਲਿਤ ਵਿਰੋਧੀ ਹੋਣ ਦਾ ਦੋਸ਼ : ਅਟਵਾਲ
ਚੰਡੀਗੜ੍ਹ, 25 ਮਈ()- ਭਾਰਤੀ ਜਨਤਾ ਪਾਰਟੀ ਐਸ. ਸੀ ਮੋਰਚਾ ਦੇ ਪੰਜਾਬ ਦੇ ਪ੍ਰਧਾਨ ਰਾਜ ਕੁਮਾਰ ਅਟਵਾਲ ਨੇ ਪੰਜਾਬ ਦੀ ਕਾਂਗਰਸ ਸਰਕਾਰ ‘ਤੇ ਦਲਿਤਾਂ ਨਾਲ ਧੱਕੇਸ਼ਾਹੀ ਕਰਨ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਨ ਅਤੇ ਪੰਜਾਬ ਵਿਚ ਦਲਿਤ ਮੁੱਖ ਮੰਤਰੀ ਬਨਾਉਣ ਦੇ ਸ਼ੁਕਰਾਨੇ ਵਜੋਂ ਅਰਦਾਸ ਕਰਨ ਵਾਲੇ ਗ੍ਰੰਥੀ ਸਿੰਘ ‘ਤੇ ਪਰਚਾ ਦਰਜ ਕਰਨਾ ਕੈਪਟਨ ਸਰਕਾਰ ਦੀ ਸੋੜੀ ਸੋਚ ਨੂੰ ਦਰਸਾਉਂਦਾ ਹੈ। ਇਥੇ ਜਾਰੀ ਬਿਆਨ ਵਿੱਚ ਅਟਵਾਲ ਨੇ ਕਿਹਾ ਕਿ ਹੁਣ ਪੰਜਾਬ ਦੇ ਲੋਕ ਕੈਪਟਨ ਦੀਆਂ ਗਿੱਦੜ ਭਬਕੀਆਂ ਤੋਂ ਡਰਨ ਵਾਲੇ ਨਹੀਂ । ਉਨ੍ਹਾਂ ਕਿਹਾ ਕਿ ਪੰਜਾਬ ਦਾ ਹਰ ਦਲਿਤ ਚਾਹੁੰਦਾ ਹੈ ਕਿ ਪੰਜਾਬ ਵਿਚ ਆਜ਼ਾਦੀ ਤੋਂ ਬਾਅਦ ਦਲਿਤ ਮੁਖ ਮੰਤਰੀ ਬਣੇ ਜਿਸ ਦਾ ਭਾਜਪਾ ਪਹਿਲਾਂ ਹੀ ਐਲਾਨ ਕਰ ਚੁੱਕੀ ਹੈ। ਉਨ੍ਹਾਂ ਆਖਿਆ ਕਿ ਪੰਜਾਬ ਦੀ ਤ੍ਰਾਸਦੀ ਰਹੀ ਹੈ ਕਿ 33 ਫੀਸਦੀ ਦਲਿਤ ਆਬਾਦੀ ਹੋਣ ਦੇ ਬਾਵਜੂਦ ਵੀ ਹੁਣ ਤੱਕ ਇਕ ਵਾਰ ਵੀ ਦਲਿਤ ਮੁੱਖ ਮੰਤਰੀ ਨਹੀਂ ਬਣਿਆ। ਸਗੋਂ ਦਲਿਤਾਂ ਦੀਆਂ ਵੋਟਾਂ ਲੈ ਕੇ ਬਣਦੇ ਰਹੇ ਮੁੱਖ ਮੰਤਰੀਆਂ ਨੇ ਇਸ ਭਾਈਚਾਰੇ ਨੂੰ ਲਤਾੜਿਆ ਤੇ ਇਸ ਭਾਈਚਾਰੇ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਤਹਿ ਦਿਲੋਂ ਧੰਨਵਾਦੀ ਹਨ ਜਿਨ੍ਹਾਂ ਨੇ ਪੰਜਾਬ ਵਿਚ ਦਲਿਤ ਮੁਖ ਮੰਤਰੀ ਬਣਾਉਣ ਦੀ ਹਾਮੀ ਭਰਕੇ ਸਮੁੱਚੇ ਦਲਿਤ ਭਾਈਚਾਰੇ ਦੀਆਂ ਭਾਵਨਾਵਾਂ ਦਾ ਸਤਿਕਾਰ ਕੀਤਾ ਹੈ । ਉਨ੍ਹਾਂ ਕਿਹਾ ਕਿ ਭਾਜਪਾ ਦਾ ਅਨੁਸੂਚਿਤ ਜਾਤੀ ਮੋਰਚਾ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਵਿਚ ਦਲਿਤ ਭਾਈਚਾਰੇ ਵੱਲੋਂ ਕੀਤੀਆਂ ਜਾ ਰਹੀਆਂ ਅਰਦਾਸਾਂ ਦਾ ਸਮਰਥਨ ਕਰਦਾ ਹੈ ਅਤੇ ਆਉਣ ਵਾਲੇ ਸਮੇਂ ਵਿਚ ਵੀ ਅਕਾਲ ਪੁਰਖ ਦੇ ਚਰਨਾਂ ਵਿੱਚ ਭਾਈਚਾਰੇ ਦੀ ਚੜ੍ਹਦੀ ਕਲਾ ਦੀ ਅਰਦਾਸ ਹੁੰਦੀ ਰਹੇਗੀ।