*ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਦਾ ਫਰਜ਼ੀ ਵੀਡੀਓ ਦਾ ਮਾਮਲਾ: ਜਲੰਧਰ ਦੀ ਅਦਾਲਤ ਨੇ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਫਰਜ਼ੀ ਵੀਡੀਓ ਤੁਰੰਤ ਹਟਾਉਣ ਦੇ ਦਿੱਤੇ ਹੁਕਮ*
*ਭਾਜਪਾ ‘ਭਾਰਤੀ ਝੂਠਾ ਪਾਰਟੀ’ਬਣ ਗਈ ਹੈ, ਉਨ੍ਹਾਂ ਦੀ ਰਾਜਨੀਤੀ ਸਿਰਫ ਝੂਠ ਅਤੇ ਫਰਜ਼ੀ ਪ੍ਰਚਾਰ ‘ਤੇ ਟਿਕੀ ਹੋਈ ਹੈ: ਅਮਨ ਅਰੋੜਾ*
*ਜਿਨ੍ਹਾਂ ਨੇ ਸਿਆਸੀ ਲਾਹੇ ਲਈ ਪੰਜਾਬ ਦੀ ਆਸਥਾ ਨਾਲ ਖੇਡਣ ਦੀ ਕੋਸ਼ਿਸ਼ ਕੀਤੀ, ਉਹ ਬਿਨਾਂ ਕਿਸੇ ਦੇਰੀ ਦੇ ਮੁਆਫੀ ਮੰਗਣ: ਅਮਨ ਅਰੋੜਾ*
ਜਲੰਧਰ/ਚੰਡੀਗੜ੍ਹ, 15 ਜਨਵਰੀ
ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਵੱਡਾ ਝਟਕਾ ਦਿੰਦਿਆਂ ਜਲੰਧਰ ਦੀ ਇੱਕ ਅਦਾਲਤ ਨੇ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੀ ਸੀਨੀਅਰ ਆਗੂ ਆਤਿਸ਼ੀ ਨਾਲ ਸਬੰਧਤ ਫਰਜ਼ੀ ਵੀਡੀਓ ਮਾਮਲੇ ਵਿੱਚ ਵੱਡਾ ਹੁਕਮ ਜਾਰੀ ਕੀਤਾ ਹੈ। ਫੋਰੈਂਸਿਕ ਰਿਪੋਰਟ ਦੇ ਅਧਾਰ ‘ਤੇ, ਜਿਸ ਵਿੱਚ ਸਾਬਤ ਹੋਇਆ ਕਿ ਵੀਡੀਓ ਨਾਲ ਛੇੜਛਾੜ ਕੀਤੀ ਗਈ ਸੀ ਅਤੇ ਇਹ ਫਰਜ਼ੀ ਸੀ, ਅਦਾਲਤ ਨੇ ਇਸ ਨੂੰ ਸਾਰੇ ਪ੍ਰਮੁੱਖ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਤੁਰੰਤ ਹਟਾਉਣ ਦੇ ਨਿਰਦੇਸ਼ ਦਿੱਤੇ ਹਨ। ਅਦਾਲਤ ਦੇ ਇਸ ਫੈਸਲੇ ਨਾਲ ਭਾਜਪਾ ਦੀ ਝੂਠ ਅਤੇ ਨਫਰਤ ਦੀ ਰਾਜਨੀਤੀ ਸਿੱਧੇ ਤੌਰ ‘ਤੇ ਬੇਨਕਾਬ ਹੋਈ ਹੈ।
ਅਦਾਲਤ ਨੇ ਫੇਸਬੁੱਕ, ਇੰਸਟਾਗ੍ਰਾਮ, ‘X’ ਅਤੇ ਟੈਲੀਗ੍ਰਾਮ ਨੂੰ 24 ਘੰਟਿਆਂ ਦੇ ਅੰਦਰ ਇਸ ਫਰਜ਼ੀ ਅਤੇ ਛੇੜਛਾੜ ਕੀਤੀ ਵੀਡੀਓ ਨੂੰ ਹਟਾਉਣ ਦਾ ਹੁਕਮ ਦਿੱਤਾ ਹੈ। ਗਲਤ ਜਾਣਕਾਰੀ ਦੇ ਫੈਲਾਅ ਵਿਰੁੱਧ ਸਖ਼ਤ ਰੁਖ ਅਖਤਿਆਰ ਕਰਦਿਆਂ ਅਦਾਲਤ ਨੇ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਸਾਈਬਰ ਕ੍ਰਾਈਮ ਵਿਭਾਗ ਤੋਂ ਜਾਣਕਾਰੀ ਮਿਲਣ ‘ਤੇ ਅਜਿਹੀ ਕਿਸੇ ਵੀ ਵੀਡੀਓ ਨੂੰ ਤੁਰੰਤ ਹਟਾਇਆ ਜਾਵੇ। ਅਦਾਲਤ ਨੇ ਸਪੱਸ਼ਟ ਕੀਤਾ ਹੈ ਕਿ ਅਜਿਹੀ ਫਰਜ਼ੀ ਸਮੱਗਰੀ ਦੇ ਪ੍ਰਸਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਅਦਾਲਤ ਦੇ ਹੁਕਮਾਂ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ‘ਆਪ’ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਕਿਹਾ ਕਿ ਇਕ ਵਾਰ ਫਿਰ ਭਾਜਪਾ ਦੇ ਝੂਠ, ਫਰੇਬ ਅਤੇ ਗਲਤ ਇਰਾਦੇ ਪੂਰੀ ਤਰ੍ਹਾਂ ਬੇਨਕਾਬ ਹੋ ਗਏ ਹਨ।
ਅਮਨ ਅਰੋੜਾ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਦੌਰਾਨ, ਭਾਜਪਾ ਨੇ ਸਾਡੇ ਸੀਨੀਅਰ ਆਗੂ ਅਤੇ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਜੀ ਦਾ ਨਾਂ ਵਿਧਾਨ ਸਭਾ ਵਿੱਚ ਸਾਡੇ ਸਤਿਕਾਰਯੋਗ ਗੁਰੂਆਂ ਦੀ ਕਥਿਤ ਬੇਅਦਬੀ ਨਾਲ ਜੋੜ ਕੇ ਸ਼ਰੇਆਮ ਝੂਠ ਫੈਲਾਉਣ ਦੀ ਕੋਸ਼ਿਸ਼ ਕੀਤੀ। ਇਹ ਪੰਜਾਬ ਦੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਅਤੇ ਜਾਣਬੁੱਝ ਕੇ ਫਿਰਕੂ ਸਦਭਾਵਨਾ ਨੂੰ ਵਿਗਾੜਨ ਦੀ ਇੱਕ ਸੋਚੀ ਸਮਝੀ ਸਾਜ਼ਿਸ਼ ਸੀ।
ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਭਾਜਪਾ ਦਾ ਪ੍ਰਚਾਰ ਬੇਨਕਾਬ ਹੋਇਆ ਹੋਵੇ। ਅਰੋੜਾ ਨੇ ਅੱਗੇ ਕਿਹਾ ਕਿ ਪਹਿਲਾਂ ਵੀ ਫੋਰੈਂਸਿਕ ਜਾਂਚ ਵਿੱਚ ਸਪੱਸ਼ਟ ਤੌਰ ‘ਤੇ ਸਾਬਤ ਹੋਇਆ ਸੀ ਕਿ ਕਪਿਲ ਮਿਸ਼ਰਾ ਅਤੇ ਹੋਰ ਭਾਜਪਾ ਆਗੂਆਂ ਦੇ ਨਾਲ-ਨਾਲ ਉਨ੍ਹਾਂ ਦੇ ‘ਸਹਿਯੋਗੀ’ ਸਾਥੀਆਂ, ਚਾਹੇ ਉਹ ਕਾਂਗਰਸ ਹੋਵੇ ਜਾਂ ਅਕਾਲੀ ਦਲ, ਦੁਆਰਾ ਪ੍ਰਸਾਰਿਤ ਕੀਤੀਆਂ ਵੀਡੀਓਜ਼ ਪੂਰੀ ਤਰ੍ਹਾਂ ਫਰਜ਼ੀ ਸਨ। ਸੱਚਾਈ ਜਾਣਨ ਦੇ ਬਾਵਜੂਦ ਉਹ ਇਹ ਮਨਘੜਤ ਵੀਡੀਓ ਫੈਲਾਉਂਦੇ ਰਹੇ। ਅੱਜ ਜਲੰਧਰ ਦੀ ਅਦਾਲਤ ਨੇ ਸਪੱਸ਼ਟ ਤੌਰ ‘ਤੇ ਫੈਸਲਾ ਸੁਣਾਇਆ ਹੈ ਕਿ ਇਹ ਵੀਡੀਓਜ਼ ਫਰਜ਼ੀ, ਧੋਖਾਧੜੀ ਅਤੇ ਕੁਝ ਵੀ ਨਹੀਂ ਸਗੋਂ ਗੁਮਰਾਹ ਕਰਨ ਵਾਲੀਆਂ ਹਨ ਅਤੇ ਇਨ੍ਹਾਂ ਨੂੰ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਹਟਾਉਣ ਦਾ ਹੁਕਮ ਦਿੱਤਾ ਹੈ।
ਭਾਜਪਾ ‘ਤੇ ਤਿੱਖਾ ਹਮਲਾ ਕਰਦਿਆਂ ‘ਆਪ’ ਪੰਜਾਬ ਦੇ ਪ੍ਰਧਾਨ ਨੇ ਕਿਹਾ ਕਿ ਅਦਾਲਤ ਦੇ ਹੁਕਮਾਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਭਾਜਪਾ ਸਸਤੀ, ਨੀਵੇਂ ਪੱਧਰ ਦੀ ਅਤੇ ਫਰੇਬ ਵਾਲੀ ਰਾਜਨੀਤੀ ‘ਤੇ ਟਿਕੀ ਹੋਈ ਹੈ। ਅਮਨ ਅਰੋੜਾ ਨੇ ਕਿਹਾ ਕਿ ਇਹ ਸਪੱਸ਼ਟ ਤੌਰ ‘ਤੇ ਸਾਬਤ ਕਰਦਾ ਹੈ ਕਿ ਆਪਣੀ ਖੋਖਲੀ ਅਤੇ ਘਟੀਆ ਰਾਜਨੀਤੀ ਨੂੰ ਜ਼ਿੰਦਾ ਰੱਖਣ ਲਈ ਭਾਜਪਾ ਕਿਸੇ ਵੀ ਪੱਧਰ ਤੱਕ ਗਿਰ ਸਕਦੀ ਹੈ ਅਤੇ ਸਭ ਤੋਂ ਸ਼ਰਮਨਾਕ ਝੂਠ ਦਾ ਸਹਾਰਾ ਲੈ ਸਕਦੀ ਹੈ। ਭਾਜਪਾ ਹੁਣ ਭਾਰਤੀ ਜਨਤਾ ਪਾਰਟੀ ਨਹੀਂ ਰਹੀ ਇਹ ‘ਭਾਰਤੀ ਝੂਠਾ ਪਾਰਟੀ’ ਵਿੱਚ ਬਦਲ ਗਈ ਹੈ, ਜਿਸਦਾ ਇੱਕੋ ਇੱਕ ਏਜੰਡਾ ਪੰਜਾਬ ਵਿੱਚ ਆਪਣੀ ਰਾਜਨੀਤੀ ਚਲਾਉਣ ਲਈ ਝੂਠ ਬੋਲਣਾ, ਬਦਨਾਮ ਕਰਨਾ ਅਤੇ ਫਿਰਕੂ ਜ਼ਹਿਰ ਫੈਲਾਉਣਾ ਹੈ।
ਉਨ੍ਹਾਂ ਨੇ ਫਰਜ਼ੀ ਵੀਡੀਓ ਨੂੰ ਸ਼ੇਅਰ ਕਰਨ ਅਤੇ ਇਸ ਦਾ ਪ੍ਰਚਾਰ ਕਰਨ ਵਾਲੇ ਸਾਰਿਆਂ ਤੋਂ ਬਿਨਾਂ ਸ਼ਰਤ ਜਨਤਕ ਮੁਆਫੀ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਮੇਰਾ ਮੰਨਣਾ ਹੈ ਕਿ ਕਾਂਗਰਸ ਅਤੇ ਅਕਾਲੀ ਦਲ ਦੇ ਆਗੂਆਂ ਦੇ ਨਾਲ-ਨਾਲ ਭਾਜਪਾ ਦੇ ਜਿਨ੍ਹਾਂ ਆਗੂਆਂ ਨੇ ਬੇਸ਼ਰਮੀ ਨਾਲ ਇਸ ਫਰਜ਼ੀ ਵੀਡੀਓ ਨੂੰ ਸਾਂਝਾ ਕੀਤਾ ਅਤੇ ਉਤਸ਼ਾਹਿਤ ਕੀਤਾ, ਉਨ੍ਹਾਂ ਨੂੰ ਪੰਜਾਬ ਦੇ ਲੋਕਾਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਉਨ੍ਹਾਂ ਨੇ ਸਿਆਸੀ ਲਾਹੇ ਲਈ ਪੰਜਾਬੀਆਂ ਦੀ ਆਸਥਾ ਨਾਲ ਖੇਡਣ ਦੀ ਕੋਸ਼ਿਸ਼ ਕੀਤੀ। ਅਦਾਲਤ ਦੇ ਹੁਕਮਾਂ ਨੇ ਉਨ੍ਹਾਂ ਦੀ ਸਾਜ਼ਿਸ਼ ਨੂੰ ਪੂਰੀ ਤਰ੍ਹਾਂ ਬੇਨਕਾਬ ਕਰ ਦਿੱਤਾ ਹੈ।
