ਭਗਵੰਤ ਮਾਨ ਨੇ ‘ਵਿਦਵਤਾ ਸਾਂਝੀ ਕਰਨ ਦਾ ਸਮਝੌਤਾ’ ਕਰ ਕੇ ਪੰਜਾਬ ਦੇ ਹਿੱਤ ਦਿੱਲੀ ਨੁੰ ਵੇਚੇ : ਸੁਖਬੀਰ ਬਾਦਲ
ਮੁੱਖ ਮੰਤਰੀ ਦੱਸਣ ਕਿ ਉਹਨਾਂ ਨੇ ਪੰਜਾਬ ਦੀ ਖੁਦਮੁਖ਼ਤਿਆਰੀ ਦਿੱਲੀ ਨੂੰ ਸਮਰਪਿਤ ਕਰ ਕੇ ਪੰਜਾਬ ਨਾਲ ਧੋਖਾ ਕਿਉਂ ਕੀਤਾ ਤੇ ਸੂਬੇ ਦਾ ਪ੍ਰਸ਼ਾਸਕੀ ਕੰਟਰੋਲ ਅਰਵਿੰਦ ਕੇਜਰੀਵਾਲ ਨੂੰ ਕਿਉਂ ਦਿੱਤਾ
ਖਦਸ਼ਾ ਪ੍ਰਗਟਾਇਆ ਕਿ ਹੁਣ ਕੇਜਰੀਵਾਲ ਪੰਜਾਬ ਦੇ ਮੁੱਖ ਮੰਤਰੀ ’ਤੇ ਦਬਾਅ ਪਾ ਕੇ ਪੰਜਾਬ ਦਾ ਦਰਿਆਈ ਪਾਣੀ ਹਰਿਆਣਾ ਤੇ ਦਿੱਲੀ ਨੁੰ ਦੇਣ ’ਤੇ ਹਸਤਾਖ਼ਰ ਕਰਵਾ ਲੈਣਗੇ
ਅਕਾਲੀ ਦਲ ਨੇ ਕੋਰ ਕਮੇਟੀ ਦੀ ਐਮਰਜੰਸੀ ਮੀਟਿੰਗ ਸੱਦੀ, ਰਾਜਪਾਲ ਕੋਲ ਪਹੁੰਚ ਕੀਤੀ ਜਾਵੇਗੀ ਤੇ ਉਹਨਾਂ ਨੂੰ ਪੰਜਾਬ ਵਿਰੋਧੀ ਸਮਝੌਤੇ ਲਈ ਆਪਣੀ ਸਹਿਮਤੀ ਵਾਪਸ ਲੈਣ ਲਈ ਮੁੱਖ ਮੰਤਰੀ ਨੂੰ ਹਦਾਇਤ ਦੇਣ ਦੀ ਬੇਨਤੀ ਕੀਤੀ ਜਾਵੇਗੀ
ਚੰਡੀਗੜ੍ਹ, 26 ਅਪ੍ਰੈਲ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਵਿਦਵਤਾ ਸਾਂਝੀ ਕਰਨ ਦਾ ਸਮਝੌਤਾ ਕਰਨ ਦੀ ਆੜ ਵਿਚ ਪੰਜਾਬ ਦੇ ਹਿੱਤ ਦਿੱਲੀ ਨੂੰ ਵੇਚ ਦਿੱਤੇ ਹਨ ਤੇ ਹੁਣ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਪੰਜਾਬ ਦੇ ਅਸਲ ਮੁੱਖ ਮੰਤਰੀ ਬਣ ਗਏ ਹਨ।
ਅੱਜ ਦੇ ਦਿਨ ਨੁੰ ਪੰਜਾਬ ਦੇ ਇਤਿਹਾਸ ਵਿਚ ਕਾਲਾ ਦਿਨ ਕਰਾਰ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸੂਬੇ ਦੇ ਇਤਿਹਾਸ ਵਿਚ ਪਹਿਲਾਂ ਕਦੇ ਵੀ ਬਾਹਰਲੇ ਲੋਕਾਂ ਹੱਥ ਸੂਬੇ ਅਤੇ ਇਸਦੀਆਂ ਭਵਿੱਖੀ ਪੀੜੀਆਂ ਦਾ ਕੰਟਰੋਲ ਇਸ ਤਰੀਕੇ ਨਹੀਂ ਆਇਆ ਸੀ। ਉਹਨਾਂ ਕਿਹਾ ਕਿ ਇਕ ਮਿਉਂਸਪੈਲਟੀ ਪ੍ਰਧਾਨ ਨੂੰ ਪੰਜਾਬ ਦੇ ਮੁੱਖ ਮੰਤਰੀ ਦਾ ਚਾਰਜ ਦੇ ਦਿੱਤਾ ਗਿਆ ਹੈ। ਪੰਜਾਬ ਹੁਣ ਦਿੱਲੀ ਦੇ ਅਧੀਨ ਹੋ ਗਿਆ ਹੈ ਜੋ ਕਿ ਸੂਬਾ ਵੀ ਨਹੀਂ ਹੈ।
ਸੁਖਬੀਰ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਦੱਸਣ ਕਿ ਉਹਨਾਂ ਨੇ ਸੂਬੇ ਦੀ ਖੁਦਮੁਖ਼ਤਿਆਰੀ ਦਿੱਲੀ ਨੂੰ ਸਮਰਪਿਤ ਕਰ ਕੇ ਪੰਜਾਬ ਅਤੇ ਇਸਦੇ ਲੋਕਾਂ ਨਾਲ ਧੋਖਾ ਕਿਉਂ ਕੀਤਾ ਹੈ। ਉਹਨਾਂ ਕਿਹਾ ਕਿ ਭਗਵੰਤ ਮਾਨ ਨੇ ਪੰਜਾਬੀਆਂ ਦੇ ਸਵੈ ਮਾਣ ਨੁੰ ਸੱਟ ਮਾਰੀ ਹੈ। ਇਹ ਸਮਝੌਤਾ ਸਪਸ਼ਟ ਕਰਦਾ ਹੈ ਕਿ ਹੁਣ ਪੰਜਾਬ ਦੇ ਸਾਰੇ ਮੰਤਰੀ ਤੇ ਅਫਸਰ ਕੇਜਰੀਵਾਲ ਨੂੰ ਰਿਪੋਰਟ ਕਰਨਗੇ ਤੇ ਹੁਣ ਕੇਜਰੀਵਾਲ ਦੀ ਪਹੁੰਚ ਪੰਜਾਬ ਸਰਕਾਰ ਦੀਆਂ ਸਾਰੀਆਂ ਫਾਈਲਾਂ ਤੱਕ ਹੋ ਜਾਵੇਗਾ। ਉਹਨਾਂ ਕਿਹਾ ਕਿ ਇਹ ਸਰਕਾਰੀ ਗੁਪਤਤਾ ਐਕਟ ਦੀ ਉਲੰਘਣਾ ਵੀ ਹੈ ਤੇ ਇਸ ਸਮਝੌਤੇ ਦੀ ਮਦ 3 ਮੁਤਾਬਕ ਭਵਿੱਖੀ ਸਰਕਾਰਾਂ ਵੀ ਇਸ ਸਮਝੌਤੇ ਦੀ ਪਾਲਣਾ ਲਈ ਪਾਬੰਦ ਹੋਣਗੀਆਂ। ਉਹਨਾਂ ਕਿਹਾ ਕਿ ਅਸੀਂ ਪੰਜਾਬ ਦੇ ਰਾਜਪਾਲ ਕੋਲ ਪਹੁੰਚ ਕਰਾਂਗੇ ਤੇ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਉਹ ਮੁੱਖ ਮੰਤਰੀ ਨੁੰ ਹਦਾਇਤ ਦੇਣ ਕਿ ਉਹ ਇਸ ਪੰਜਾਬ ਵਿਰੋਧੀ ਸਮਝੌਤੇ ਲਈ ਸਹਿਮਤੀ ਵਾਪਸ ਲੈਣ। ਉਹਨਾਂ ਕਿਹਾ ਕਿ ਪਾਰਟੀ ਆਪਣੀ ਕੋਰ ਕਮੇਟੀ ਦੀ ਐਮਰਜੰਸੀ ਮੀਟਿੰਗ ਵਿਚ ਅਗਲੀ ਰੂਪ ਰੇਖਾ ਵੀ ਉਲੀਕੇਗੀ।
ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਸਮਝੌਤੇ ਦੇ ਖ਼ਤਰਨਾਕ ਨਤੀਜੇ ਨਿਕਲਣਗੇ ਤੇ ਉਹਨਾਂ ਖਦਸ਼ਾ ਜ਼ਾਹਰ ਕੀਤਾ ਕਿ ਹਾਲਾਤ ਅਜਿਹੇ ਬਣ ਜਾਣਗੇ ਜਿਥੇ ਕੇਜਰੀਵਾਲ ਪੰਜਾਬ ਦੇ ਮੁੱਖ ਮੰਤਰੀ ਨੂੰ ਸੂਬੇ ਦਾ ਦਰਿਆਈ ਪਾਣੀ ਹਰਿਆਣਾ ਤੇ ਦਿੱਲੀ ਨੁੰ ਦੇਣ ਲਈ ਸਹਿਮਤੀ ਦੇਣ ਵਾਸਤੇ ਉਸੇ ਤਰੀਕੇ ਹਦਾਇਤ ਕਰਨਗੇ ਜਿਵੇਂ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਉਸ ਵੇਲੇ ਦੇ ਪੰਜਾਬ ਦੇ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਦਰਬਾਰਾ ਸਿੰਘ ਨੂੰ ਕੀਤਾ ਸੀ । ਉਹਨਾਂ ਕਿਹਾ ਕਿ ਹਾਲਾਤ ਤਾਂ ਪਹਿਲਾਂ ਹੀ ਬਹੁਤ ਮਾੜੇ ਹਨ। ਉਹਨਾਂ ਕਿਹਾ ਕਿ ਪੰਜਾਬ ਦੇ ਮੰਤਰੀਆਂ ਲਈ ਪਹਿਲਾਂ ਹੀ ਪੰਜਾਬ ਲਈ ਡੱਟਣਾ ਔਖਾ ਹੋ ਰਿਹਾ ਹੈ ਤੇ ਖੁਰਾਕ ਤੇ ਸਪਲਾਈ ਮੰਤਰੀ ਨੂੰ ਜਦੋਂ ਐਸ ਵਾਈ ਐਲ ’ਤੇ ਪੰਜਾਬ ਦੇ ਸਟੈਂਡ ਬਾਰੇ ਪੁੱਛਿਆ ਗਿਆ ਤਾਂ ਉਹ ਕੋਈ ਟਿੱਪਣੀ ਨਹੀਂ ਕਹਿ ਕੇ ਟਾਲਾ ਵੱਟ ਲਿਆ।
ਬਾਦਲ ਨੇ ਭਗਵੰਤ ਮਾਨ ਨੂੰ ਆਖਿਆ ਕਿ ਉਹ ਰਬੱੜ ਦੀ ਮੋਹਰ ਵਾਂਗ ਕੰਮ ਨਾ ਕਰਨ ਅਤੇ ਜੇਕਰ ਉਹਨਾਂ ਵਿਚ ਪੰਜਾਬੀ ਸਵੈ ਮਾਣ ਹੈ ਤਾਂ ਇਹ ਸਮਝੌਤਾ ਤੁਰੰਤ ਰੱਦ ਕਰਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕੇਜਰੀਵਾਲ ਦੀ ਸ਼ੁਰੂ ਤੋਂ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ’ਤੇ ਅੱਖ ਰਹੀ ਹੈ। ਜਿਵੇਂ ਹੀ ਆਮ ਆਦਮੀ ਪਾਰਟੀ ਸਰਕਾਰ ਨੇ ਸਹੁੰ ਚੁੱਕੀ ਸੀ ਤਾਂ ਕੇਜਰੀਵਾਲ ਨੇ ਸੂਬੇ ਦੇ ਮੁੱਖ ਸਕੱਤਰ ਤੇ ਪੁਲਿਸ ਮੁਖੀ ਨੂੰ ਦਿੱਲੀ ਤਲਬ ਕਰ ਲਿਆ ਸੀ ਤੇ ਉਹ ਤਬਾਦਲੇ ਤੇ ਤਾਇਨਾਤੀਆਂ ਦੇ ਫੈਸਲੇ ਆਪ ਲੈ ਰਹੇ ਹਨ। ਉਹਨਾਂ ਕਿਹਾ ਕਿ ਜਦੋਂ ਇਸਦੀ ਨਿਖੇਧੀ ਹੋਣੀ ਸ਼ੁਰੂ ਤਾਂ ਇਹ ਸਾਜ਼ਿਸ਼ ਰਚ ਦਿੱਤੀ ਗਈ ਅਤੇ ਵਿਦਵਤਾ ਸਾਂਝੀ ਕਰਨ ਦਾ ਸਮਝੌਤਾ ਕਰ ਕੇ ਇਸ ਕੰਮ ਨੂੰ ਸੰਸਥਾਗਤ ਰੂਪ ਦੇ ਦਿੱਤਾ ਗਿਆ ਜਦੋਂ ਕਿ ਇਹ ਹੋਰ ਕੁਝ ਨਹੀਂ ਬਲਕਿ ਪੰਜਾਬ ਦਾ ਪ੍ਰਸ਼ਾਸਕੀ ਕੰਟਰੋਲ ਦਿੱਲੀ ਸਰਕਾਰ ਦੇ ਹੱਥ ਦੇਣ ਦਾ ਇਕ ਦਸਤਾਵੇਜ਼ ਹੈ।
ਬਾਦਲ ਨੇ ਦਿੱਲੀ ਵਿਚ ਅੱਜ ਦੋਹਾਂ ਰਾਜਾਂ ਵਿਚ ਹੋਏ ਸਮਝੌਤੇ ਨੁੰ ਲੈ ਕੇ ਕੀਤੀ ਪ੍ਰੈਸ ਕਾਨਫਰੰਸ ਦਾ ਹਵਾਲਾ ਦਿੰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਹੈ ਕਿ ਉਹ ਦਿੱਲੀ ਮਾਡਲ ਤੋਂ ਸਿੱਖ ਕੇ ਲਾਹਾ ਲੈਣਾ ਚਾਹੁੰਦੇ ਹਨ ਜਦੋਂ ਕਿ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਇਹ ਆਖ ਰਹੇ ਹਨ ਕਿ ਦਿੱਲੀ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸ਼ੁਰੂ ਕੀਤੇ ਮੈਰੀਟੋਰੀਅਸ ਸਕੂਲਾਂ ਦੀ ਕਾਪੀ ਕੀਤੀ ਹੈ।
ਬਾਦਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਪਿਛਲੀਆਂ ਅਕਾਲੀ ਦਲ ਦੀ ਅਗਵਾਈ ਵਾਲੀਆਂ ਸਰਕਾਰਾਂ ਵੇਲੇ ਸਿੱਖਿਆ ਤੇ ਸਿਹਤ ਦੇ ਖੇਤਰ ਵਿਚ ਪੰਜਾਬ ਵੱਲੋਂ ਮਾਰੀਆਂ ਮੱਲਾਂ ਦੀ ਜਾਣਕਾਰੀ ਨਹੀਂ ਹੈ। ਉਹਨਾਂ ਕਿਹਾ ਕਿ ਸੱਚਾਈ ਇਹ ਹੈ ਕਿ ਸਕੂਲਾਂ ਦੀ ਕਾਰਗੁਜ਼ਾਰੀ ਦੇ ਮਾਮਲੇ ਵਿਚ ਦਿੱਲੀ ਦਾ 32ਵਾਂ ਰੈਂਕ ਹੈ ਜਦੋਂ ਕਿ ਅਕਾਲੀ ਦਲ ਦੀ ਅਗਵਾਈ ਵਾਲੀਆਂ ਸਰਕਾਰਾਂ ਵੇਲੇ ਸਕੂਲ ਸਿੱਖਿਆ ਵਿਚ ਪੰਜਾਬ ਦਾ ਦੂਜਾ ਰੈਂਕ ਸੀ। ਉਹਨਾਂ ਕਿਹਾ ਕਿ ਇਹ ਵੀ ਇਕ ਸੱਚਾਈ ਹੈ ਕਿ ਦਿੱਲੀ ਦੇ 1027 ਸਕੂਲਾਂ ਵਿਚੋਂ ਸਿਰਫ 203 ਵਿਚ ਹੀ ਪ੍ਰਿੰਸੀਪਲ ਹਨ ਤੇ ਦਿੱਲੀ ਵਿਚ 24500 ਅਧਿਆਪਕਾਂ ਦੀ ਘਾਟ ਹੈ। ਉਹਨਾਂ ਕਿਹਾ ਕਿ ਸਿਹਤ ਦੇ ਮਾਮਲੇ ਵਿਚ 480 ਮੁਹੱਲਾ ਕਲੀਨਿਕਾਂ ਵਿਚੋਂ ਸਿਰਫ 270 ਚਲ ਰਹੇ ਹਨ ਤੇ ਕੋਰੋਨਾ ਸੰਕਟ ਵੇਲੇ ਦਿੱਲੀ ਸਰਕਾਰ ਦਾ ਸਿਹਤ ਢਾਂਚਾ ਢਹਿ ਢੇਰੀ ਹੋ ਗਿਆ ਸੀ। ਉਹਨਾਂ ਕਿਹਾ ਕਿ ਪੰਜਾਬਰ ਦੇ ਮੁੱਖ ਮੰਤਰੀ ਆਪਣੇ ਦਿੱਲੀ ਦੇ ਹਮਰੁਤਬਾ ਨੁੰ ਇਹ ਵੀ ਦੱਸਣਾ ਭੁੱਲ ਗਏ ਹਨ ਕਿ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸ਼ੁਰੂ ਕੀਤੀ ਮਹਾਰਾਜਾ ਰਣਜੀਤ ਸਿੰਘ ਆਰਮਡ ਪ੍ਰੀਪਰੇਟਰੀ ਅਕੈਡਮੀਆਂ ਦੀ ਬਦੌਲਤ 97 ਕੈਡਟ ਐਨ ਡੀ ਏ ਵਿਚ ਗਏ ਤੇ 65 ਨੇ ਫੌਜ ਵਿਚ ਕਮਿਸ਼ਨ ਹਾਸਲ ਕੀਤਾ ਹੈ।