Punjab
ਬਲਬੀਰ ਸਿੱਧੂ ਵੱਲੋਂ ਕੋਵਿਡ-19 ਟੀਕਾਕਰਨ ਕੇਂਦਰਾਂ ਦੀ ਅਚਨਚੇਤ ਚੈਕਿੰਗ
ਮੁੱਖ ਮੰਤਰੀ ਦੀ ਅਪੀਲ ’ਤੇ ਕੇਂਦਰ ਵੱਲੋਂ ਕੱਲ੍ਹ ਤੱਕ ਕੋਵਿਡ-19 ਟੀਕਿਆਂ ਦੀਆਂ 4 ਲੱਖ ਖੁਰਾਕਾਂ ਦੀ ਤਾਜ਼ਾ ਖੇਪ ਭੇਜੀ ਜਾਵੇਗੀ: ਸਿਹਤ ਮੰਤਰੀ
ਚੰਡੀਗੜ੍ਹ, 10 ਅਪੈ੍ਰਲ:
ਕੋਵਿਡ-19 ਟੀਕਾਕਰਨ ਮੁਹਿੰਮ ਅਤੇ ਕੋਵਿਡ ਕੇਅਰ ਹਸਪਤਾਲਾਂ ਵਿੱਚ ਇਲਾਜ ਸੇਵਾਵਾਂ ਨੂੰ ਜ਼ਮੀਨੀ ਪੱਧਰ ’ਤੇ ਯਕੀਨੀ ਬਣਾਉਣ ਲਈ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਇੱਥੇ ਖਰੜ, ਮੋਰਿੰਡਾ, ਚਮਕੌਰ ਸਾਹਿਬ ਅਤੇ ਰੋਪੜ ਵਿਖੇ 4 ਸਰਕਾਰੀ ਹਸਪਤਾਲਾਂ ਦੀ ਅਚਨਚੇਤ ਚੈਕਿੰਗ ਕੀਤੀ।
ਇੱਥੇ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਜਾਣਕਾਰੀ ਦਿੰਦਿਆਂ ਸਿੱਧੂ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ’ਤੇੇ ਸਿਹਤ ਵਿਭਾਗ ਪੰਜਾਬ ਵੱਲੋਂ 2500 ਤੋਂ ਵੱਧ ਕੇਂਦਰਾਂ ਵਿੱਚ ਵਿਆਪਕ ਟੀਕਾਕਰਨ ਮੁਹਿੰਮ ਚਲਾਈ ਜਾ ਰਹੀ ਹੈ ਜਿਥੇ ਲਾਭਪਾਤਰੀਆਂ ਦੀ ਸਹੂਲਤ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਮਿਆਰੀ ਸਹੂਲਤਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ ਉਨ੍ਹਾਂ ਵੱਲੋਂ ਅੱਜ ਗਰਾਉਂਡ ਜ਼ੀਰੋ ਲੈਵਲ ’ਤੇ ਅਚਨਚੇਤ ਚੈਕਿੰਗ ਕੀਤੀ ਗਈ।
ਟੀਕਾਕਰਨ ਕੇਂਦਰਾਂ ਵਿਖੇ ਲਾਭਪਾਤਰੀਆਂ ਨਾਲ ਗੱਲਬਾਤ ਕਰਦਿਆਂ ਸਿਹਤ ਮੰਤਰੀ ਨੇ ਅਪੀਲ ਕੀਤੀ ਕਿ ਉਹ ਟੀਕਾਕਰਨ ਲਈ ਹੋਰਾਂ ਨੂੰ ਵੀ ਪ੍ਰੇਰਿਤ ਕਰਨ ਅਤੇ ਕੋਵਿਡ-19 ਟੀਕਾਕਰਨ ਸਬੰਧੀ ਕਿਸੇ ਤਰ੍ਹਾਂ ਦੀਆਂ ਅਫ਼ਵਾਹਾਂ ਨੂੰ ਦੂਰ ਕਰਨ ਲਈ ਸੂਬਾ ਸਰਕਾਰ ਨਾਲ ਮਿਲ ਕੇ ਕੰਮ ਕਰਨ। ਉਨ੍ਹਾਂ ਸਟਾਫ ਨੂੰ ਵੀ ਇਹ ਹਦਾਇਤ ਕੀਤੀ ਕਿ ਉਹ ਟੀਕਾਕਰਨ ਕਰਵਾਉਣ ਲਈ ਆ ਰਹੇ ਸਾਰੇ ਲਾਭਪਾਤਰੀਆਂ ਨੂੰ ਚੰਗੀ ਤਰ੍ਹਾਂ ਜਾਗਰੂਕ ਕਰਨ।
ਸਿੱਧੂ ਨੇ ਦੱਸਿਆ ਕਿ ਰਾਜ ਵਿੱਚ ਟੀਕੇ ਦੀ ਘਾਟ ਸਬੰਧੀ ਮੁੱਖ ਮੰਤਰੀ ਪੰਜਾਬ ਦੀ ਅਪੀਲ ‘ਤੇ ਅਮਲ ਕਰਦਿਆਂ ਕੇਂਦਰ ਸਰਕਾਰ ਵੱਲੋਂ ਕੱਲ੍ਹ ਤੱਕ ਟੀਕੇ ਦੀਆਂ 4 ਲੱਖ ਖੁਰਾਕਾਂ ਦੀ ਤਾਜ਼ਾ ਖੇਪ ਭੇਜੀ ਜਾਵੇਗੀ।
ਸਿਹਤ ਮੰਤਰੀ ਨੇ ਕਿਹਾ ਕਿ ਸੂਬੇ ਦੇ ਈ.ਪੀ.ਆਈ. ਅਧਿਕਾਰੀ ਨੇ ਦੱਸਿਆ ਹੈ ਕਿ ਸਿਹਤ ਵਿਭਾਗ ਨੂੰ ਕੇਂਦਰ ਸਰਕਾਰ ਤੋਂ ਕੋਵਿਡ-19 ਟੀਕਾ ਭੇਜੇ ਜਾਣ ਦੀ ਸੂਚਨਾ ਮਿਲੀ ਹੈ ਜੋ ਕਿ ਹਵਾਈ ਜਹਾਜ਼ ਜ਼ਰੀਏ ਚੰਡੀਗੜ੍ਹ ਏਅਰਪੋਰਟ ’ਤੇ ਪਹੁੰਚਾਈ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੰਗੀਆਂ 1 ਲੱਖ ਵਾਇਲਜ਼ (ਸ਼ੀਸ਼ੀਆਂ) ਦੀ ਮੰਗ ਦੇ ਮੁਕਾਬਲੇ ਕੁੱਲ 40,000 ਸ਼ੀਸ਼ੀਆਂ ਪਹੁੰਚਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਹਰ ਸ਼ੀਸ਼ੀ ਵਿਚ ਵੈਕਸੀਨ ਦੀਆਂ 10 ਖੁਰਾਕਾਂ ਹੁੰਦੀਆਂ ਹਨ।
ਮੰਗ ਅਤੇ ਸਪਲਾਈ ਨੀਤੀ ਅਨੁਸਾਰ ਟੀਕਿਆਂ ਨੂੰ ਤਰਕਸੰਗਤ ਬਣਾਉਣ ਦੀ ਜ਼ਰੂਰਤ ਵੱਲ ਇਸ਼ਾਰਾ ਕਰਦਿਆਂ ਉਨ੍ਹਾਂ ਸਿਵਲ ਸਰਜਨਾਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਸਬੰਧਤ ਖੇਤਰਾਂ ਵਿੱਚ ਕੋਵਿਡ-19 ਟੀਕੇ ਦੇ ਸਟਾਕ ਦੀ ਨਿੱਜੀ ਤੌਰ ’ਤੇ ਜਾਂਚ ਕਰਨ ਅਤੇ ਇਹ ਯਕੀਨੀ ਬਣਾਉਣ ਕਿ ਕੋਲਡ ਚੇਨ ਨੂੰ ਕਾਇਮ ਰੱਖਦਿਆਂ ਮੰਗ ਅਨੁਸਾਰ ਟੀਕੇ ਦਾ ਸਟਾਕ ਸਪਲਾਈ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਅਣਉੱਚਿਤ ਬਰਬਾਦੀ ਦੀ ਸਥਿਤੀ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਕਣਕ ਦੀ ਖਰੀਦ ਲਈ ਕੀਤੇ ਗਏ ਪ੍ਰਬੰਧਾਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਅਨਾਜ ਮੰਡੀਆਂ ਵਿਖੇ 154 ਟੀਕਾਕਰਨ ਕੇਂਦਰ ਸਥਾਪਤ ਕੀਤੇ ਗਏ ਹਨ ਅਤੇ ਯੋਗ ਲਾਭਪਾਤਰੀਆਂ ਦਾ ਟੀਕਾਕਰਨ ਯਕੀਨੀ ਬਣਾਉਣ ਲਈ 22 ਨੋਡਲ ਅਧਿਕਾਰੀ ਸਾਰੇ ਜ਼ਿਲ੍ਹਿਆਂ ਵਿੱਚ ਤੈਨਾਤ ਕੀਤੇ ਗਏ ਹਨ।