ਪੰਜਾਬ ਵਿੱਚ ਮੁੜ ਟੀਕਿਆਂ ਦੀ ਘਾਟ ਹੋਣ ‘ਤੇ ਮੁੱਖ ਮੰਤਰੀ ਨੇ ਦੋ ਮਹੀਨਿਆਂ ਵਿੱਚ ਸਾਰੀ ਯੋਗ ਵਸੋਂ ਨੂੰ ਕਵਰ ਕਰਨ ਲਈ ਕੇਂਦਰ ਨੂੰ ਹੋਰ ਵੈਕਸੀਨ ਭੇਜਣ ਲਈ ਕਿਹਾ
ਉਪਲੱਬਧਤਾ ਦੇ ਆਧਾਰ ‘ਤੇ ਸਾਰੇ 18-45 ਸਾਲ ਉਮਰ ਵਰਗ ਦੇ ਟੀਕਾਕਰਨ ਦਾ ਕੀਤਾ ਐਲਾਨ
ਚੰਡੀਗੜ੍ਹ, 29 ਜੂਨ
ਸੂਬੇ ਵਿੱਚ ਕੋਵੀਸ਼ੀਲਡ ਟੀਕਿਆਂ ਦੀ ਘਾਟ ਅਤੇ ਕੋਵੈਕਸੀਨ ਦੀਆਂ ਸਿਰਫ਼ 112821 ਖੁਰਾਕਾਂ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਕੋਲ ਹੋਰ ਵੈਕਸੀਨ ਮੁਹੱਈਆ ਕਰਵਾਉਣ ਸਬੰਧੀ ਆਪਣੀ ਮੰਗ ਨੂੰ ਦੁਹਰਾਇਆ ਤਾਂ ਜੋ ਅਗਲੇ ਦੋ ਮਹੀਨਿਆਂ ਵਿੱਚ ਯੋਗ ਵਿਅਕਤੀ ਦਾ ਟੀਕਾਕਰਨ ਮੁਕੰਮਲ ਕਰਨ ਲਈ 18-45 ਸਾਲ ਉਮਰ ਵਰਗ ਦੇ ਸਾਰੇ ਵਿਅਕਤੀਆਂ ਨੂੰ ਕੋਵਿਡ ਦੇ ਟੀਕੇ ਲਗਾਏ ਜਾ ਸਕਣ।
ਵੈਕਸੀਨ ਦੀ ਉਪਲੱਬਧਤਾ ਨੂੰ ਧਿਆਨ ਵਿੱਚ ਰੱਖਦਿਆਂ ਭਾਵੇਂ ਉਨ੍ਹਾਂ ਵੱਲੋਂ 18-45 ਉਮਰ ਵਰਗ ਦੀ ਆਬਾਦੀ ਦੇ ਟੀਕਾਕਰਨ ਲਈ ਹੁਕਮ ਦੇ ਮੱਦੇਨਜ਼ਰ, ਮੁੱਖ ਮੰਤਰੀ ਨੇ ਕਿਹਾ ਕਿ ਸਭ ਤੋਂ ਪਹਿਲਾਂ ਤਰਜੀਹੀ ਵਰਗਾਂ ਨੂੰ ਕਵਰ ਕਰਨ ਲਈ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਦੋ ਮਹੀਨਿਆਂ ਵਿੱਚ ਸਾਰੇ ਯੋਗ ਵਿਅਕਤੀਆਂ ਦੇ ਟੀਕਾਕਰਨ ਦਾ ਟੀਚਾ ਮਿੱਥਿਆ ਹੈ ਜਿਸ ਤੋਂ ਬਾਅਦ ਸਮਾਂ-ਸੂਚੀ ਅਨੁਸਾਰ ਟੀਕੇ ਦੀ ਦੂਜੀ ਖੁਰਾਕ ਦਿੱਤੀ ਜਾਵੇਗੀ। ਮੌਜੂਦਾ ਸਮੇਂ ਟੀਕਾਕਰਨ ਲਈ ਪੰਜਾਬ ਦੀ ਯੋਗ ਆਬਾਦੀ ਦੇ 4.8 ਫ਼ੀਸਦੀ ਹਿੱਸੇ ਦਾ ਮੁਕੰਮਲ ਟੀਕਾਕਰਨ ਹੋ ਚੁੱਕਾ ਹੈ ਅਤੇ ਜ਼ਿਲ੍ਹਾ ਮੁਹਾਲੀ ਪਹਿਲੀ ਅਤੇ ਦੂਜੀ ਖੁਰਾਕਾਂ ਲਗਾਉਣ ਵਿੱਚ ਮੋਹਰੀ ਹੈ।
ਕੋਵਿਡ ਸਮੀਖਿਆ ਵਰਚੁਅਲ ਮੀਟਿੰਗ ਦੌਰਾਨ ਪੰਜਾਬ ਵਿੱਚ ਟੀਕਾਕਰਨ ਦੀ ਪ੍ਰਗਤੀ ਅਤੇ ਸਥਿਤੀ ਦਾ ਜਾਇਜ਼ਾ ਲੈਂਦੇ ਹੋਏ ਮੁੱਖ ਮੰਤਰੀ ਨੇ ਪਾਇਆ ਕਿ ਸੂਬਾ ਸਰਕਾਰ ਪਹਿਲਾਂ ਹੀ 62 ਲੱਖ ਤੋਂ ਵੱਧ ਯੋਗ ਵਿਅਕਤੀਆਂ ਨੂੰ ਟੀਕੇ ਲਗਾ ਚੁੱਕੀ ਹੈ ਅਤੇ ਬਿਨਾਂ ਕਿਸੇ ਬਰਬਾਦੀ ਤੋਂ ਸਟਾਕ ਦੀ ਵਰਤੋਂ ਕਰ ਰਹੀ ਹੈ। ਹਾਲਾਂਕਿ ਵੱਡੇ ਪੱਧਰ ‘ਤੇ ਟੀਕਿਆਂ ਦੀ ਘਾਟ ਹੈ। ਮੌਜਦਾ ਸਮੇਂ ਸੂਬੇ ਵਿੱਚ ਕੋਵੀਸ਼ੀਲਡ ਦਾ ਭੰਡਾਰ ਖਤਮ ਹੋ ਚੁੱਕਾ ਹੈ ਅਤੇ ਕੋਵੈਕਸੀਨ ਟੀਕਿਆਂ ਦਾ ਵੀ ਬਹੁਤ ਘੱਟ ਭੰਡਾਰ ਉਪਲੱਬਧ ਹੈ।
ਇਸ ਵੱਲ ਇਸ਼ਾਰਾ ਕਰਦਿਆਂ ਕਿ ਸੂਬਾ ਸਰਕਾਰ ਵੱਲੋਂ ਵਾਰ-ਵਾਰ ਭਾਰਤ ਸਰਕਾਰ ਕੋਲ ਖੁਰਾਕਾਂ ਦੀ ਘਾਟ ਸਬੰਧੀ ਮੁੱਦਾ ਉਠਾਇਆ ਜਾ ਰਿਹਾ ਹੈ, ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਅਹਿਮ ਹੋ ਗਿਆ ਹੈ ਕਿਉਂਕਿ ਪੰਜਾਬ ਹੁਣ ਹੌਲੀ-ਹੌਲੀ ਘੱਟੋ ਘੱਟ ਇਕ ਖੁਰਾਕ ਲੈਣ ਦੀ ਸ਼ਰਤ ‘ਤੇ ਕੰਮ ਕਰਨ ਨੂੰ ਢਿੱਲ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਇਸ ਮੁੱਦੇ ਨੂੰ ਤੁਰੰਤ ਕੇਂਦਰੀ ਸਿਹਤ ਮੰਤਰੀ ਕੋਲ ਉਠਾਉਣਗੇ ਅਤੇ ਜ਼ਰੂਰਤ ਪੈਣ ‘ਤੇ ਪ੍ਰਧਾਨ ਮੰਤਰੀ ਕੋਲ ਵੀ ਇਹ ਮੁੱਦਾ ਉਠਾਉਣਗੇ।
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਭਾਜਪਾ ਸਾਸ਼ਿਤ ਸੂਬਿਆਂ ਜਿਵੇਂ ਹਰਿਆਣਾ ਅਤੇ ਗੁਜਰਾਤ ਨੂੰ ਕੇਂਦਰ ਵੱਲੋਂ ਵੱਡੀ ਮਾਤਰਾ ਵਿਚ ਖੁਰਾਕ ਮੁਹੱਈਆ ਕਰਵਾਉਣ ਬਾਰੇ ਸਵਾਲ ਕੀਤਾ।
ਡੀ.ਜੀ.ਪੀ. ਦਿਨਕਰ ਗੁਪਤਾ ਨੇ ਦੱਸਿਆ ਕਿ ਟੀਕਾਕਰਨ ਦੀਆਂ ਦੋ ਖੁਰਾਕਾਂ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਵਿੱਚ 98 ਫ਼ੀਸਦੀ ਸੁਰੱਖਿਆ ਦਰਸਾਉਂਦੇ ਪੰਜਾਬ ਪੁਲਿਸ ਦੇ ਅਧਿਐਨ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਸਿਹਤ ਅਤੇ ਮੈਡੀਕਲ ਸਿੱਖਿਆ ਵਿਭਾਗ ਨੂੰ ਟੀਕੇ ਦੀ ਕੁਸ਼ਲਤਾ ਦੀ ਨਿਗਰਾਨੀ ਜਾਰੀ ਰੱਖਣ ਲਈ ਕਿਹਾ। ਹੁਣ ਤੱਕ ਤਕਰੀਬਨ 79000 ਪੰਜਾਬ ਪੁਲਿਸ ਕਰਮਚਾਰੀਆਂ ਨੂੰ ਟੀਕਾ ਲਗਾਇਆ ਜਾ ਚੁੱਕਾ ਹੈ ਜਿਸ ਵਿਚੋਂ 57 ਫ਼ੀਸਦੀ ਨੂੰ ਦੂਜੀ ਖੁਰਾਕ ਲਗਾਈ ਗਈ ਹੈ। ਡਾ. ਰਾਜੇਸ਼ ਕੁਮਾਰ ਵੱਲੋਂ 3 ਫਰਵਰੀ ਤੋਂ 28 ਜੂਨ ਦਰਮਿਆਨ ਕੀਤੇ ਗਏ ਅਧਿਐਨ ਤੋਂ ਪਤਾ ਲੱਗਾ ਕਿ ਇਸ ਸਮੇਂ ਦੌਰਾਨ ਹੋਈਆਂ ਕੁੱਲ ਮੌਤਾਂ ਵਿਚੋਂ 15 ਮੌਤਾਂ ਟੀਕਾ ਨਾ ਲਗਾਉਣ ਵਾਲਿਆਂ ਦੀਆਂ ਹੋਈਆਂ ਹਨ ਜਿਨ੍ਹਾਂ ਨੇ ਕੋਈ ਵੀ ਖੁਰਾਕ ਨਹੀਂ ਲਈ ਸੀ ਜਦੋਂ ਕਿ ਦੋਵੇਂ ਖੁਰਾਕਾਂ ਲੈਣ ਵਾਲੇ ਸਿਰਫ਼ ਇਕ ਵਿਅਕਤੀ ਦੀ ਮੌਤ ਹੋਈ।
ਮੁੱਖ ਮੰਤਰੀ ਨੇ ਸਬੰਧਤ ਵਿਭਾਗਾਂ ਨੂੰ ਟੀਕਾਕਰਨ, ਟੈਸਟਿੰਗ ਅਤੇ ਮਾਈਕਰੋ-ਕੰਟੇਨਮੈਂਟ ਜ਼ੋਨਾਂ ਦੇ ਮਾਮਲੇ ਵਿੱਚ ਸਹਾਇਤਾ ਲਈ ਜਨਤਾ ਨੂੰ ਉਤਸ਼ਾਹਤ ਕਰਨ ਹਿੱਤ ਮੁਹਿੰਮ ਚਲਾਉਣ ਦੇ ਨਿਰਦੇਸ਼ ਵੀ ਦਿੱਤੇ। ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਸਾਰੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਸਰਗਰਮ ਕੀਤਾ ਜਾਣਾ ਚਾਹੀਦਾ ਹੈ।