ਮੋਦੀ ਸਰਕਾਰ ਨੂੰ ਜੜ੍ਹੋਂ ਪੁੱਟਣ ਲਈ ਕੇਜਰੀਵਾਲ ਦੀਆਂ ਜੜ੍ਹਾਂ ਮਜ਼ਬੂਤ ਕਰਨਾ ਜ਼ਰੂਰੀ : ਭਗਵੰਤ ਮਾਨ
21 ਮਾਰਚ ਨੂੰ ਬਾਘਾ ਪੁਰਾਣਾ ਕਿਸਾਨ ਮਹਾਂ ਸੰਮੇਲਨ ਸਫਲ ਬਣਾਉਣ ਲਈ ਭਗਵੰਤ ਮਾਨ ਵੱਲੋਂ ਮਾਨਸਾ ਜ਼ਿਲ੍ਹੇ ਦੇ ਪਿੰਡਾਂ ‘ਚ ਜਨ ਸਭਾਵਾਂ
ਕੇਜਰੀਵਾਲ ਨੇ ਦਿੱਲੀ ‘ਚ ਮੋਦੀ-ਸ਼ਾਹ ਨੂੰ ਤਿੰਨ ਵਾਰ ਹਰਾਇਆ, ਹੁਣ ਕਿਸਾਨਾਂ ਸਾਹਮਣੇ ਝੁਕਣ ਲਈ ਕਰਨਗੇ ਮਜ਼ਬੂਰ : ਭਗਵੰਤ ਮਾਨ
ਮਾਨਸਾ/ਚੰਡੀਗੜ੍ਹ, 13 ਮਾਰਚ 2021
ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਸ਼ਨੀਵਾਰ ਨੂੰ ਮਾਨਸਾ ਜ਼ਿਲ੍ਹੇ ਦੇ ਪਿੰਡ ਉਲਕ, ਮਾਖਾ ਅਤੇ ਖੜਕ ਸਿੰਘ ਵਾਲਾ ਵਿੱਚ 21 ਮਾਰਚ ਨੂੰ ਬਾਘਾ ਪੁਰਾਣਾ ਵਿੱਚ ਕੀਤੀ ਜਾ ਰਹੀ ਕਿਸਾਨ ਮਹਾਂਸੰਮੇਲਨ ਦੀ ਤਿਆਰੀ ਵਜੋਂ ਜਨ ਸਭਾਵਾਂ ਕੀਤੀਆਂ। ਉਨ੍ਹਾਂ ਲੋਕਾਂ ਨੂੰ 21 ਮਾਰਚ ਨੂੰ ਬਾਘਾ ਪੁਰਾਣਾ ਵਿੱਚ ਹੋਣ ਵਾਲੇ ‘ਆਪ’ ਕਿਸਾਨ ਮਹਾਸੰਮੇਲਨ ਵਿੱਚ ਆਉਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਅਰਵਿੰਦ ਕੇਜਰੀਵਾਲ ਕਿਸਾਨਾਂ ਦੀ ਆਵਾਜ਼ ਨੂੰ ਬੁਲੰਦ ਕਰਨ ਲਈ ਪੰਜਾਬ ਆ ਰਹੇ ਹਨ। ਭਗਵੰਤ ਮਾਨ ਨੇ ਕਿਹਾ ਕਿ ਹੰਕਾਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਨਾਸ਼ਾਹ ਸਰਕਾਰ ਦੀਆਂ ਜੜ੍ਹਾਂ ਪੁੱਟਣ ਲਈ ਦੇਸ਼ ਅੰਦਰ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਦੀਆਂ ਜੜ੍ਹਾਂ ਮਜ਼ਬੂਤ ਕਰਨ ਦੀ ਲੋੜ ਹੈ, ਕਿਉਂਕਿ ਭਾਜਪਾ ਨੂੰ ਸਿਰਫ ਅਰਵਿੰਦ ਕੇਜਰੀਵਾਲ ਹੀ ਕਰਾਰੀ ਟੱਕਰ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਉਹ ਆਉਣਗੇ ਤਾਂ ਕੌਮੀ ਮੀਡੀਆ ਵੀ ਉਨ੍ਹਾਂ ਨਾਲ ਆਵੇਗਾ। ਉਨ੍ਹਾਂ ਦੀਆਂ ਗੱਲਾਂ ਨੂੰ ਪੂਰਾ ਦੇਸ਼ ਸੁਣਦਾ ਹੈ। ਇਸ ਲਈ, ਜਦੋਂ ਉਹ ਕਿਸਾਨਾਂ ਦੇ ਮੁੱਦੇ ਉੱਤੇ ਵੀ ਮਹਾਸੰਮੇਲਨ ਵਿਚ ਬੋਲਣਗੇ ਤਾਂ ਪੂਰੇ ਦੇਸ਼ ਦੇ ਲੋਕ ਸੁਣਨਗੇ। ਅੱਜ ਸਾਨੂੰ ਸਭ ਨੂੰ ਇਹ ਦਿਖਾਉਣ ਦੀ ਲੋੜ ਹੈ ਕਿ ਪੰਜਾਬ ਦੇ ਲੋਕ ਕਿਸਾਨਾਂ ਦੇ ਪੱਖ ਵਿੱਚ ਮਜ਼ਬੂਤੀ ਨਾਲ ਖੜ੍ਹੇ ਹਨ। ਸਾਨੂੰ ਇਹ ਦਿਖਾਉਣ ਦੀ ਲੋੜ ਹੈ ਕਿ ਅਸੀਂ ਸਭ ਇਕਜੁੱਟ ਹਾਂ।
ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿੱਚ ਮੋਦੀ-ਸ਼ਾਹ ਨੂੰ ਤਿੰਨ ਵਾਰ ਹਿਰਾਇਆ ਹੈ। ਉਨ੍ਹਾਂ ਕੋਲ ਮੋਦੀ ਦੀਆਂ ਜੜ੍ਹ ਪੁੱਟਣ ਦੀ ਸਮਰਥਾ ਹੈ। ਇਸ ਲਈ ਹੁਣ ਉਹ ਪ੍ਰਦਰਸ਼ਨਕਾਰੀ ਕਿਸਾਨਾਂ ਨਾਲ ਮਿਲਕੇ ਮੋਦੀ ਅਤੇ ਭਾਜਪਾ ਦੀ ਸੱਤਾ ਨੂੰ ਜੜ੍ਹ ਤੋਂ ਪੁੱਟ ਸੁੱਟਣ ਲਈ ਪੰਜਾਬ ਵਿੱਚ ਆ ਰਹੇ ਹਨ। ਕਿਸਾਨ ਮਹਾਸੰਮੇਲਨ ਰਾਹੀਂ ਉਹ ਕਿਸਾਨਾਂ ਦੀ ਆਵਾਜ਼ ਬੁਲੰਦ ਕਰਨਗੇ। ਉਹ ਕਿਸਾਨਾਂ ਦੀ ਆਵਾਜ਼ ਨੂੰ ਦਿੱਲੀ ਦੀ ਸੱਤਾ ਤੱਕ ਪਹੁੰਚਾਉਣਗੇ ਅਤੇ ਮੋਦੀ ਸਰਕਾਰ ਨੂੰ ਕਿਸਾਨਾਂ ਦੀ ਮੰਗ ਦੇ ਸਾਹਮਣੇ ਝੁੱਕਣ ਲਈ ਮਜਬੂਰ ਕਰਨਗੇ। ਮਾਨ ਨੇ ਲੋਕਾਂ ਨੂੰ ਕਿਹਾ ਕਿ ਜੇਕਰ ਤੁਸੀਂ ਮੋਦੀ ਸਰਕਾਰ ਨੂੰ ਜੜ੍ਹ ਤੋਂ ਪੁੱਟਣਾ ਚਾਹੁੰਦੇ ਹੋ ਅਤੇ ਕਿਸਾਨਾਂ ਦੀਆਂ ਮੰਗਾਂ ਨੂੰ ਪੂਰਾ ਕਰਨਾ ਚਾਹੁੰਦੇ ਹੈ, ਤੁਸੀਂ ਸਾਰੇ ਵੱਡੀ ਗਿਣਤੀ ਵਿੱਚ 21 ਮਾਰਚ ਨੂੰ ਕਿਸਾਨ ਮਹਾਸੰਮੇਲਨ ਵਿੱਚ ਆਓ ਅਤੇ ਕਿਸਾਨਾਂ ਦੀ ਆਵਾਜ਼ ਬੁਲੰਦ ਕਰੀਏ।
ਇਸ ਮੌਕੇ ਚਰਨਜੀਤ ਸਿੰਘ ਅੱਕਾਂਵਾਲੀ, ਗੁਰਪ੍ਰੀਤ ਸਿੰਘ ਭੁੱਚਰ, ਗੁਰਪ੍ਰੀਤ ਸਿੰਘ ਬਣਾਂਵਾਲੀ, ਡਾਕਟਰ ਵਿਜੈ ਸਿੰਗਲਾ, ਸੁਖਵਿੰਦਰ ਸਿੰਘ ਭੋਲਾ ਮਾਨ, ਸੁਖਵਿੰਦਰ ਸਿੰਘ ਸੁੱਖੀ ਅਕਲੀਆ, ਪਰਮਿੰਦਰ ਕੌਰ ਸਮਾਘ, ਨੇਮ ਚੰਦ ਦੌਧਰੀ, ਹਰਦੇਵ ਸਿੰਘ ਉਲਕ, ਹਰਜੀਤ ਸਿੰਘ ਦੰਦੀਵਾਲ, ਸਿੰਗਾਰਾ ਖਾਨ ਜਵਾਹਰਕੇ, ਰਮੇਸ਼ ਖਿਆਲਾ, ਸੁਖਵਿੰਦਰ ਸਿੰਘ ਖੋਖਰ, ਅਮ੍ਰਿਤ ਮਾਨਸਾ, ਮਿੰਟੂ ਮਾਨਸਾ, ਹਰਜਿੰਦਰ ਸਿੰਘ ਦਿਆਲਪੁਰਾ, ਨਾਜ਼ਰ ਸਿੰਘ ਘੁੱਦਾਵਾਲਾ, ਗੁਰਪ੍ਰੀਤ ਸਿੰਘ ਕੱਟੜਾ ਸੋਸਲ ਮੀਡੀਆ, ਜਸਪਾਲ ਸਿੰਘ ਦਾਤੇਵਾਸ ਆਦਿ ਆਗੂ ਹਾਜ਼ਰ ਸਨ।