ਜ਼ਿਲ੍ਹਾ ਲੁਧਿਆਣਾ ਦੇ ਆੜ੍ਹਤੀਆਂ ਨੇ ਕੀਤਾ ਪੰਜਾਬ ਸਰਕਾਰ ਦਾ ਧੰਨਵਾਦ
ਜ਼ਿਲ੍ਹਾ ਲੁਧਿਆਣਾ ਦੇ ਆੜ੍ਹਤੀਆਂ ਨੇ ਕੀਤਾ ਪੰਜਾਬ ਸਰਕਾਰ ਦਾ ਧੰਨਵਾਦ
-ਕਿਹਾ! ਚੱਲ ਰਹੀ ਕਣਕ ਦੀ ਖਰੀਦ ਪ੍ਰਕਿਰਿਆ ‘ਚ ਉਨ੍ਹਾਂ ਨੂੰ ਕਿਸਾਨਾਂ ਨਾਲ ਜੋੜੀ ਰੱਖਿਆ
ਲੁਧਿਆਣਾ, 22 ਅਪ੍ਰੈਲ (000) – ਜ਼ਿਲ੍ਹਾ ਲੁਧਿਆਣਾ ਦੇ ਆੜ੍ਹਤੀਆਂ (ਕਮਿਸ਼ਨ ਏਜੰਟਾਂ) ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਹੈ ਜ਼ਿਨ੍ਹਾਂ ਚੱਲ ਰਹੀ ਕਣਕ ਦੀ ਖਰੀਦ ਪ੍ਰਕਿਰਿਆ ਵਿੱਚ ਉਨ੍ਹਾਂ ਨੂੰ ਕਿਸਾਨਾਂ ਨਾਲ ਜੋੜੀ ਰੱਖਿਆ। ਆੜ੍ਹਤੀਆਂ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਡਾਇਰੈਕਟ ਬੈਨੀਫਿਟ ਟ੍ਰਾਂਸਫਰ (ਡੀ.ਬੀ.ਟੀ) ਯੋਜਨਾ ਕਿਸਾਨਾਂ ਅਤੇ ਆੜ੍ਹਤੀਆਂ ਵਿਚਕਾਰ ਸਬੰਧਾਂ ਨੂੰ ਤੋੜਨਾ ਸੀ, ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ ਦੇ ਦਖਲ ਕਾਰਨ, ਉਹ ਆਪਣੀ ਮਨਸ਼ਾ ਵਿੱਚ ਕਾਮਯਾਬ ਨਹੀਂ ਹੋਏ।
ਧਮੋਟ ਅਨਾਜ ਮੰਡੀ ਵਿੱਚ ਮੈਸ: ਕੁਲਵਿੰਦਰ ਸਿੰਘ ਐਂਡ ਕੰਪਨੀ ਦੇ ਮਾਲਕ ਸੁਖਮਿੰਦਰ ਸਿੰਘ, ਮੈਸ: ਜਗਜੀਤ ਟਰੇਡਿੰਗ ਕੰਪਨੀ ਦੇ ਮਾਲਕ ਜਗਜੀਤ ਸਿੰਘ ਅਤੇ ਸਾਹਨੇਵਾਲ ਤੋਂ ਮੈਸ: ਰਾਮ ਸਰੂਪ ਟ੍ਰੇਡਰਜ਼ ਦੇ ਮਾਲਕ ਵਿਨੋਦ ਕੁਮਾਰ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਜਿਹੜੀ ਆੜ੍ਹਤੀਆਂ ਨਾਲ ਉਸ ਮੌਕੇ ਚੱਟਾਨ ਵਾਂਗ ਖੜ੍ਹੀ ਜਦੋਂ ਕੇਂਦਰ ਸਰਕਾਰ ਕਿਸਾਨਾਂ ਨਾਲ ਆਪਣੇ ਸਾਲਾਂ ਪੁਰਾਣੇ ਰਿਸ਼ਤੇ ਨੂੰ ਤੋੜਨ ਲਈ ਠੋਸ ਯਤਨ ਕਰ ਰਹੀ ਸੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਸਿੱਧੀ ਅਦਾਇਗੀ ਕਰਨ ਦਾ ਐਲਾਨ ਕੀਤਾ ਗਿਆ ਸੀ, ਜਿਸ ਕਾਰਨ ਆੜ੍ਹਤੀਆਂ ਵਿੱਚ ਭਾਰੀ ਰੋਸ ਸੀ।
ਉਨ੍ਹਾਂ ਕਿਹਾ ਕਿ ਪਿਛਲੇ ਸਾਲ ਬਣਾਏ ਗਏ ਅਨਾਜ ਖਰੀਦ ਪੋਰਟਲ ‘ਤੇ ਮਾਮੂਲੀ ਸੋਧ ਕਰਨ ਨਾਲ ਆੜ੍ਹਤੀਆਂ ਨੂੰ ਪੋਰਟਲ ‘ਤੇ ਸੰਦੇਸ਼ ਮਿਲ ਜਾਂਦਾ ਹੈ ਅਤੇ ਉਨ੍ਹਾਂ ਨਾਲ ਜੁੜੇ ਕਿਸਾਨ ਨੂੰ ਅਦਾਇਗੀ ਕਰ ਦਿੱਤੀ ਜਾਂਦੀ ਹੈ। ਇਸ ਸਮੇਂ, ਆੜ੍ਹਤੀਆ ਨੂੰ ‘ਪੇਅ ਨਾਓ’ ‘ਤੇ ਕਲਿਕ ਕਰਨ ਦਾ ਵਿਕਲਪ ਮਿਲ ਜਾਵੇਗਾ ਅਤੇ ਆੜ੍ਹਤੀਆਂ ਨੂੰ ਕਿਸਾਨਾਂ ਦੀ ਅਦਾਇਗੀ ਬਾਰੇ ਪਤਾ ਲੱਗ ਜਾਵੇਗਾ ਅਤੇ ਇਸ ਤਰ੍ਹਾਂ ਇਨ੍ਹਾਂ ਕਿਸਾਨਾਂ ਨੂੰ ਅਦਾ ਕੀਤੀ ਅਦਾਇਗੀ ਵੀ ਵਾਪਸ ਮਿਲ ਜਾਵੇਗੀ।
ਜਿਕਰਯੋਗ ਹੈ ਕਿ ਹੁਣ, ਇਹ ਰਕਮ ਸਿੱਧੇ ਤੌਰ ‘ਤੇ ਕਿਸਾਨਾਂ ਦੇ ਖਾਤਿਆਂ ਵਿੱਚ ਜਮ੍ਹਾਂ ਹੋ ਜਾਵੇਗੀ, ਪਰ ਆੜ੍ਹਤੀਆ ਵੱਲੋਂ ‘ਪੇਅ ਨਾਓ’ ਬਟਨ ਦਬਾਉਣ ਤੋਂ ਬਾਅਦ। ਆੜ੍ਹਤੀਆ ਨੂੰ ਵੀ 48 ਘੰਟਿਆਂ ਦੇ ਅੰਦਰ ‘ਪੇਅ ਨਾਓ’ ਵਿਕਲਪ ‘ਤੇ ਕਲਿਕ ਕਰਨਾ ਪਏਗਾ, ਅਜਿਹਾ ਨਾ ਕਰਨ ਦੀ ਸੂਰਤ ਵਿੱਚ ਇਹ ਰਕਮ ਸਿੱਧੇ ਤੌਰ ‘ਤੇ 72 ਘੰਟਿਆਂ ਵਿਚ ਕਿਸਾਨਾਂ ਦੇ ਖਾਤਿਆਂ ਵਿਚ ਜਮ੍ਹਾਂ ਹੋ ਜਾਵੇਗੀ।
ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਪੰਜਾਬ ਖੁਰਾਕ ਵਿਭਾਗ ਨੇ ਖਰੀਦ ਸਾੱਫਟਵੇਅਰ ਵਿੱਚ ਸੋਧ ਕੀਤੀ ਹੈ ਤਾਂ ਜੋ ਆੜ੍ਹਤੀਏ ਸਿੱਧੇ ਅਦਾਇਗੀ ਪ੍ਰਕਿਰਿਆ ਵਿੱਚ ਵੀ ਸ਼ਮੂਲੀਅਤ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਪੰਜਾਬ ਵਿੱਚ ਸਿੱਧੇ ਤੌਰ ‘ਤੇ ਕਿਸਾਨਾਂ ਨੂੰ ਅਦਾਇਗੀ ਕੀਤੀ ਜਾ ਰਹੀ ਸੀ।