Punjab

ਮਨਪ੍ਰੀਤ ਬਾਦਲ ਦੇ ਸਾਥੀ ਜਗਰੂਪ ਸਿੰਘ ਗਿੱਲ ਹੋਏ ‘ਆਪ’ ‘ਚ ਸ਼ਾਮਲ

-ਛੇ ਵਾਰ ਕੌਸਲਰ, ਜ਼ਿਲਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਬਠਿੰਡਾ ਇੰਪਰੂਵਮੈਂਟ ਟਰੱਸ਼ਟ ਦੇ ਚੇਅਰਮੈਨ ਰਹੇ ਹਨ ਜਗਰੂਪ ਗਿੱਲ
-ਹਰਪਾਲ ਸਿੰਘ ਚੀਮਾ ਅਤੇ ਜਰਨੈਲ ਸਿੰਘ ਸਮੇਤ ‘ਆਪ’ ਵਿਧਾਇਕਾਂ ਨੇ ਕੀਤਾ ਜ਼ੋਰਦਾਰ ਸਵਾਗਤ

ਚੰਡੀਗੜ੍ਹ, 2 ਅਗਸਤ

ਆਮ ਆਦਮੀ ਪਾਰਟੀ ਨੇ ਮਾਲਵਾ ਖੇਤਰ ਵਿੱਚ ਕਾਂਗਰਸ ਨੂੰ ਇੱਕ ਵੱਡਾ ਝਟਕਾ ਦੇ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਗੁਰਮੀਤ ਸਿੰਘ ਖੁੱਡੀਆਂ ਤੋਂ ਬਾਅਦ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਸਾਥੀ ਅਤੇ ਬਠਿੰਡਾ ਇੰਪਰੂਵਮੈਂਟ ਟਰੱਸ਼ਟ ਦੇ ਸਾਬਕਾ ਚੇਅਰਮੈਨ ਜਗਰੂਪ ਸਿੰਘ ਗਿੱਲ ਆਪਣੇ ਸੈਂਕੜੇ ਸਾਥੀਆਂ ਨਾਲ ਆਮ ਆਦਮੀ ਪਾਰਟੀ (ਆਪ) ਪੰਜਾਬ ਵਿੱਚ ਸ਼ਾਮਲ ਹੋ ਗਏ। ਕਾਂਗਰਸ ਦੇ ਸਾਬਕਾ ਆਗੂ ਦਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ ਸਮੇਤ ਵਿਧਾਇਕਾਂ ਮੀਤ ਹੇਅਰ, ਪ੍ਰੋ. ਬਲਜਿੰਦਰ ਕੌਰ, ਰੁਪਿੰਦਰ ਕੌਰ ਰੂਬੀ ਅਤੇ ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਸੋਮਵਾਰ ਨੂੰ ਪਾਰਟੀ ਦਫ਼ਤਰ ਵਿਖੇ ਰਸਮੀ ਤੌਰ ‘ਤੇ ਸਵਾਗਤ ਕੀਤਾ।
ਜਗਰੂਪ ਸਿੰਘ ਗਿੱਲ ਅਤੇ ਉਨਾਂ ਦੇ ਸੈਂਕੜੇ ਸਮਰਥਕਾਂ ਦਾ ਸਵਾਗਤ ਕਰਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜਿਹੜੇ ਲੋਕ ਪੰਜਾਬ ਦੀ ਖੁਸ਼ਹਾਲੀ ਚਾਹੁੰਦੇ ਹਨ, ਉਨਾਂ ਦਾ ‘ਆਪ’ ਵਿੱਚ ਸਵਾਗਤ ਹੈ। ਚੀਮਾ ਨੇ ਕਿਹਾ ਕਿ ਖੁੱਡੀਆਂ ਅਤੇ ਗਿੱਲ ਦੇ ‘ਆਪ’ ਵਿੱਚ ਸ਼ਾਮਲ ਹੋਣ ਨਾਲ ਬਠਿੰਡਾ ਸਮੇਤ ਪੂਰੇ ਮਾਲਵੇ ‘ਚ ਕਾਂਗਰਸ ਪਾਰਟੀ ਦਾ ਲੱਕ ਟੁੱਟ ਗਿਆ ਹੈ। ਜਗਰੂਪ ਸਿੰਘ ਗਿੱਲ ਜ਼ਿਲਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸਮੇਤ ਨਗਰ ਕੌਂਸਲ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ। ਇਸ ਤੋਂ ਇਲਵਾ ਜਗਰੂਪ ਸਿੰਘ ਗਿੱਲ 1979 ਤੋਂ ਕੌਸਲਰ ਬਣਦੇ ਆ ਰਹੇ ਹਨ ਅਤੇ ਹੁਣ 7 ਵਾਰ ਕੌਸਲਰ ਹਨ।
ਇਸ ਮੌਕੇ ਪੰਜਾਬ ਮਾਮਲਿਆਂ ਦੇ ਇੰਚਾਰਜ ਅਤੇ ਦਿੱਲੀ ਤੋਂ ਵਿਧਾਇਕ ਜਰਨੈਲ ਸਿੰਘ ਨੇ ਕਿਹਾ ਕਿ  ਬਾਦਲਾਂ ਅਤੇ ਕਾਂਗਰਸ ਦੇ ਮਾਫ਼ੀਆ ਰਾਜ ਤੋਂ ਅੱਕੇ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਨੂੰ ਸੂਬੇ ਦੇ ਉਜਲ ਭਵਿੱਖ ਵਜੋਂ ਦੇਖ ਰਹੇ। ਇਸ ਲਈ ‘ਆਪ’ ਦਾ ਕਾਫ਼ਲਾ ਦਿਨ ਪ੍ਰਤੀ ਦਿਨ ਵੱਧਦਾ ਜਾ ਰਿਹਾ ਹੈ।
‘ਆਪ’ ਵਿੱਚ ਸ਼ਾਮਲ ਹੋਏ ਜਗਰੂਪ ਸਿੰਘ ਗਿੱਲ ਨੇ ਕਿਹਾ, ‘ਪੰਜਾਬ ਤਬਦੀਲੀ ਦੀ ਕਰਵਟ ਲੈ ਰਿਹਾ ਹੈ। ਅਸੀਂ ਮਾਲਵੇ ਸਮੇਤ ਸਮੁੱਚੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਸਾਥ ਦੇਵਾਂਗੇ ਕਿਉਂਕਿ ਪੰਜਾਬ ‘ਆਪ’ ਦੀ ਸਰਕਾਰ ਦੀ ਉਡੀਕ ਕਰ ਰਿਹਾ ਹੈ।’ ਉਨਾਂ ਅੱਗੇ ਕਿਹਾ ਕਿ ਉਹ ਸਿਆਸਤ ਕਰਨ ਦੀ ਥਾਂ ਪਾਰਟੀ ਨੂੰ ਮਜ਼ਬੂਤ ਕਰਨ ਲਈ ਕੰਮ ਕਰਨਗੇ ਤਾਂ ਜੋ ਪੰਜਾਬ ਵਿੱਚੋਂ ਭ੍ਰਿਸ਼ਟਾਚਾਰ ਖਤਮ ਹੋ ਜਾਵੇ ਅਤੇ ਬੰਦ ਫ਼ੈਕਟਰੀਆਂ ਮੁੱੜ ਚਾਲੂ ਹੋ ਜਾਣ।
ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਹੀ ਮਾਲਵਾ ਖੇਤਰ ‘ਚ ਕਾਂਗਰਸ ਨੂੰ ਕਰਾਰਾ ਝਟਕਾ ਲੱਗਿਆ ਸੀ, ਜਦੋਂ 2017 ਦੀਆਂ ਵਿਧਾਨ ਸਭਾ ਚੋਣਾਂ ‘ਚ ਕੈਪਟਨ ਅਮਰਿੰਦਰ ਸਿੰਘ ਦੇ ਹਲਕਾ ਲੰਬੀ ਤੋਂ ਕਵਰਿੰਗ ਉਮੀਦਵਾਰ ਰਹੇ ਅਤੇ ਸਾਬਕਾ ਲੋਕ ਸਭਾ ਮੈਂਬਰ ਜਗਦੇਵ ਸਿੰਘ ਖੁੱਡੀਆਂ ਦੇ ਪੁੱਤਰ ਗੁਰਮੀਤ ਸਿੰਘ ਖੁੱਡੀਆਂ ‘ਆਪ’ ‘ਚ ਸ਼ਾਮਲ ਹੋਏ ਸਨ।
ਇਸ ਮੌਕੇ ਨੀਲ ਗਰਗ, ਰਾਕੇਸ਼ ਪੁਰੀ, ਐਡਵੋਕੇਟ ਨਵਦੀਪ ਜੀਂਦਾ, ਅਮਰਦੀਪ ਸਿੰਘ ਰਾਜਨ, ਅਮ੍ਰਿਤ ਲਾਲ ਅਗਰਵਾਲ, ਐਮ.ਐਲ ਜਿੰਦਲ, ਐਡਵੋਕੇਟ ਗੁਰਪ੍ਰੀਤ ਰਿੰਪਲ, ਬਲਜੀਤ ਸਿੰਘ ਬੱਲੀ, ਗੋਬਿੰਦਰ ਸਿੰਘ, ਸੰਦੀਪ ਗੁਪਤਾ, ਮਹਿੰਦਰ ਸਿੰਘ ਫੁੱਲੋਮਿਠੀ ਆਦਿ ਹਾਜ਼ਰ ਸਨ।
ਬਾਕਸ
‘ਆਪ’  ਨੇ ਮਾਝੇ ‘ਚ ਭਾਜਪਾ ਨੂੰ ਲਾਇਆ ਸੰਨ੍ਹ
ਚੰਡੀਗੜ੍ਹ- ‘ਆਪ’ ਨੇ ਸੋਮਵਾਰ ਨੂੰ ਮਾਝੇ ‘ਚ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਸੰਨ ਲਾਉਂਦੇ ਹੋਏ ਭਾਜਪਾ ਦੇ ਗੁਰਦਾਸਪੁਰ ਤੋਂ ਜ਼ਿਲਾ ਉਪ ਪ੍ਰਧਾਨ ਹਰਵਿੰਦਰ ਸਿੰਘ ਮੱਲੀ ਅਤੇ ਜ਼ਿਲਾ ਮਹਾਂਮੰਤਰੀ ਹਰਬੰਸ ਸਿੰਘ ਤੋਂ ਇਲਾਵਾ ਪੰਚਾਇਤੀ ਰਾਜ ਦੇ ਉਪ ਪ੍ਰਧਾਨ ਮੰਗਲ ਸਿੰਘ ਸਹੂਰ (ਡੇਰਾ ਬਾਬਾ ਨਾਨਕ ) ਨੂੰ ਪਾਰਟੀ ਵਿੱਚ ਸ਼ਾਮਲ ਕਰ ਲਿਆ ਹੈ। ਹਰਵਿੰਦਰ ਸਿੰਘ ਮੱਲੀ ਮਿਸ਼ਨ ਮੋਦੀ ਦੇ ਮੰਡਲ ਪ੍ਰਧਾਨ ਅਤੇ ਹਲਕਾ ਪ੍ਰਭਾਰੀ ਡੇਰਾ ਬਾਬਾ ਨਾਨਕ ਸਮੇਤ ਕਈ ਅਹਿਮ ਅਹੁੱਦਿਆਂ ‘ਤੇ ਰਹੇ ਹਨ। ਪਾਰਟੀ ਦੇ ਜ਼ਿਲਾ ਜਨਰਲ ਸਕੱਤਰ ਸੂਬੇਦਾਰ ਕੁਲਵੰਤ ਸਿੰਘ (ਦੀਨਾ ਨਗਰ) ਦੀ ਮੌਜੂਦਗੀ ‘ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਪੰਜਾਬ ਮਾਮਲਿਆਂ ਦੇ ਇੰਚਾਰਜ ਅਤੇ ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਭਾਜਪਾ ਛੱਡ ਕੇ ‘ਆਪ’ ‘ਚ ਸ਼ਾਮਲ ਹੋਏ ਇਹਨਾਂ ਆਗੂਆਂ ਦਾ ਸਵਾਗਤ ਕੀਤਾ।

Related Articles

Leave a Reply

Your email address will not be published. Required fields are marked *

Back to top button
error: Sorry Content is protected !!