Punjab

ਪਟਿਆਲਾ ਵਿੱਚ ਇੱਕ ਹੋਰ ਨਾਜਾਇਜ਼ ਸ਼ਰਾਬ ਫੈਕਟਰੀ ਦਾ ਕੀਤਾ ਪਰਦਾਫਾਸ਼; ਤਿੰਨ ਵਿਅਕਤੀ ਗ੍ਰਿਫਤਾਰ

ਪੁਲਿਸ ਵੱਲੋਂ ਇਕ ਐਸਯੂਵੀ ਫਾਰਚੂਨਰ ਕਾਰ, ਇਕ ਬੋਟਲਿੰਗ ਮਸ਼ੀਨ, 1600 ਖਾਲੀ ਬੋਤਲਾਂ, 6500 ਬੋਤਲ ਦੇ ਢੱਕਣ, 41000 ਬੋਤਲਾਂ ਦੇ ਲੇਬਲ, ਫਲੇਵਰ ਆਦਿ ਜ਼ਬਤ
ਜਲੰਧਰ ਦਿਹਾਤੀ ਪੁਲਿਸ ਵੱਲੋਂ ਆਦਮਪੁਰ ਵਿੱਚ ਅਜਿਹੀ ਨਾਜਾਇਜ਼ ਸ਼ਰਾਬ ਫੈਕਟਰੀ ਦਾ ਪਰਦਾਫਾਸ਼ ਕਰਨ ਤੋਂ ਇਕ ਹਫ਼ਤੇ ਦੇ ਅੰਦਰ-ਅੰਦਰ ਦੂਜੀ ਵੱਡੀ ਕਾਰਵਾਈ
ਜਲੰਧਰ ਦੇ ਨਾਜਾਇਜ਼ ਸ਼ਰਾਬ ਫੈਕਟਰੀ ਮਾਮਲੇ ਵਿਚ ਚਾਰ ਹੋਰ ਨਾਮਜ਼ਦ
ਚੰਡੀਗੜ੍ਹ / ਪਟਿਆਲਾ, 22 ਜੂਨ:
ਨਾਜਾਇਜ਼ ਸ਼ਰਾਬ ਦੇ ਨਿਰਮਾਣ ਅਤੇ ਸਪਲਾਈ ਨੂੰ ਰੋਕਣ ਵਿੱਚ ਵੱਡੀ ਸਫਲਤਾ ਹਾਸਲ ਕਰਦਿਆਂ ਪੰਜਾਬ ਪੁਲਿਸ ਵੱਲੋਂ ਅੱਜ ਪਟਿਆਲਾ ਦੇ ਸ਼ਗਨ ਵਿਹਾਰ ਖੇਤਰ ਤੋਂ ਤਿੰਨ ਵਿਅਕਤੀਆਂ ਦੀ ਗ੍ਰਿਫਤਾਰੀ ਨਾਲ ਸੂਬੇ ਵਿਚ ਇਕ ਹੋਰ ਨਾਜਾਇਜ਼ ਸ਼ਰਾਬ ਫੈਕਟਰੀ ਦਾ ਪਰਦਾਫਾਸ਼ ਕੀਤਾ ਗਿਆ ਹੈ।
ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਸਲਵਿੰਦਰ ਸਿੰਘ ਉਰਫ ਸ਼ਿੰਦਾ ਵਾਸੀ ਪਿੰਡ ਬੁਫਾਨਪੁਰਾ ਪਟਿਆਲਾ, ਹਰਦੀਪ ਕੁਮਾਰ ਉਰਫ਼ ਦੀਪੂ ਵਾਸੀ ਅਰਬਨ ਅਸਟੇਟ ਪਟਿਆਲਾ ਅਤੇ ਸੁਨੀਲ ਕੁਮਾਰ ਵਾਸੀ ਸਫਾਬਾਦੀ ਗੇਟ, ਪਟਿਆਲਾ ਵਜੋਂ ਹੋਈ ਹੈ।
ਪੰਜਾਬ ਪੁਲਿਸ ਵੱਲੋਂ ਇੱਕ ਹਫਤੇ ਤੋਂ ਵੀ ਘੱਟ ਸਮੇਂ ਵਿੱਚ ਇਹ ਦੂਜੀ ਅਜਿਹੀ ਨਜਾਇਜ਼ ਸ਼ਰਾਬ ਫੈਕਟਰੀ ਦਾ ਪਰਦਾਫਾਸ਼ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਜਲੰਧਰ ਦਿਹਾਤੀ ਪੁਲਿਸ ਨੇ 16 ਜੂਨ 2021 ਨੂੰ ਸਟੇਟ ਆਬਕਾਰੀ ਵਿਭਾਗ ਨਾਲ ਸਾਂਝੇ ਅਭਿਆਨ ਦੌਰਾਨ ਆਦਮਪੁਰ ਦੇ ਪਿੰਡ ਧੋਗੜੀ ਵਿੱਚ ਇੱਕ ਗੈਰਕਾਨੂੰਨੀ ਸ਼ਰਾਬ ਫੈਕਟਰੀ ਦਾ ਪਰਦਾਫਾਸ਼ ਕਰਕੇ ਛੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਹਨਾਂ ਕੋਲੋਂ ਇੱਕ ਬੋਤਲਿੰਗ ਯੂਨਿਟ ਸਮੇਤ ਇੱਕ ਸਿਲਿੰਗ ਮਸ਼ੀਨ, 6 ਹੈੱਡ ਫੀਲਿੰਗ ਮਸ਼ੀਨਾਂ, 11,990 ਖਾਲੀ ਬੋਤਲਾਂ (750 ਮਿ.ਲੀ.), 3840 ਗੱਤੇ ਦੇ ਬਕਸੇ, ਸਟੋਰੇਜ ਟੈਂਕ ਆਦਿ ਬਰਾਮਦ ਕੀਤੇ ਗਏ।
ਐਸਐਸਪੀ ਜਲੰਧਰ ਦਿਹਾਤੀ ਨਵੀਨ ਸਿੰਗਲਾ ਨੇ ਕਿਹਾ ਕਿ ਮੁਲਜ਼ਮ ਜ਼ਹਿਰੀਲੇ ਰਸਾਇਣਾਂ ਨਾਲ ਬਣੀ ਮਿਲਾਵਟੀ ਸ਼ਰਾਬ ਤਿਆਰ ਕਰਕੇ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਖ਼ਤਰੇ ਵਿੱਚ ਪਾ ਰਹੇ ਹਨ, ਇਸ ਲਈ ਜਲੰਧਰ ਦਿਹਾਤੀ ਪੁਲਿਸ ਵੱਲੋਂ ਐਫਆਈਆਰ ਵਿੱਚ ਆਈਪੀਸੀ ਦੀ ਧਾਰਾ 307 (ਕਤਲ ਦੀ ਕੋਸ਼ਿਸ਼) ਵੀ ਸ਼ਾਮਲ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਜਲੰਧਰ ਦਿਹਾਤੀ ਪੁਲਿਸ ਵੱਲੋਂ ਪਹਿਲਾਂ ਆਈਪੀਸੀ ਦੀ ਧਾਰਾ 420, 120-ਬੀ, 353, 186 ਅਤੇ ਆਬਕਾਰੀ ਐਕਟ ਦੀ ਧਾਰਾ 20, 61 (ਏ), 68 ਤਹਿਤ ਥਾਣਾ ਆਦਮਪੁਰ, ਜਲੰਧਰ ਵਿਖੇ ਐਫਆਈਆਰ ਦਰਜ ਕੀਤੀ ਗਈ ਸੀ।
ਡੀਜੀਪੀ ਦਿਨਕਰ ਗੁਪਤਾ ਵੱਲੋਂ ਪਟਿਆਲਾ ਵਿੱਚ ਵਿਸ਼ੇਸ਼ ਓਪਰੇਸ਼ਨ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਐਸਐਸਪੀ ਸੰਦੀਪ ਗਰਗ ਦੀ ਨਿਗਰਾਨੀ ਹੇਠ ਪੁਲਿਸ ਟੀਮਾਂ ਨੇ ਕੱਲ੍ਹ ਪਟਿਆਲਾ ਦੇ ਸ਼ਗਨ ਵਿਹਾਰ ਖੇਤਰ ਵਿੱਚ ਨਜਾਇਜ਼ ਸ਼ਰਾਬ ਫੈਕਟਰੀ ਦਾ ਪਰਦਾਫਾਸ਼ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਪੁਲਿਸ ਨੇ ਸ਼ਰਾਬ ਦੀ ਤਸਕਰੀ ਕਰਨ ਵਾਲੇ ਅੰਤਰਰਾਜੀ ਗਿਰੋਹ, ਜੋ ਪੰਜਾਬ, ਹਰਿਆਣਾ, ਦਿੱਲੀ ਅਤੇ ਬਿਹਾਰ ਵਰਗੇ ਰਾਜਾਂ ਵਿੱਚ ਫੈਲਿਆ ਹੋਇਆ ਹੈ, ਦੇ ਤਿੰਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦੋਂ ਕਿ ਬਾਕੀ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਹਨਾਂ ਨੇ ਅੱਗੇ ਕਿਹਾ ਕਿ ਪਟਿਆਲਾ ਦੇ ਅਤਿੰਦਰ ਪਾਲ ਅਤੇ ਬਿਹਾਰ ਦੇ ਵਸਨੀਕ ਵਿਸ਼ਾਲ, ਜੋ ਇਸ ਕੇਸ ਵਿੱਚ ਸਰਗਰਮ ਤੌਰ ‘ਤੇ ਸ਼ਾਮਲ ਸਨ, ਦੀ ਗ੍ਰਿਫ਼ਤਾਰੀ ਲਈ ਯਤਨ ਕੀਤੇ ਜਾ ਰਹੇ ਹਨ।
ਡੀ.ਆਈ.ਜੀ. ਪਟਿਆਲਾ ਵਿਕਰਮਜੀਤ ਦੁੱਗਲ ਨੇ ਦੱਸਿਆ ਕਿ ਛਿੰਦਾ ਅਤੇ ਦੀਪੂ ਪਿਛਲੇ 5-6 ਸਾਲਾਂ ਤੋਂ ਨਜਾਇਜ਼ ਸ਼ਰਾਬ ਦੇ ਕਾਰੋਬਾਰ ਵਿੱਚ ਸ਼ਾਮਲ ਸਨ ਅਤੇ ਵਿਸ਼ਾਲ, ਜਿਸ ਨੂੰ ਦਿੱਲੀ ਵਿੱਚ ਸ਼ਰਾਬ ਬਣਾਉਣ ਲਈ ਮਸ਼ੀਨਰੀ ਅਤੇ ਕੱਚੇ ਮਾਲ ਦੀ ਉਪਬੱਧਤਾ ਬਾਰੇ ਜਾਣਕਾਰੀ ਸੀ, ਦੀ ਮੱਦਦ ਨਾਲ ਉਨ੍ਹਾਂ ਨੇ ਗੈਰਕਾਨੂੰਨੀ ਸ਼ਰਾਬ ਬਣਾਉਣ ਵਾਲੀ ਫੈਕਟਰੀ ਸਥਾਪਤ ਕੀਤੀ।
ਉਨ੍ਹਾਂ ਕਿਹਾ ਕਿ ਪਹਿਲਾਂ ਇਸ ਗਿਰੋਹ ਨੇ ਮਈ 2020 ਵਿੱਚ ਪਟਿਆਲਾ ਦੇ ਏਕਤਾ ਵਿਹਾਰ ਵਿਖੇ ਫੈਕਟਰੀ ਸਥਾਪਤ ਕੀਤੀ ਪਰ ਜਦੋਂ ਉਨ੍ਹਾਂ ਦੇ ਗੁਆਂਢੀਆਂ ਨੂੰ ਉਨ੍ਹਾਂ ਦੀਆਂ ਗਤੀਵਿਧੀਆਂ ਬਾਰੇ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਆਪਣੀ ਫੈਕਟਰੀ ਨੂੰ ਘਨੌਰ ਵਿੱਚ ਅਤਿੰਦਰ ਪਾਲ ਦੇ ਘਰ ਵਿੱਚ ਸਥਾਪਤ ਕਰ ਲਿਆ।
ਡੀਆਈਜੀ ਪਟਿਆਲਾ ਵਿਕਰਮ ਜੀਤ ਦੁੱਗਲ ਨੇ ਕਿਹਾ, “ਉਨ੍ਹਾਂ ਨੇ ਆਪਣੀ ਫੈਕਟਰੀ ਘਨੌਰ ਤੋਂ ਵੀ ਬਦਲ ਕੇ ਇਸ ਦੇ ਮੌਜੂਦਾ ਸਥਾਨ ਸ਼ਗਨ ਵਿਹਾਰ ਵਿੱਚ ਸਥਾਪਤ ਕਰ ਲਈ ਜਿੱਥੇ ਪਿਛਲੇ ਕੁਝ ਸਮੇਂ ਤੋਂ ਚਲਾ ਰਹੇ ਸਨ।” ਉਹਨਾਂ ਦੱਸਿਆ ਕਿ ਇਸ ਗਿਰੋਹ ਨੇ ਇਹਨਾਂ ਤਿੰਨ ਫੈਕਟਰੀਆਂ ਤੋਂ ਲਗਭਗ 1000 ਤੋਂ 1100 ਸ਼ਰਾਬ ਦੇ ਡੱਬਿਆਂ (ਇਕ ਡੱਬੇ ਵਿੱਚ 12 ਬੋਤਲਾਂ) ਦਾ ਨਿਰਮਾਣ ਕਰ ਲਿਆ ਸੀ।
ਉਨ੍ਹਾਂ ਕਿਹਾ ਕਿ ਇਹ ਗਿਰੋਹ ਆਪਣੇ ਨਾਜਾਇਜ਼ ਕਾਰੋਬਾਰ ਨੂੰ ਵਧਾਉਣ ਲਈ ਐਕਸਟਰਾ ਨਿਊਟਰਲ ਅਲਕੋਹਲ (ਈ.ਐਨ.ਏ.) ਖਰੀਦਣ ਦੇ ਯਤਨ ਵੀ ਕਰ ਰਿਹਾ ਸੀ।
ਐਸਐਸਪੀ ਪਟਿਆਲਾ ਸੰਦੀਪ ਗਰਗ ਨੇ ਦੱਸਿਆ ਕਿ ਪੁਲਿਸ ਵੱਲੋਂ ਇੱਕ ਫਾਰਚੂਨਰ ਕਾਰ (ਪੀਬੀ 11 ਸੀਐਨ 8979), ਇੱਕ ਬੋਟਲਿੰਗ ਮਸ਼ੀਨ, 41000 ਬੋਤਲ ਲੇਬਲ ਜਿਸ ‘ਤੇ ਲਿਖਿਆ ਸੀ ਸਿਰਫ ਚੰਡੀਗੜ੍ਹ/ਯੂਟੀ ਵਿੱਚ ਵਿਕਰੀ ਲਈ ਸੰਤਰੀ ਟੈਂਗੋ ਸਪਾਈਸੀ ਦੇਸੀ ਸ਼ਰਾਬ, 16000 ਖਾਲੀ ਪਲਾਸਟਿਕ ਦੀਆਂ ਬੋਤਲਾਂ, 850 ਪੈਕਿੰਗ ਗੱਤੇ ਦੇ ਬਕਸੇ, ਪਲਾਸਟਿਕ ਦੀਆਂ ਦੋ ਕਾਲੀਆਂ ਟੈਂਕੀਆਂ, 6500 ਬਿਨਾਂ ਲੇਬਲ ਤੋਂ ਬੋਤਲਾਂ ਦੇ ਢੱਕਣ, ਬੋਤਲਾਂ ਦੇ 3500 ਢੱਕਣ (ਆਰ ਐਸ ਰੌਕ ਅਤੇ ਸਟੌਰਮ ਬੋਤਲਸ ਪ੍ਰਾਈਵੇਟ ਚੰਡੀਗੜ੍ਹ ਦੇ ਲੇਬਲ ਨਾਲ), 4 ਲਿਟਰ ਓਰੈਂਜ ਫਲੇਵਰ, 38-ਲੀਟਰ ਲਾਲ ਫਲੇਵਰ, ਬੋਤਲਾਂ ਨੂੰ ਸੀਲ ਕਰਨ ਲਈ ਵਰਤੀ ਜਾਂਦੀ ਇਕ ਡਿਸਪੈਂਸਰ ਮਸ਼ੀਨ, ਬੋਤਲਾਂ ਨੂੰ ਲੇਬਲ ਲਗਾਉਣ ਵਾਲੀ ਇਕ ਰੈਪ ਮਸ਼ੀਨ, 7000 ਬੋਤਲ ਕੈਪ ਸੀਲ, 14 ਗੱਮ ਪਲਾਸਟਿਕ ਦੀਆਂ ਬੋਤਲਾਂ, 96 ਟੁਕੜੇ ਸੈਲੋ ਟੇਪਾਂ ਅਤੇ ਇੱਕ ਟੁਲੂ ਪੰਪ ਜ਼ਬਤ ਕੀਤੇ ਗਏ।
ਉਨਾਂ ਕਿਹਾ ਕਿ ਮੁੱਢਲੀ ਪੜਤਾਲ ਤੋਂ ਪਤਾ ਲੱਗਿਆ ਹੈ ਕਿ ਵਿਸ਼ਾਲ ਜੋ ਸ਼ਰਾਬ ਦੇ ਵੱਖ ਵੱਖ ਫਲੇਵਰ ਬਣਾਉਣ ਵਿਚ ਮਾਹਰ ਹੈ, ਨੇ ਈ.ਐਨ.ਏ. ਦੇ 11 ਛੋਟੇ ਡਰੰਮ ਖਰੀਦਣ ਅਤੇ ਦਿੱਲੀ ਤੋਂ ਪੈਕਿੰਗ ਮੈਟੀਰੀਅਲ ਜਿਵੇਂ ਟੈਂਗੋ ਮਾਰਕਾ ਵਾਲੇ ਲੇਬਲ ਅਤੇ ਬੱਦੀ ਤੋਂ ਬੋਤਲਾਂ ਖਰੀਦਣ ਵਿੱਚ ਗਿਰੋਹ ਦੀ ਮਦਦ ਕੀਤੀ।
ਦੱਸਣਯੋਗ ਹੈ ਕਿ ਥਾਣਾ ਅਰਬਨ ਅਸਟੇਟ ਪਟਿਆਲਾ ਵਿਖੇ ਐਫਆਈਆਰ ਨੰ. 119 ਮਿਤੀ 21 ਜੂਨ, 2021, ਨੂੰ ਆਈਪੀਸੀ ਦੀ ਧਾਰਾ 420, 465, 467, 468 ਅਤੇ 471 ਅਤੇ ਆਬਕਾਰੀ ਐਕਟ ਦੀ ਧਾਰਾ  61 (1) ਏ, 61 (1) ਸੀ, 63 ਏ, 24-1-14 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਅਗਲੇਰੀ ਪੜਤਾਲ ਜਾਰੀ ਹੈ।

Related Articles

Leave a Reply

Your email address will not be published. Required fields are marked *

Back to top button
error: Sorry Content is protected !!