ਮੰਤਰੀ ਮੰਡਲ ‘ਚੋਂ ਬਰਖ਼ਾਸਤ ਕਰਕੇ ਰਾਣਾ ਸੋਢੀ ਵਿਰੁੱਧ ਦਰਜ ਹੋਵੇ ਮੁਕੱਦਮਾ: ਹਰਪਾਲ ਸਿੰਘ ਚੀਮਾ
…ਜਾਖੜ ਵੱਲੋਂ ਸੋਨੀਆਂ ਗਾਂਧੀ ਨੂੰ ਲਿਖੀ ਚਿੱਠੀ ਨੇ ‘ਆਪ’ ਦੇ ਦੋਸ਼ਾਂ ਦੀ ਪੁਸ਼ਟੀ ਕੀਤੀ
ਚੰਡੀਗੜ, 27 ਜੁਲਾਈ
ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਮੰਤਰੀ ਮੰਡਲ ‘ਚੋਂ ਤੁਰੰਤ ਬਰਖ਼ਾਸਤ ਕਰਕੇ ਉਨਾਂ (ਰਾਣਾ ਸੋਢੀ) ਵਿਰੁੱਧ ਮੁੱਕਦਮਾ ਕਾਰਨ ਦੀ ਮੰਗ ਕੀਤੀ ਹੈ।
ਮੰਗਲਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਰਾਣਾ ਗੁਰਮੀਤ ਸਿੰਘ ਸੋਢੀ ਉਤੇ ਫਿਰੋਜ਼ਪੁਰ ਫਾਜ਼ਿਲਕਾ ਸੜਕ ‘ਤੇ ਪੈਂਦੇ ਪਿੰਡ ਮੋਹਨ ਕੇ ਉਤਾੜ ਵਿਖੇ ਅਕਵਾਇਰ ਹੋਈ ਜ਼ਮੀਨ ਉਤੇ ਦੋ ਵਾਰ ਮੁਆਵਜ਼ਾ ਲੈਣ ਸੰਬੰਧੀ ਦੋਸ਼ ਬੇਹੱਦ ਗੰਭੀਰ ਹਨ, ਆਮ ਆਦਮੀ ਪਾਰਟੀ ਇਹਨਾਂ ਬਾਰੇ ਦਸਤਾਵੇਜ਼ੀ ਸਬੂਤ ਹਾਸਲ ਕਰ ਚੁੱਕੀ ਹੈ, ਜਿਨਾਂ ਦਾ ਛੇਤੀ ਹੀ ਹੋਰ ਵਿਸਥਾਰ ਨਾਲ ਖੁਲਾਸਾ ਕੀਤਾ ਜਾਵੇਗਾ। ਚੀਮਾ ਨੇ ਕਿਹਾ, ”ਰਾਣਾ ਸੋਢੀ ‘ਤੇ ਦੂਹਰੇ ਮੁਆਵਜ਼ੇ ਬਾਰੇ ਦੋਸ਼ ਸਿਰਫ਼ ਅਸੀਂ (ਆਪ) ਹੀ ਨਹੀਂ, ਸਗੋਂ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਵੱਡੇ ਆਗੂ ਸੁਨੀਲ ਜਾਖੜ ਵੀ ਲਗਾ ਰਹੇ ਹਨ। ਇਸ ਲਈ ਕਾਂਗਰਸ ਹਾਈਕਮਾਂਡ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਰਾਣਾ ਸੋਢੀ ਉਤੇ ਤੁਰੰਤ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।”
ਵਿਰੋਧੀ ਧਿਰ ਦੇ ਨੇਤਾ ਨੇ ਨਾਲ ਹੀ ਕਿਹਾ, ”ਜੇਕਰ ਅਹੁਦੇ ਦਾ ਦੁਰਉਪਯੋਗ ਕਰਕੇ ਸਰਕਾਰੀ ਖਜ਼ਾਨੇ ਨਾਲ ਠੱਗੀ ਮਾਰਨ ਵਾਲੇ ਮੰਤਰੀ ਉਤੇ ਕਾਂਗਰਸ ਅਤੇ ਕੈਪਟਨ ਕੋਈ ਕਾਰਵਾਈ ਨਹੀਂ ਕਰਦੇ ਤਾਂ ਇੱਕ ਦਫ਼ਾ ਹੋਰ ਸਾਬਤ ਹੋ ਜਾਵੇਗਾ ਕਿ ਸੂਬੇ ‘ਚ ਚੱਲ ਰਹੇ ਮਾਫ਼ੀਆ ਰਾਜ ਦਾ ਅਸਲੀ ਸਰਗਨਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੈ ਅਤੇ ਹਿੱਸਾਪੱਤੀ ਉਪਰ ਕਾਂਗਰਸ ਹਾਈਕਮਾਂਡ ਤੱਕ ਜਾਂਦੀ ਹੈ।”
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜਾਖੜ ਵੱਲੋਂ ਕਾਂਗਰਸ ਸੁਪਰੀਮੋਂ ਸੋਨੀਆਂ ਗਾਂਧੀ ਨੂੰ ਰਾਣਾ ਸੋਢੀ ਖ਼ਿਲਾਫ਼ ਕੀਤੀ ਸ਼ਿਕਾਇਤ ‘ਚ ਨਾ ਕੇਵਲ ਸੋਢੀ ਨੂੰ ਲੈਂਡ ਮਾਫ਼ੀਆ ਸਾਬਤ ਕੀਤਾ ਗਿਆ ਹੈ, ਸਗੋਂ ਆਮ ਆਦਮੀ ਪਾਰਟੀ ਵੱਲੋਂ ਸ਼ੁਰੂ ਤੋਂ ਹੀ ਲਾਏ ਜਾਂਦੇ ਉਨਾਂ ਦੋਸ਼ਾਂ ਦੀ ਪੁਸ਼ਟੀ ਕਰ ਦਿੱਤੀ ਗਈ ਹੈ ਕਿ ਕਾਂਗਰਸ ਅਤੇ ਬਾਦਲ ਐਂਡ ਪਾਰਟੀ ਆਪਸ ‘ਚ ਪੂਰੀ ਤਰਾਂ ਰਲ਼ੇ ਹੋਏ ਹਨ। ਇਸੇ ਕਰਕੇ ਰਾਣਾ ਸੋਢੀ ਨੇ ਬਾਦਲਾਂ ਦੇ ਰਾਜ ‘ਚ ਸ਼ਰਾਬ ਫੈਕਟਰੀਆਂ ਦੇ ਲਾਇਸੰਸ ਲਏ ਸਨ।
ਹਰਪਾਲ ਸਿੰਘ ਚੀਮਾ ਨੇ ਕਿਹਾ ਇੱਕ ਪਾਸੇ ਪੰਜਾਬ ਦੇ ਕਿਸਾਨ ਆਪਣੀਆਂ ਅਕਵਾਇਰ ਹੋਈਆਂ ਜ਼ਮੀਨਾਂ ਦੇ ਢੁਕਵੇਂ ਮੁਆਵਜ਼ੇ ਲਈ ਸੜਕਾਂ ਤੋਂ ਲੈ ਕੇ ਮੋਤੀ ਮਹੱਲ ਪਟਿਆਲਾ ਤੱਕ ਪੱਕੇ ਧਰਨੇ ਮਾਰਨ ਲਈ ਮਜ਼ਬੂਰ ਹਨ, ਦੂਜੇ ਪਾਸੇ ਕਾਂਗਰਸ ਦੇ ਮੰਤਰੀ ਆਪਣੀਆਂ ਅਕਵਾਇਰ ਜ਼ਮੀਨ ਦਾ ਦੋ ਵਾਰ ਮੁਆਵਜ਼ਾ ਲੈ ਕੇ ਤੀਸਰੀ ਵਾਰ ਵੀ ਲੈਣ ਦੀ ਫ਼ਿਰਾਕ ਵਿੱਚ ਹਨ, ਜੋ ਬੇਹੱਦ ਸ਼ਰਮਨਾਕ ਅਤੇ ਨਿੰਦਣਯੋਗ ਵਰਤਾਰਾ ਹੈ।