Punjab

ਬਿਜਲੀ ਦੇ ਮੁੱਦੇ ‘ਤੇ ਭਗਵੰਤ ਮਾਨ ਦੀ ਅਗਵਾਈ ਵਿੱਚ ‘ਆਪ’ ਵਰਕਰਾਂ ਨੇ ਘੇਰਿਆ ਕੈਪਟਨ ਦਾ ਸਿਸਵਾਂ ਫਾਰਮ ਹਾਊਸ

..ਮਹੱਲਾਂ ਵਿੱਚ ਸੁੱਤੇ ਪਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦੇ ਪੌਣੇ ਤਿੰਨ ਕਰੋੜ ਲੋਕਾਂ ਦਾ ਦਰਦ ਸੁਣਾਉਣ ਆਏ ਹਾਂ: ਭਗਵੰਤ ਮਾਨ
…ਕੈਪਟਨ ਅਮਰਿੰਦਰ ਸਿੰਘ ਨੇ ਨਾ ਤਾਂ ਚੋਣ ਵਾਅਦੇ ਪੂਰੇ ਕੀਤੇ ਅਤੇ ਨਾ ਹੀ ਮਾਫੀਆ ਰਾਜ ਖ਼ਤਮ ਕੀਤਾ: ਹਰਪਾਲ ਸਿੰਘ ਚੀਮਾ
…ਪੁਲੀਸ ਨੇ ਭਗਵੰਤ ਮਾਨ ਅਤੇ ਹਰਪਾਲ ਸਿੰਘ ਚੀਮਾ ਸਮੇਤ ਅਨੇਕਾਂ ਵਰਕਰਾਂ ਅਤੇ ਅਹੁਦੇਦਾਰਾਂ ਨੂੰ ਹਿਰਾਸਤ ਵਿੱਚ ਲਿਆ

ਚੰਡੀਗੜ, 3 ਜੁਲਾਈ
ਪੰਜਾਬ ਵਿੱਚ ਬਿਜਲੀ ਨਾ ਮਿਲਣ ਕਾਰਨ ਤੜਪ ਰਹੇ ਆਮ ਲੋਕਾਂ, ਕਿਸਾਨਾਂ, ਕਾਰੋਬਾਰੀਆਂ ਅਤੇ ਵਿਦਿਆਰਥੀਆਂ ਦੀ ਆਵਾਜ਼ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕੰਨਾਂ ਤੱਕ ਪਹੁੰਚਾਉਣ ਲਈ ਆਮ ਆਦਮੀ ਪਾਰਟੀ (ਆਪ) ਪੰਜਾਬ ਵੱਲੋਂ ਕੈਪਟਨ ਦੇ ਸਿਸਵਾਂ ਫਾਰਮ ਹਾਊਸ ਦਾ ਘਿਰਾਓ ਕੀਤਾ ਗਿਆ। ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਭਗਵੰਤ ਮਾਨ ਦੀ ਅਗਵਾਈ ਵਿੱਚ ਕੈਪਟਨ ਦੇ ਫਾਰਮ ਹਾਊਸ ਦੇ ਕੀਤੇ ਗਏ ਘਿਰਾਓ ‘ਚ ਪੰਜਾਬ ਭਰ ਤੋਂ ਪਾਰਟੀ ਵਰਕਰ ਅਤੇ ਅਹੁਦੇਦਾਰ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਾਮਲ ਹੋਏੇੇੇ।
ਇਸ ਸਮੇਂ ਆਮ ਆਦਮੀ ਪਾਰਟੀ ਵੱਲੋਂ ਸਿਸਵਾਂ ਮਾਰਗ ‘ਤੇ ਇੱਕ ਵੱਡੀ ਰੋਸ ਰੈਲੀ ਕੀਤੀ ਗਈ, ਜਿਸ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਕਿਹਾ, ‘ਮਹੱਲਾਂ ਵਿੱਚ ਸੁੱਤੇ ਪਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦੇ ਪੌਣੇ ਤਿੰਨ ਕਰੋੜ ਲੋਕਾਂ ਦਾ ਦਰਦ ਸੁਣਾਉਣ ਆਏ ਹਾਂ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣਨ ਤੋਂ ਬਾਅਦ ਕੇਵਲ 6 ਵਾਰ ਹੀ ਪੰਜਾਬ ਵਿੱਚ ਗਏ ਹਨ।’ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕ ਦੇਸ਼ ਭਰ ਵਿਚੋਂ ਸਭ ਤੋਂ ਮਹਿੰਗੀ ਬਿਜਲੀ 10 ਪ੍ਰਤੀ ਯੂਨਿਟ ਖ਼ਰੀਦ ਰਹੇ ਹਨ, ਪਰ ਲੋਕਾਂ ਨੂੰ ਬਿਜਲੀ ਫਿਰ ਵੀ ਨਹੀਂ ਮਿਲ ਰਹੀ ਹੈ। ਸਗੋਂ ਅੱਤ ਦੀ ਗਰਮੀ ਵਿੱਚ ਆਪਣੇ ਘਰਾਂ ਨੂੰ ਛੱਡ ਕੇ ਅਤੇ ਖੇਤਾਂ ਵਿੱਚ ਝੋਨਾ ਲਾਉਣ ਦਾ ਕੰਮ ਛੱਡ ਦੇ ਸੜਕਾਂ ‘ਤੇ ਧਰਨੇ ਦੇਣੇ ਪੈ ਰਹੇ ਹਨ। ਉਨਾਂ ਕਿਹਾ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਵਜੋਂ ਕਿਸਾਨਾਂ ਦੇ ਮਾਮਲੇ ਹੱਲ ਕਰਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਜਾਣਾ ਚਾਹੀਦਾ ਹੈ ਅਤੇ ਕਿਸਾਨੀ ਵਿਰੋਧੀ ਤਿੰਨੋਂ ਕਾਲੇ ਕਾਨੂੰਨ ਰੱਦ ਕਰਵਾਉਣੇ ਚਾਹੀਦੇ ਹਨ।


ਮਾਨ ਨੇ ਕਿਹਾ ਕਿ ਅਕਾਲੀਆਂ ਅਤੇ ਕਾਂਗਰਸੀਆਂ ਦੀ ਮਿਲੀਭੁਗਤ ਦੇ ਮਾੜੇ ਨਤੀਜੇ ਪੰਜਾਬ ਵਾਸੀ ਭੁਗਤ ਰਹੇ ਹਨ ਕਿਉਂਕਿ ਆਕਲੀਆਂ ਦੀ ਸਰਕਾਰ ਵੇਲੇ ਬਾਦਲ ਪਰਿਵਾਰ ਨੇ ਪ੍ਰਾਈਵੇਟ ਬਿਜਲੀ ਕੰਪਨੀਆਂ ਨਾਲ ਪੰਜਾਬ ਮਾਰੂ ਸਮਝੌਤੇ ਕੀਤੇ ਸਨ ਅਤੇ ਹੁੱਣ ਕਾਂਗਰਸੀਆਂ ਦੀ ਸਰਕਾਰ ਨੇ ਇਹ ਮਾੜੇ ਸਮਝੌਤੇ ਲਾਗੂ ਕੀਤੇ ਹੋਏ ਹਨ। ਅਕਾਲੀ ਦਲ ਬਾਦਲ ‘ਤੇ ਤਿੱਖੇ ਹਮਲੇ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਰੇਤ ਦੀਆਂ ਖੱਡਾਂ ‘ਤੇ ਛਾਪੇਮਾਰੀ ਕਰਨ ਦਾ ਡਰਾਮਾ ਕਰ ਰਿਹਾ ਹੈ, ਜਦੋਂ ਕਿ ਪੰਜਾਬ ਵਿੱਚ ਰੇਤ ਮਾਫੀਆ ਸਮੇਤ ਹਰ ਤਰਾਂ ਦਾ ਮਾਫੀਆ ਬਾਦਲਾਂ ਨੇ ਹੀ ਪੈਦਾ ਕੀਤਾ ਸੀ। ਉਨਾਂ ਟਿੱਪਣੀ ਕੀਤੀ, ”ਅਕਾਲੀਆਂ ਨੂੰ ਅੱਜ ਕੋਈ ਪਿੰਡਾਂ ਵਿੱਚ ਵੜਨ ਨਹੀਂ ਦਿੰਦਾ, ਇਸ ਲਈ ਉਹ ਹੁਣ ਖੁੱਡਾਂ ਵਿੱਚ ਹੀ ਵੜਨਗੇ।”
ਭਗਵੰਤ ਮਾਨ ਨੇ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ‘ਚ ਆਪ ਦੀ ਸਰਕਾਰ ਬਣਨ ‘ਤੇ 300 ਯੂਨਿਟ ਬਿਜਲੀ ਪ੍ਰਤੀ ਮਹੀਨਾ ਮੁਫ਼ਤ ਦੇਣ ਦਾ ਐਲਾਨ ਕੀਤਾ ਹੈ, ਤਾਂ ਸਾਰੀਆਂ ਪਾਰਟੀਆਂ ਦੇ ਆਗੂ ਤੜਪ ਰਹੇ ਹਨ। ਪਰ ਕੇਜਰੀਵਾਲ ਨੇ ਵਾਅਦਾ ਹੀ ਨਹੀਂ ਕੀਤਾ ਸਗੋਂ ਇਹ ਗਰੰਟੀ ਦਿੱਤੀ ਹੈ ਕਿਉਂਕਿ ਉਨਾਂ ਇਹ ਸਭ ਕੁੱਝ ਦਿੱਲੀ ਵਿਚ ਕਰਕੇ ਦਿਖਾ ਦਿੱਤਾ ਹੈ। ਉਨਾਂ ਕਿਹਾ ਕਿ ਭਾਰੀ ਇੱਕਠ ਵਿੱਚ ਕੈਪਟਨ ਦੇ ਘਰ ਦਾ ਘਿਰਾਓ ਕਰਨ ਆਉਣਾ ਸਿੱਧ ਕਰਦਾ ਹੈ ਕਿ ਤੁਸੀਂ ਸਭ ਵੱਡੇ ਵੱਡੇ ਬਿਜਲੀ ਬਿਲਾਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ।
ਇਸ ਸਮੇਂ ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਮਾਰੂ ਸਮਝੌਤਿਆਂ ਕਾਰਨ ਸੂਬੇ ਦਾ ਸਰਕਾਰੀ ਖ਼ਜ਼ਾਨਾ ਪ੍ਰਾਈਵੇਟ ਬਿਜਲੀ ਕੰਪਨੀਆਂ ਨੂੰ ਲੁਟਵਾਇਆ ਜਾ ਰਿਹਾ ਹੈ ਅਤੇ ਇਸ ਲੁੱਟ ਵਿੱਚੋਂ ਕਾਂਗਰਸੀਆਂ ਤੇ ਅਕਾਲੀਆਂ ਨੇ ਹਿੱਸਾਪੱਤੀ ਵਸੂਲ ਕੀਤੀ ਹੈ। ਉਨਾਂ ਦੋਸ਼ ਲਾਇਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਨਾ ਤਾਂ ਚੋਣ ਵਾਅਦੇ ਪੂਰੇ  ਕੀਤੇ ਹਨ ਅਤੇ ਨਾ ਹੀ ਮਾਫੀਆ ਰਾਜ ਖ਼ਤਮ ਕੀਤਾ। ਸਗੋਂ ਅੱਜ ਵੀ ਪੰਜਾਬ ਦੇ ਲੋਕ ਮਹਿੰਗੇ ਰੇਤੇ, ਬਜਰੀ, ਬਿਜਲੀ, ਪੈਟਰੌਲ ਤੇ ਡੀਜ਼ਲ ਕਾਰਨ ਤ੍ਰਾਹ ਤ੍ਰਾਹ ਕਰ ਰਹੇ ਹਨ। ਇਸ ਸਮੇਂ ਵਿਰੋਧੀ ਧਿਰ ਦੀ ਉਪ ਆਗੂ ਸਰਵਜੀਤ ਕੌਰ ਮਾਣੂੰਕੇ, ਪ੍ਰਿੰਸੀਪਲ ਬੁੱਧਰਾਮ, ਮੀਤ ਹੇਅਰ ਪ੍ਰੋ. ਬਲਜਿੰਦਰ ਕੌਰ, ਕੁਲਵੰਤ ਸਿੰਘ ਪੰਡੋਰੀ, ਰੁਪਿੰਦਰ ਕੌਰ ਰੂਬੀ, ਮਾਸਟਰ ਬਲਦੇਵ ਸਿੰਘ, ਮਨਜੀਤ ਸਿੰਘ ਬਿਲਾਸਪੁਰ (ਸਾਰੇ ਵਿਧਾਇਕ), ਆਪ ਦੇ ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ, ਸਕੱਤਰ ਗਗਨਦੀਪ ਸਿੰਘ ਚੱਢਾ, ਖ਼ਜਾਨਚੀ ਨੀਨਾ ਮਿੱਤਲ ਸਮੇਤ, ਮਨਵਿੰਦਰ ਸਿੰਘ ਗਿਆਸਪੁਰਾ ਸੀਨੀਅਰ ਆਗੂ ਹਾਜ਼ਰ ਸਨ।
ਇਸ ਤੋਂ ਬਾਅਦ ਮੁੱਖ ਮੰਤਰੀ ਦੇ ਫਾਰਮ ਹਾਊਸ ਦਾ ਘਿਰਾਓ ਕਰਨ ਜਾ ਰਹੇ ਆਪ ਵਰਕਰਾਂ ਨੇ ਪੁਲੀਸ ਨੇ ਲਾਠੀ ਚਾਰਜ ਕੀਤਾ ਅਤੇ ਪਾਣੀ ਦੀਆਂ ਬੁਛਾਰਾਂ ਮਾਰੀਆਂ। ਪਰ ਲੋਕਾਂ ਦੇ ਵੱਡੇ ਪ੍ਰਰਦਸ਼ਨ ਨੇ ਪੁਲੀਸ ਦੀਆਂ ਰੋਕਾਂ ਨੂੰ ਤੋੜ ਦਿੱਤਾ। ਆਖੀਰ ਪੁਲੀਸ ਨੇ ਭਗਵੰਤ ਮਾਨ ਅਤੇ ਹਰਪਾਲ ਸਿੰਘ ਚੀਮਾ ਸਮੇਤ ਅਨੇਕਾਂ ਵਰਕਰਾਂ ਅਤੇ ਅਹੁਦੇਦਾਰਾਂ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਵੱਖ ਵੱਖ ਥਾਣਿਆਂ ਵਿੱਚ ਭੇਜ ਦਿੱਤਾ।

Related Articles

Leave a Reply

Your email address will not be published. Required fields are marked *

Back to top button
error: Sorry Content is protected !!