Punjab

ਵਿਧਾਇਕਾਂ ਦੇ ਪੁੱਤਾਂ ਨੂੰ ਨੌਕਰੀਆਂ ਦੇਣ ਖਿਲਾਫ਼ ਸੱਥ ਤੋਂ ਲੈਕੇ ਵਿਧਾਨ ਸਭਾ ਤੱਕ ਸੰਘਰਸ਼ ਕਰੇਗੀ ਆਪ :ਕੁਲਤਾਰ  ਸੰਧਵਾਂ

 

ਪੰਜਾਬ ਦੇ ਨੌਜਵਾਨਾਂ ਨੇ ਕੈਪਟਨ ਦੀ ਸਰਕਾਰ  ਵਿਧਾਇਕਾਂ ਦੇ ਪੁੱਤਾਂ ਨੂੰ ਨੌਕਰੀਆਂ ਦੇਣ ਲਈ ਨਹੀਂ ਬਣਾਈ : ਜੈ ਕਿ੍ਸ਼ਨ ਸਿੰਘ ਰੋੜੀ

ਚੰਡੀਗੜ੍ਹ; 20 ਜੂਨ

ਆਮ ਆਦਮੀ ਪਾਰਟੀ ਪੰਜਾਬ ਦੇ ਕਿਸਾਨ ਵਿੰਗ ਦੇ ਪ੍ਧਾਨ ਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਕੇਵਲ ਕਾਂਗਰਸੀਆਂ ਦੇ ਮੁਖ ਮੰਤਰੀ ਨਹੀਂ, ਪੰਜਾਬ ਵਾਸੀਆਂ ਦੇ ਮੁਖ ਮੰਤਰੀ ਹਨ। ਪਰ ਕੈਪਟਨ ਨੌਕਰੀਆਂ ਕੇਵਲ ਕਾਂਗਰਸੀ ਵਿਧਾਇਕਾਂ ਦੇ ਪੁੱਤਰਾਂ ਨੂੰ ਦਿੰਦੇ ਹਨ। ਸੰਧਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਿਧਾਇਕਾਂ ਦੇ ਪੁੱਤਾਂ ਨੂੰ ਨੌਕਰੀਆਂ ਦੇਣ ਖਿਲਾਫ਼ ਸੱਥ ਤੋਂ ਲੈਕੇ ਵਿਧਾਨ ਸਭਾ ਤੱਕ ਸੰਘਰਸ਼ ਕਰੇਗੀ।
ਐਤਵਾਰ ਨੂੰ ਪਾਰਟੀ ਦੇ ਦਫਤਰ ਵਿੱਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਕੁਲਤਾਰ ਸਿੰਘ ਸੰਧਵਾਂ ਅਤੇ ਵਿਧਾਇਕ ਜੈ ਕਿ੍ਸ਼ਨ ਸਿੰਘ ਰੋੜੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਆਪਣੀ ਸਰਕਾਰ ਨੂੰ ਬਚਾਉਣ ਲਈ ਸਾਰੇ ਨਿਯਮਾਂ ਨੂੰ ਛਿੱਕੇ ਟੰਗ ਕੇ ਰੁੱਸੇ ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀ ਦੇ ਰਹੇ ਹਨ ਤਾਂ ਜੋ ਉਨ੍ਹਾਂ ਦੀ ਸਰਕਾਰ ਉੱਤੇ ਕੋਈ ਵਿਧਾਇਕ ਉਂਗਲ ਨਾ ਚੁੱਕ ਸਕੇ।  ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਕਾਂਗਰਸ ਨੇ ਚੋਣਾਂ ਤੋਂ ਪਹਿਲਾਂ ਘਰ ਘਰ ਰੁਜ਼ਗਾਰ ਦਾ ਵਾਅਦਾ ਕੀਤਾ ਸੀ ਪ੍ਰੰਤੂ ਹੁਣ ਉਹ ਸਾਰੇ ਰੁਜ਼ਗਾਰ ਕਾਂਗਰਸੀਆਂ ਦੇ ਘਰ ਵਿੱਚ ਦੇ ਰਹੇ ਹਨ ਜੋ ਕਿ ਪੰਜਾਬ ਦੇ ਨੌਜਵਾਨਾਂ ਨਾਲ ਧੋਖਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਹਜ਼ਾਰਾਂ ਅਜਿਹੇ ਪਰਿਵਾਰ ਹਨ ਜਿਨ੍ਹਾਂ ਨੇ ਕਾਲੇ ਦੌਰ ਵਿੱਚ ਆਪਣੇ ਪਰਿਵਾਰਕ ਮੈਂਬਰ ਖੋਏ ਹਨ। ਕੀ ਕੈਪਟਨ ਸਰਕਾਰ ਉਨ੍ਹਾਂ ਸਾਰਿਆਂ ਨੂੰ ਨੌਕਰੀ ਦੇਵੇਗੀ?ਕੀ ਕੈਪਟਨ ਨੇ ਸ਼ਹੀਦ ਫੌਜੀਆਂ ਦੇ ਬੱਚਿਆਂ ਨੂੰ ਨੌਕਰੀਆਂ ਦਿੱਤੀਆਂ ਹਨ?
ਸੰਧਵਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਚਿਤਾਵਨੀ ਦਿੱਤੀ ਕਿ ਉਹ ਇਨ੍ਹਾਂ ਗ਼ੈਰਕਾਨੂੰਨੀ ਅਤੇ ਨਿਯਮਾਂ ਦੇ ਉਲਟ ਦਿੱਤੀਆਂ ਗਈਆਂ ਨੌਕਰੀਆਂ ਨੂੰ ਤੁਰੰਤ ਰੱਦ ਕਰਨ, ਨਹੀਂ ਤਾਂ ਆਮ ਆਦਮੀ ਪਾਰਟੀ ਕੈਪਟਨ ਸਰਕਾਰ ਨੂੰ ਵੱਡੇ ਪੱਧਰ ਤੇ ਘੇਰੇਗੀ।ਉਨ੍ਹਾਂ ਕਿਹਾ ਕਿ ਜੋ ਕਾਂਗਰਸੀ ਵਿਧਾਇਕ ਅਤੇ ਪਾਰਟੀ ਦੇ ਆਗੂ ਇਨ੍ਹਾਂ ਗੈਰਕਾਨੂੰਨੀ ਨੌਕਰੀਆਂ ਦੇ ਖਿਲਾਫ ਆਵਾਜ਼ ਚੁੱਕ ਰਹੇ ਹਨ ਉਹ ਖੁੱਲ੍ਹ ਕੇ ਇਸ ਦੇ ਖ਼ਿਲਾਫ਼ ਆਉਣ ਨਹੀਂ ਤਾਂ ਇਸ ਨੂੰ ਸਿਰਫ ਰਾਜਨੀਤੀ ਹੀ ਸਮਝਿਆ ਜਾਵੇਗਾ। ਅਸਲ ਵਿੱਚ ਇਹ ਕਾਂਗਰਸੀ ਆਗੂ ਵੀ ਕੈਪਟਨ ਅਮਰਿੰਦਰ ਸਿੰਘ ਨਾਲ ਸੌਦੇਬਾਜ਼ੀ ਕਰਨ ਦੇ ਚੱਕਰ ਵਿੱਚ ਇਨ੍ਹਾਂ ਨੌਕਰੀਆਂ ਖ਼ਿਲਾਫ਼ ਬਿਆਨਬਾਜ਼ੀ ਕਰ ਰਹੇ ਹਨ।

ਵਿਧਾਇਕ ਜੈ ਕਿ੍ਸ਼ਨ ਸਿੰਘ ਰੋੜੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਤਰਸ ਕੇਵਲ ਅਮੀਰ ਕਾਂਗਰਸੀਆਂ ਤੇ ਹੀ ਆਉਂਦਾ ਹੈ ਆਮ ਲੋਕਾਂ ਤੇ ਨਹੀਂ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੇ ਕੈਪਟਨ ਦੀ ਸਰਕਾਰ  ਵਿਧਾਇਕਾਂ ਦੇ ਪੁੱਤਾਂ ਨੂੰ ਨੌਕਰੀਆਂ ਦੇਣ ਲਈ ਨਹੀਂ ਸੀ ਬਣਾਈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਅਮਰਿੰਦਰ ਸਿੰਘ ਨੂੰ ਮੁਖ ਮੰਤਰੀ ਦੀ ਕੁਰਸੀ ਤੇ ਬੈਠਾਇਆ ਅਜ ਉਨ੍ਹਾਂ ਨਾਲ ਹੀ ਧੋਖਾ ਕੀਤਾ ਜਾ ਰਿਹਾ ਹੈ। ਵਿਧਾਇਕ ਰੋੜੀ ਨੇ ਕਿਹਾ ਕਿ ਅਜ ਪੰਜਾਬ ਦਾ ਨੌਜਵਾਨ ਕੈਪਟਨ ਅਮਰਿੰਦਰ ਸਿੰਘ ਕੋਲੋਂ ਹਿਸਾਬ ਮੰਗ ਰਿਹਾ ਹੈ। ਉਨ੍ਹਾਂ ਕਿਹਾ ਕਿ ਪੜੇ ਲਿਖੇ ਬੱਚੇ ਜਦੋਂ ਨੌਕਰੀਆਂ ਮੰਗਣ ਜਾਂਦੇ ਹਨ ਤਾਂ ਕੈਪਟਨ ਦੀ ਪੁਲੀਸ ਉਨ੍ਹਾਂ ਦੇ ਲਾਠੀਆਂ ਮਾਰਦੀ ਹੈ। ਦੇਸ਼ ਦਾ ਨਾਮ ਦੁਨੀਆਂ ਵਿੱਚ ਰੌਸ਼ਨ ਕਰਨ ਵਾਲੇ ਖਿਡਾਰੀ ਖੇਤਾਂ ਵਿੱਚ ਦਿਹਾੜੀਆਂ ਕਰਨ ਲਈ ਮਜ਼ਬੂਰ ਹਨ।
ਆਪ ਆਗੂਆਂ ਨੇ ਕਿਹਾ ਕਿ ਸਰਕਾਰ ਬਣਨ ਤੇ ਕਾਂਗਰਸੀਆਂ ਦੇ ਪੁੱਤਾਂ ਨੂੰ ਦਿੱਤੀਆਂ ਨੌਕਰੀਆਂ ਰੱਦ ਕੀਤੀਆਂ ਜਾਣਗੀਆਂ।

Related Articles

Leave a Reply

Your email address will not be published. Required fields are marked *

Back to top button
error: Sorry Content is protected !!