ਆਮ ਆਦਮੀ ਪਾਰਟੀ ('ਆਪ') ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ ਦਿੱਲੀ ਵਿਖੇ ਸਿੱਖ ਧਰਮ ਦੇ ਪ੍ਰਮੁੱਖ ਵਿਦਵਾਨਾਂ ਅਤੇ ਇਤਿਹਾਸਕਾਰਾਂ ਨੂੰ ਵਿਸ਼ੇਸ਼ ਤੌਰ 'ਤੇ ਬੁਲਾ ਕੇ ਉਨ੍ਹਾਂ ਦਾ ਸਨਮਾਨ ਕੀਤਾ।
ਚੰਡੀਗੜ੍ਹ, 1 ਦਸੰਬਰ : ਆਮ ਆਦਮੀ ਪਾਰਟੀ (‘ਆਪ’) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ ਦਿੱਲੀ ਵਿਖੇ ਸਿੱਖ ਧਰਮ ਦੇ ਪ੍ਰਮੁੱਖ ਵਿਦਵਾਨਾਂ ਅਤੇ ਇਤਿਹਾਸਕਾਰਾਂ ਨੂੰ ਵਿਸ਼ੇਸ਼ ਤੌਰ ‘ਤੇ ਬੁਲਾ ਕੇ ਉਨ੍ਹਾਂ ਦਾ ਸਨਮਾਨ ਕੀਤਾ। ਉਨ੍ਹਾਂ ਨੂੰ ਇਹ ਸਨਮਾਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸ਼ਹੀਦੀ ਸਮਾਗਮਾਂ ਨੂੰ ਸਫਲ ਬਣਾਉਣ ਵਿੱਚ ਨਿਭਾਈ ਅਹਿਮ ਭੂਮਿਕਾ ਲਈ ਦਿੱਤਾ ਗਿਆ।
ਸਨਮਾਨਿਤ ਕੀਤੇ ਗਏ ਵਿਦਵਾਨਾਂ ਵਿੱਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਡਾਕਟਰ ਪਰਮਵੀਰ ਸਿੰਘ (ਸਿੱਖ ਵਿਦਵਾਨ ਤੇ ਉੱਗੇ ਇਤਿਹਾਸਕਾਰ), ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਸਿੱਖ ਸਿਧਾਂਤਾਂ ‘ਤੇ ਲੰਮੀ ਪਕੜ ਰੱਖਣ ਵਾਲੇ ਡਾਕਟਰ ਅਮਰਜੀਤ ਸਿੰਘ, ਗੁਰਮਤ ਕਾਲਜ ਦੇ ਸਾਬਕਾ ਪ੍ਰਿੰਸੀਪਲ ਬੀਬੀ ਡਾਕਟਰ ਜਸਵੀਰ ਕੌਰ ਜੀ (ਗੁਰਮਤ ਦਾ ਪ੍ਰਚਾਰ ਕਰਨ ਵਾਲੇ ਤੇ ਨਵੀਂ ਪੀੜ੍ਹੀ ਨੂੰ ਗੁਰਮਤ ਨਾਲ ਜੋੜਨ ਵਾਲੇ), ਅਤੇ ਸ਼੍ਰੋਮਣੀ ਕਮੇਟੀ ਵਿੱਚ ਲੰਮਾ ਸਮਾਂ ਕੰਮ ਕਰ ਚੁੱਕੇ ਸਤਿਕਾਰਯੋਗ ਵਿਦਵਾਨ ਸਿਮਰਜੀਤ ਸਿੰਘ ਕੰਗ ਸਾਹਿਬ ਸ਼ਾਮਲ ਸਨ।
ਇਸ ਮੌਕੇ ‘ਤੇ ਅਰਵਿੰਦ ਕੇਜਰੀਵਾਲ ਨੇ ਸਨਮਾਨਿਤ ਵਿਦਵਾਨਾਂ ਨਾਲ ਲੰਮਾ ਸਮਾਂ ਇਸ ਗੱਲ ‘ਤੇ ਚਰਚਾ ਕੀਤੀ ਕਿ ਸਰਕਾਰ ਜਾਂ ਪਾਰਟੀ ਸਿੱਖ ਧਰਮ ਦੇ ਪ੍ਰਚਾਰ-ਪ੍ਰਸਾਰ ਲਈ ਅਤੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਹੋਰ ਕੀ-ਕੀ ਕਰ ਸਕਦੀ ਹੈ। ਇਸ ਮੌਕੇ ਕੈਬਨਿਟ ਮੰਤਰੀ ਹਰਜੋਤ ਬੈਂਸ, ਤਰੁਨਪ੍ਰੀਤ ਸਿੰਘ ਸੌਂਧ ਅਤੇ ਸੈਰ ਸਪਾਟਾ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ ਵੀ ਮੌਜੂਦ ਸਨ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਨ੍ਹਾਂ ਮਹਾਨ ਵਿਦਵਾਨਾਂ ਨੇ ਹਰ ਤਰ੍ਹਾਂ ਨਾਲ ਗੁਰੂ ਸਾਹਿਬ ਦੀ ਮਰਿਆਦਾ ਨੂੰ ਬਣਾਈ ਰੱਖਣ ਲਈ ਇਤਿਹਾਸ ਨੂੰ ਲੋਕਾਂ ਤੱਕ ਪਹੁੰਚਾਇਆ। ਉਨ੍ਹਾਂ ਨੇ ਗੁਰੂ ਸਾਹਿਬ ਦੇ ਸੰਦੇਸ਼ ਨੂੰ ਲੋਕਾਂ ਤੱਕ ਪਹੁੰਚਾਉਣ ਵਿੱਚ ਅਹਿਮ ਯੋਗਦਾਨ ਨਿਭਾਇਆ। ਵਿਦਵਾਨਾਂ ਨੇ ਸਮਾਗਮ ਦੀ ਸਫਲਤਾ ਲਈ ਹਰ ਚੀਜ਼ ਨੂੰ ਬਾਰੀਕੀ ਨਾਲ ਦੇਖਿਆ।
ਕੇਜਰੀਵਾਲ ਨੇ ਇਨ੍ਹਾਂ ਵਿਦਵਾਨਾਂ ਦੇ ਕਾਰਜ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਨ੍ਹਾਂ ਦੀ ਭੂਮਿਕਾ ਇਤਿਹਾਸਕ ਹੈ। ਸਰਕਾਰ ਅਤੇ ਪਾਰਟੀ ਲੰਮਾ ਸਮਾਂ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਲਈ ਹੋਰ ਕੀ-ਕੀ ਕਰ ਸਕਦੀ ਹੈ, ਇਸ ਬਾਰੇ ਵੀ ਵਿਸਥਾਰ ਵਿੱਚ ਚਰਚਾ ਕੀਤੀ ਗਈ।
