January 19, 2022

ਆਪ’ ਵਿਧਾਇਕ ਕੁਲਤਾਰ ਸਿੰਘ ਸੰਧਵਾ ਨੇ ਕੀਤੀ ਜਨਰਲ ਕੈਟਾਗਰੀ ਦੀ ਭੁੱਖ ਹੜਤਾਲ’ਚ ਸ਼ਮੂਲੀਅਤ

ਆਪ’ ਵਿਧਾਇਕ ਕੁਲਤਾਰ ਸਿੰਘ ਸੰਧਵਾ ਨੇ ਕੀਤੀ ਜਨਰਲ ਕੈਟਾਗਰੀ ਦੀ ਭੁੱਖ ਹੜਤਾਲ’ਚ ਸ਼ਮੂਲੀਅਤ
9 ਦਸੰਬਰ ਦੀ ਕੈਬਿਨਟ  ਮੀਟਿੰਗ ਵਿਚ ਕਮਿਸ਼ਨ ਤੇ ਬੋਰਡ ਬਣਾਉਣ ਦਾ ਫ਼ੈਸਲਾ ਲਿਆ ਜਾਵੇ – ਫੈਡਰੇਸ਼ਨ
ਸ਼੍ਰੀ ਚਮਕੌਰ ਸਾਹਿਬ, 8ਦਸੰਬਰ()- ਜਨਰਲ ਕੈਟਾਗਰੀ ਭਲਾਈ ਕਮਿਸ਼ਨ ਤੇ ਜਨਰਲ ਕੈਟਾਗਰੀ ਬੋਰਡ ਬਣਾਉਣ ਲਈ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੇ ਹਲਕੇ ਸ਼੍ਰੀ ਚਮਕੌਰ ਸਾਹਿਬ ਵਿਖੇ ਜਨਰਲ ਕੈਟਾਗਰੀ ਵੈੱਲਫੇਅਰ ਫੈਡਰੇਸ਼ਨ (ਰਜਿ) ਦੀ ਅਗਵਾਈ ਹੇਠ ਚੱਲ ਰਹੀ ਭੁੱਖ ਹੜਤਾਲ ਅੱਜ 13ਵੇਂ ਦਿਨ ਵਿਚ ਸ਼ਾਮਿਲ ਹੋ ਗਈ। ਅੱਜ 13ਵੇਂ ਦਿਨ ਜ਼ਿਲ੍ਹਾ ਮੁਹਾਲੀ ਤੋਂ ਜਸਵੀਰ ਸਿੰਘ ਗੜਾਂਗ, ਬਲਜਿੰਦਰ ਸਿੰਘ, ਸੁਰੇਸ਼ ਪਾਲ, ਸੁਰਜੀਤ ਕੁਮਾਰ ਸ਼ਰਮਾ ਅਤੇ  ਅਜੈ ਸ਼ਰਮਾ ਭੁੱਖ ਹੜਤਾਲ ਤੇ ਬੈਠੇ। ਅੱਜ ਜਨਰਲ ਕੈਟਾਗਰੀ ਦੀਆਂ ਮੰਗਾਂ ਨੂੰ ਜਾਇਜ਼ ਮੰਨਦੇ ਹੋਏ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾ ਵੀ ਸੰਘਰਸ਼ ਵਾਲੀ ਥਾਂ ਤੇ ਪਹੁੰਚੇ ਅਤੇ ਆਪਣਾ ਸਮਰਥਨ ਦਿੱਤਾ। ਉਨ੍ਹਾਂ ਕਿਹਾ ਕਿ ਉਹ ਵਰਗ ਦੀ ਭਲਾਈ ਲਈ ਕੰਮ ਕਰਨਗੇ। ਉਨ੍ਹਾਂ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਜਨਰਲ ਕੈਟਾਗਰੀ ਦੀਆਂ ਮੰਗਾਂ ਨੂੰ ਤੁਰੰਤ ਮੰਨਿਆ ਜਾਵੇ। ਹੋਰ ਗੱਲਬਾਤ ਕਰਦੇ ਹੋਏ ਫੈਡਰੇਸ਼ਨ ਦੇ ਪ੍ਰਧਾਨ ਸੁਖਵੀਰ ਸਿੰਘ ਅਤੇ ਜਸਵੀਰ ਸਿੰਘ ਗੜਮਾਂ ਨੇ ਕਿਹਾ ਕਿ 9 ਨਵੰਬਰ ਨੂੰ ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਹੈ ਅਤੇ ਜੇਕਰ ਇਸ ਮੀਟਿੰਗ ਵਿਚ ਭਲਾਈ ਕਮਿਸ਼ਨ ਤੇ ਬੋਰਡ ਬਣਾਉਣ ਦਾ ਮਤਾ ਨਾ ਲਿਆ ਗਿਆ ਤਾਂ ਇਹ ਸਾਫ਼ ਹੋ ਜਾਵੇਗਾ ਕਿ ਮੁੱਖ ਮੰਤਰੀ ਚੰਨੀ ਤੇ ਪੰਜਾਬ ਦੀ ਕਾਂਗਰਸ ਪਾਰਟੀ ਜਨਰਲ ਵਰਗ ਦੇ ਹਿਤਾਂ ਲਈ ਨਹੀਂ ਹੈ। ਇਸ ਤੋਂ ਬਾਅਦ ਤਿੱਖੇ ਫ਼ੈਸਲੇ ਲੈਂਦੇ ਹੋਏ ਪੂਰੇ ਪੰਜਾਬ ਵਿਚ ਕਾਂਗਰਸ ਦੇ ਵਿਧਾਇਕਾਂ ਦਾ ਵਿਰੋਧ ਕੀਤਾ ਜਾਵੇਗਾ ਅਤੇ ਨਾਲ ਹੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਕੁੱਝ ਮੰਤਰੀ ਜੋ ਕਿ ਸਾਡੇ ਹੱਕਾਂ ਦਾ ਵਿਰੋਧ ਕਰ ਰਹੇ ਹਨ, ਦੇ ਹਲਕਿਆਂ ਵਿਚ ਚੋਣਾਂ ਦੌਰਾਨ ਪੱਕਾ ਮੋਰਚਾ ਲਾ ਕੇ ਜਨਰਲ ਕੈਟਾਗਰੀ ਦੇ ਲੋਕਾਂ ਨੂੰ ਇਨ੍ਹਾਂ ਦੇ ਵਿਰੋਧ ਵਿਚ ਵੋਟ ਪਾਉਣ ਲਈ ਲਾਮਬੰਦ ਕੀਤਾ ਜਾਵੇਗਾ। ਆਗੂਆਂ ਨੇ ਫੇਰ ਦੁਹਰਾਇਆ ਕਿ ਭਲਾਈ ਕਮਿਸ਼ਨ ਤੇ ਬੋਰਡ ਬਣਾਉਣ ਦੇ ਨਾਲ ਕਿਸੇ ਵੀ ਵਰਗ ਦਾ ਨੁਕਸਾਨ ਨਹੀਂ ਹੈ ਪਰ ਜਨਰਲ ਵਰਗ ਦੇ ਲੋਕਾਂ ਨੂੰ ਆਪਣੀਆਂ ਸਮੱਸਿਆਵਾਂ ਹੱਲ ਕਰਨ ਲਈ ਇਕ ਪਲੇਟਫ਼ਾਰਮ ਮਿਲ ਜਾਵੇਗਾ। ਉਨ੍ਹਾਂ ਸ਼੍ਰੀ ਚਮਕੌਰ ਸਾਹਿਬ ਹਲਕੇ ਦੇ ਲੋਕਾਂ ਦਾ ਵੀ ਧੰਨਵਾਦ ਕੀਤਾ ਜੋ ਕਿ ਲਗਾਤਾਰ ਸੰਘਰਸ਼ ਵਿਚ ਪਹੁੰਚ ਕੇ ਹਲਾਸ਼ੇਰੀ ਦੇ ਰਹੇ ਹਨ। ਇਸ ਮੌਕੇ ਜਗਜੀਤ ਸਿੰਘ, ਸੁਦੇਸ਼ ਕਮਲ ਸ਼ਰਮਾ, ਸੁਖਮਿੰਦਰ ਸਿੰਘ ਸੰਧੂ ਅਤੇ ਹੋਰ ਪਤਵੰਤੇ ਹਾਜ਼ਰ ਸਨ।