
STATE REGISTERS GROSS GST COLLECTIONS OF RS 13,971 CRORE DURING APRIL–SEPTEMBER 2025
ਹਰਪਾਲ ਚੀਮਾ ਦੀ ਸਖ਼ਤ ਚੇਤਾਵਨੀ – ਜਾਂ ਤਾਂ ਨਕਲੀ ਸ਼ਰਾਬ ਦਾ ਕਾਰੋਬਾਰ ਛੱਡ ਦਿਓ ਜਾਂ ਪੰਜਾਬ ਛੱਡ ਦਿਓ
ਮਾਮਲੇ ਨਾਲ ਸਬੰਧਤ 8 ਲੋਕ ਗ੍ਰਿਫ਼ਤਾਰ, ਉਮਰ ਕੈਦ ਦੀ ਸਜ਼ਾ ਦੀ ਗੰਭੀਰ ਧਾਰਾਵਾਂ ਤਹਿਤ ਕੇਸ ਦਰਜ: ਹਰਪਾਲ ਚੀਮਾ
ਚੰਡੀਗੜ੍ਹ, 30 ਮਈ
ਗੈਰ-ਕਾਨੂੰਨੀ ਸ਼ਰਾਬ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਹੁਣ ਪੂਰੀ ਤਰ੍ਹਾਂ ਸਖ਼ਤ ਨਜ਼ਰ ਆ ਰਹੀ ਹੈ। ਨਕਲੀ ਸ਼ਰਾਬ ਦੇ ਮਾਮਲੇ ਵਿੱਚ ਆਬਕਾਰੀ ਵਿਭਾਗ ਨੇ ਵੱਡੀ ਕਾਰਵਾਈ ਕਰਦੇ ਹੋਏ ਵੀਰਵਾਰ ਨੂੰ ਰਾਤ ਭਰ ਛਾਪੇਮਾਰੀ ਕੀਤੀ। ਛਾਪੇਮਾਰੀ ਦੌਰਾਨ, ਬਠਿੰਡਾ ਵਿੱਚ ਦੋ ਟਰੱਕਾਂ ਵਿੱਚ ਭਰੀ ਲਗਭਗ 80 ਹਜ਼ਾਰ ਲੀਟਰ ਈਥਾਨੌਲ ਦੀ ਇੱਕ ਵੱਡੀ ਖੇਪ ਜ਼ਬਤ ਕੀਤੀ ਗਈ ਅਤੇ ਇਸ ਨਾਲ ਜੁੜੇ ਕਈ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ।
ਈਥਾਨੌਲ ਨਾਲ ਫੜੇ ਗਏ ਦੋਵੇਂ ਟਰੱਕ ਗੁਜਰਾਤ ਨੰਬਰ ਦੇ ਸਨ, ਜਿਸ ਤੋਂ ਸਪੱਸ਼ਟ ਹੈ ਕਿ ਇਹ ਸਿਰਫ਼ ਗੁਜਰਾਤ ਤੋਂ ਹੀ ਲਿਆਂਦਾ ਗਿਆ ਸੀ। ਘਟਨਾ ਨਾਲ ਸਬੰਧਤ ਦੋ ਟੋਇਟਾ ਈਟੀਓਸ ਅਤੇ ਇੱਕ ਇਨੋਵਾ ਐਸਯੂਵੀ ਕਾਰ ਵੀ ਜ਼ਬਤ ਕੀਤੀ ਗਈ ਹੈ।
ਇਸ ਤੋਂ ਇਲਾਵਾ, ਮਾਮਲੇ ਨਾਲ ਸਬੰਧਤ 8 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ ਸਾਰਿਆਂ ‘ਤੇ ਉਮਰ ਕੈਦ ਵਰਗੀਆਂ ਸਜ਼ਾਵਾਂ ਵਾਲੀਆਂ ਗੰਭੀਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਗ੍ਰਿਫ਼ਤਾਰ ਕੀਤੇ ਗਏ ਲੋਕਾਂ ਵਿੱਚੋਂ 4 ਬਠਿੰਡਾ ਤੋਂ, 2 ਉੱਤਰ ਪ੍ਰਦੇਸ਼ ਤੋਂ ਅਤੇ 2 ਨੇਪਾਲ ਤੋਂ ਹਨ। ਆਬਕਾਰੀ ਵਿਭਾਗ ਅਤੇ ਪੁਲਿਸ ਸਾਰਿਆਂ ਤੋਂ ਪੁੱਛਗਿੱਛ ਕਰ ਰਹੀ ਹੈ।
ਇਸ ਮੁੱਦੇ ‘ਤੇ ਆਬਕਾਰੀ ਵਿਭਾਗ ਦੇ ਮੰਤਰੀ ਹਰਪਾਲ ਸਿੰਘ ਚੀਮਾ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ। ਮੀਡੀਆ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਗੈਰ-ਕਾਨੂੰਨੀ ਸ਼ਰਾਬ ‘ਤੇ ਬਹੁਤ ਸਖ਼ਤ ਰੁਖ਼ ਹੈ। ਸਰਕਾਰ ਨੇ ਹਮੇਸ਼ਾ ਇਸ ਪ੍ਰਤੀ ਜ਼ੀਰੋ ਟਾਲਰੈਂਸ ਨੀਤੀ ਅਪਣਾਈ ਹੈ।
ਉਨ੍ਹਾਂ ਕਿਹਾ ਕਿ ਮੁਲਜ਼ਮਾਂ ਖ਼ਿਲਾਫ਼ ਆਬਕਾਰੀ ਐਕਟ 14, 61, 78, ਉਪ ਧਾਰਾ 2 ਅਤੇ ਆਬਕਾਰੀ ਐਕਟ 303 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਅਪਰਾਧਿਕ ਐਕਟ 316 (ਭਰੋਸੇ ਦੀ ਉਲੰਘਣਾ) ਅਤੇ ਧਾਰਾ 125 (ਮਨੁੱਖੀ ਜੀਵਨ ਨੂੰ ਖ਼ਤਰਾ) ਵਰਗੀਆਂ ਗੰਭੀਰ ਧਾਰਾਵਾਂ ਵੀ ਲਗਾਈਆਂ ਗਈਆਂ ਹਨ, ਜਿਸ ਤਹਿਤ ਬਹੁਤ ਸਖ਼ਤ ਸਜ਼ਾ ਦਾ ਪ੍ਰਬੰਧ ਹੈ।
ਅੱਜ ਜਿਨੀਂ ਮਾਤਰਾ ਵਿਚ ਈਐਨਏ ਜ਼ਬਤ ਕੀਤੀ ਗਈ ਹੈ,ਉਸ ਤੋਂ ਲਗਭਗ 3 ਲੱਖ 75 ਹਜ਼ਾਰ ਬੋਤਲਾਂ ਦੇਸੀ ਸ਼ਰਾਬ ਬਣਾਈ ਜਾ ਸਕਦੀ ਹੈ। ਅੰਗਰੇਜ਼ੀ ਸ਼ਰਾਬ ਦੀਆਂ ਲਗਭਗ 2 ਲੱਖ 50 ਹਜ਼ਾਰ ਬੋਤਲਾਂ ਬਣਾਈਆਂ ਜਾ ਸਕਦੀਆਂ ਹਨ। ਸੈਨੇਟਾਈਜ਼ਰ ਦੀ 1 ਲੱਖ 10 ਹਜ਼ਾਰ ਬੋਤਲਾਂ ਬਣਾਈਆਂ ਜਾ ਸਕਦੀਆਂ ਸਨ। ਜੇਕਰ ਇੰਨੀ ਵੱਡੀ ਮਾਤਰਾ ਵਿੱਚ ਸ਼ਰਾਬ ਤਿਆਰ ਹੋ ਜਾਂਦੀ ਅਤੇ ਇਸ ਦੀ ਸਹੀ ਢੰਗ ਨਾਲ ਵੰਡ ਹੋ ਤੀ ਜਾਂਦੀ, ਤਾਂ ਹਜ਼ਾਰਾਂ ਜਾਨਾਂ ਖ਼ਤਰੇ ਵਿੱਚ ਪੈ ਸਕਦੀਆਂ ਸਨ। ਇਸ ਲਈ, ਇਹ ਕਾਰਵਾਈ ਸਰਕਾਰ ਲਈ ਇੱਕ ਵੱਡੀ ਸਫਲਤਾ ਹੈ।
ਚੀਮਾ ਨੇ ਕਿਹਾ ਕਿ ਜੋ ਲੋਕ ਵੀ ਨਾਜਾਇਜ਼ ਸ਼ਰਾਬ ਬਣਾਉਂਦੇ ਜਾਂ ਵੇਚਦੇ ਹਨ, ਉਨ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਸਾਰਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਨਕਲੀ ਸ਼ਰਾਬ ਬਣਾਉਣ ਵਾਲੇ ਨੂੰ ਜਲਦੀ ਤੋਂ ਜਲਦੀ ਆਪਣਾ ਕਾਰੋਬਾਰ ਬੰਦ ਕਰ ਦੇਣਾ ਨਹੀਂ ਤਾਂ ਉਨ੍ਹਾਂ ਸਾਰਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਫੜ ਕੇ ਜੇਲ੍ਹ ਭੇਜਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਕੁਝ ਲੋਕ ਪੰਜਾਬ ਵਿੱਚ ਈਐਨਏ ਦੀ ਤਸਕਰੀ ਕਰਦੇ ਹਨ ਅਤੇ ਇਸਨੂੰ ਦੂਜੇ ਰਾਜਾਂ ਵਿੱਚ ਲੈ ਜਾਂਦੇ ਹਨ ਅਤੇ ਉੱਥੇ ਸ਼ਰਾਬ ਬਣਾਉਂਦੇ ਹਨ। ਕੁਝ ਲੋਕ ਪੰਜਾਬ ਦੇ ਅੰਦਰ ਸ਼ਰਾਬ ਬਣਾਉਂਦੇ ਅਤੇ ਵੇਚਦੇ ਹਨ। ਕੁਝ ਲੋਕ ਸੈਨੇਟਾਈਜ਼ਰ ਬਣਾਉਣ ਦੇ ਨਾਮ ‘ਤੇ ਸ਼ਰਾਬ ਬਣਾਉਂਦੇ ਹਨ। ਬਹੁਤ ਸਾਰੇ ਉਤਪਾਦ ਹਨ ਜਿਨ੍ਹਾਂ ਰਾਹੀਂ ਈਐਨਏ ਦੀ ਦੁਰਵਰਤੋਂ ਕੀਤੀ ਜਾਂਦੀ ਹੈ।
ਇਸ ਮਾਮਲੇ ਵਿੱਚ, ਇੱਕ ਅਜਿਹੀ ਫੈਕਟਰੀ ਵੀਆਰਵੀ ਹਾਸਪਿਟੈਲਿਟੀ ਪ੍ਰਾਈਵੇਟ ਲਿਮਟਿਡ, ਦੀਨਾ ਨਗਰ, ਗੁਰਦਾਸਪੁਰ ਹੈ, ਜਿੱਥੇ ਦੋਵਾਂ ਟਰੱਕਾਂ ਵਿੱਚ ਈਥਾਨੌਲ ਲੋਡ ਕੀਤਾ ਗਿਆ ਸੀ। ਆਬਕਾਰੀ ਅਧਿਕਾਰੀ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਇਸਨੂੰ ਕਿੱਥੇ ਜਾਣਾ ਸੀ ਅਤੇ ਕਿਸ ਮਕਸਦ ਲਈ ਵਰਤਿਆ ਜਾਣਾ ਸੀ। ਹਰ ਚੀਜ਼ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ ਤਾਂ ਜੋ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਸਕੇ।
ਉਨ੍ਹਾਂ ਕਿਹਾ ਕਿ ਸਾਡੀ ਟੀਮ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਟਰੱਕ ਕਿੱਥੋਂ-ਕਿਥੋਂ ਨਿਕਲ ਕੇ ਕਿਸ ਰਸਤੇ ਕਿੱਥੇ ਜਾਣਾ ਹੈ, ਜਿਸ ਤੋਂ ਬਾਅਦ ਅਸੀਂ ਚਾਰੇ ਪਾਸੇ ਘੇਰਾਬੰਦੀ ਕੀਤੀ ਅਤੇ ਨਾਕੇ ਲਗਾ ਕੇ ਉਸ ਨੂੰ ਫੜਨ ਵਿੱਚ ਸਫਲਤਾ ਪ੍ਰਾਪਤ ਕੀਤੀ। ਅਜਿਹੀ ਕਾਰਵਾਈ ਭਵਿੱਖ ਵਿੱਚ ਵੀ ਜਾਰੀ ਰਹੇਗੀ। ‘ਆਪ’ ਸਰਕਾਰ ਦਾ ਉਦੇਸ਼ ਪੰਜਾਬ ਵਿੱਚੋਂ ਨਸ਼ੇ ਨੂੰ ਪੂਰੀ ਤਰ੍ਹਾਂ ਖਤਮ ਕਰਨਾ ਹੈ। ਨਸ਼ਿਆਂ ਅਤੇ ਅਪਰਾਧ ਵਿਚਕਾਰ ਕੋਈ ਸਮਝੌਤਾ ਨਹੀਂ ਹੋ ਸਕਦਾ।