Punjab

ਨੇਤਾਵਾਂ ਦੀਆਂ ਨਹੀਂ, ਭਗਤ ਸਿੰਘ ਅਤੇ ਬਾਬਾ ਸਾਹਿਬ ਅੰਬੇਡਕਰ ਦੀਆਂ ਫੋਟੋਆਂ ਸਰਕਾਰੀ ਦਫਤਰਾਂ ਵਿੱਚ ਲੱਗਣਗੀਆਂ 

.’ਆਪ’ ਸਰਕਾਰ ਬਾਬਾ ਸਾਹਿਬ ਅਤੇ ਭਗਤ ਸਿੰਘ ਦੇ ਸਿਧਾਂਤਾਂ ਅਤੇ ਆਦਰਸ਼ਾਂ ‘ਤੇ ਚੱਲੇਗੀ, ਉਨ੍ਹਾਂ ਦੇ ਸੁਪਨਿਆਂ ਨੂੰ ਕਰੇਗੀ ਸਾਕਾਰ – ਅਰਵਿੰਦ ਕੇਜਰੀਵਾਲ

– ਬਾਬਾ ਸਾਹਿਬ ਅਤੇ ਭਗਤ ਸਿੰਘ, ਦੋਵਾਂ ਦਾ ਉਦੇਸ਼ ਇੱਕੋ ਸੀ, ਦੇਸ਼ ਆਜ਼ਾਦ ਹੋਵੇ, ਸਭ ਨੂੰ ਚੰਗੀ ਸਿੱਖਿਆ ਅਤੇ ਬਰਾਬਰੀ ਦਾ ਹੱਕ ਮਿਲੇ- ਅਰਵਿੰਦ ਕੇਜਰੀਵਾਲ

ਅੰਮ੍ਰਿਤਸਰ, 30 ਜਨਵਰੀ
ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਕਿ ਪੰਜਾਬ ਵਿੱਚ ‘ਆਪ’ ਦੀ ਸਰਕਾਰ ਬਣਦੀ ਹੈ ਤਾਂ ਸਾਰੇ ਸਰਕਾਰੀ ਦਫਤਰਾਂ ਵਿੱਚ ਮੁੱਖ ਮੰਤਰੀ ਅਤੇ ਨੇਤਾਵਾਂ ਦੀ ਥਾਂ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਅਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਤਸਵੀਰ ਲਗਾਈ ਜਾਵੇਗੀ।   ਐਤਵਾਰ ਨੂੰ ਅੰਮ੍ਰਿਤਸਰ ‘ਚ ‘ਆਪ’ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਨਾਲ ਪ੍ਰੈੱਸ ਕਾਨਫਰੰਸ ‘ਚ ਕੇਜਰੀਵਾਲ ਨੇ ਇਹ ਐਲਾਨ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਾਬਾ ਸਾਹਿਬ ਅੰਬੇਡਕਰ ਅਤੇ ਸ਼ਹੀਦ ਭਗਤ ਸਿੰਘ ਦੇ ਸਿਧਾਂਤਾਂ ਅਤੇ ਆਦਰਸ਼ਾਂ ‘ਤੇ ਚੱਲ ਕੇ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰੇਗੀ।
ਕੇਜਰੀਵਾਲ ਨੇ ਕਿਹਾ, “ਲੰਬੇ ਸੰਘਰਸ਼ ਅਤੇ ਮਹਾਨ ਕੁਰਬਾਨੀਆਂ ਤੋਂ ਬਾਅਦ ਦੇਸ਼ ਨੂੰ ਆਜ਼ਾਦੀ ਮਿਲੀ ਹੈ। ਸਾਡੇ ਮਹਾਨ ਆਜ਼ਾਦੀ ਘੁਲਾਟੀਆਂ ਨੇ ਆਪਣੀਆਂ ਜਾਨਾਂ ਕੁਰਬਾਨ ਕਰਕੇ ਦੇਸ਼ ਨੂੰ ਆਜ਼ਾਦ ਕਰਵਾਇਆ। ਪਰ ਅੱਜ ਅਸੀਂ ਉਨ੍ਹਾਂ ਦੇ ਮਨੋਰਥਾਂ ਅਤੇ ਕੁਰਬਾਨੀਆਂ ਨੂੰ ਭੁੱਲਦੇ ਜਾ ਰਹੇ ਹਾਂ। ਉਨ੍ਹਾਂ ਦੇ ਆਦਰਸ਼ਾਂ ਅਤੇ ਸਿਧਾਂਤਾਂ ਤੋਂ ਦੂਰ ਹੁੰਦੇ ਜਾ ਰਹੇ ਹਾਂ। ਕੇਜਰੀਵਾਲ ਨੇ ਐਲਾਨ ਕੀਤਾ ਕਿ ਦੇਸ਼ ਦੇ ਦੋ ਮਹਾਨ ਆਜ਼ਾਦੀ ਘੁਲਾਟੀਆਂ, ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਅਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀਆਂ ਕੁਰਬਾਨੀਆਂ, ਸਿਧਾਂਤਾਂ ਅਤੇ ਆਦਰਸ਼ਾਂ ਨੂੰ ਯਾਦ ਕਰਨ ਲਈ ਅਸੀਂ 26 ਜਨਵਰੀ ਨੂੰ ਦਿੱਲੀ ਵਿੱਚ ਐਲਾਨ ਕੀਤਾ ਸੀ ਕਿ ਦਿੱਲੀ ਦੇ ਸਾਰੇ ਸਰਕਾਰੀ ਦਫਤਰਾਂ ਵਿੱਚ ਮੁੱਖ ਮੰਤਰੀ ਅਤੇ ਨੇਤਾਵਾਂ ਦੀ ਥਾਂ ਬਾਬਾ ਸਾਹਿਬ ਦੀ ਤਸਵੀਰ ਅੰਬੇਡਕਰ ਅਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਤਸਵੀਰ ਲਗੇਗੀ। ਪੰਜਾਬ ‘ਚ ਵੀ ‘ਆਪ’ ਸਰਕਾਰ ਸਾਰੇ ਸਰਕਾਰੀ ਦਫ਼ਤਰਾਂ ਵਿੱਚ ਮੁੱਖ ਮੰਤਰੀ ਦੀ ਤਸਵੀਰ ਹਟਾ ਕੇ ਬਾਬਾ ਸਾਹਿਬ ਅਤੇ ਸ਼ਹੀਦ ਭਗਤ ਸਿੰਘ ਦੀ ਤਸਵੀਰ ਲਗਾਈ ਜਾਵੇਗੀ, ਤਾਂ ਜੋ ਲੋਕ ਜਿੰਨੀ ਵਾਰ ਉਨ੍ਹਾਂ ਨੂੰ ਦੇਖਣ, ਉਨ੍ਹਾਂ ਦੇ ਸੰਘਰਸ਼, ਕੁਰਬਾਨੀਆਂ ਅਤੇ ਵਿਚਾਰਾਂ ਯਾਦ ਆਉਣ ਅਤੇ ਉਨ੍ਹਾਂ ਦੇ ਦਰਸਾਏ ਮਾਰਗ ਤੇ ਚੱਲਣ ਲਈ ਪ੍ਰੇਰਿਤ ਹੋ ਸਕਣ।
ਕੇਜਰੀਵਾਲ ਨੇ ਕਿਹਾ ਕਿ ਮੈਂ ਬਾਬਾ ਸਾਹਿਬ ਦਾ ਬਹੁਤ ਵੱਡਾ ਸ਼ਰਧਾਲੂ ਹਾਂ। ਉਨ੍ਹਾਂ ਦੀ ਹਰ ਰੋਜ਼ ਪੂਜਾ ਕਰਦਾ ਹਾਂ। ਉਨ੍ਹਾਂ ਦੇ ਜੀਵਨ ਤੋਂ ਸਾਨੂੰ ਬਹੁਤ ਪ੍ਰੇਰਨਾ ਮਿਲਦੀ ਹੈ।ਇੱਕ ਗਰੀਬ ਪਰਿਵਾਰ ਵਿੱਚ ਪੈਦਾ ਹੋਣ ਦੇ ਬਾਵਜੂਦ, ਉਨ੍ਹਾਂ ਨੇ ਅਮਰੀਕਾ ਤੋਂ ਦੋ-ਦੋ ਪੀਐਚਡੀ ਡਿਗਰੀਆਂ ਹਾਸਲ ਕੀਤੀਆਂ। ਆਪਣੇ ਇਲਾਹੀ ਗਿਆਨ, ਸੋਚ ਅਤੇ ਦੂਰਅੰਦੇਸ਼ੀ ਸਦਕਾ ਭਾਰਤ ਦਾ ਸੰਵਿਧਾਨ ਬਣਾਇਆ ਅਤੇ ਦੇਸ਼ ਦੇ ਲੋਕਾਂ ਨੂੰ ਜਮਹੂਰੀ ਹੱਕ ਦਿੱਤੇ। ਕੇਜਰੀਵਾਲ ਨੇ ਕਿਹਾ ਕਿ ਬਾਬਾ ਸਾਹਿਬ ਅੰਬੇਡਕਰ ਅਤੇ ਸ਼ਹੀਦ ਭਗਤ ਸਿੰਘ ਦੋਵਾਂ ਦੇ ਰਸਤੇ ਵੱਖ-ਵੱਖ ਸਨ, ਪਰ ਉਨ੍ਹਾਂ ਦੀ ਮੰਜ਼ਿਲ ਇੱਕ ਸੀ।
ਦੋਵਾਂ ਦੀ ਇੱਛਾ ਸੀ ਕਿ ਦੇਸ਼ ਜਲਦੀ ਤੋਂ ਜਲਦੀ ਆਜ਼ਾਦ ਹੋਵੇ ਅਤੇ ਆਜ਼ਾਦ ਦੇਸ਼ ਵਿਚ ਹਰ ਕਿਸੇ ਨੂੰ ਚੰਗੀ ਸਿੱਖਿਆ ਮਿਲੇ, ਚੰਗੀ ਡਾਕਟਰੀ ਸਹੂਲਤਾਂ ਮਿਲਣ ਅਤੇ ਦੇਸ਼ ਤਰੱਕੀ ਕਰੇ। ਦੋਵਾਂ ਦੀ ਇੱਛਾ ਸੀ ਕਿ ਸਮਾਜ ਵਿੱਚ ਸਾਰਿਆਂ ਨੂੰ ਬਰਾਬਰ ਦਾ ਹੱਕ ਮਿਲੇ ਅਤੇ ਜਾਤ-ਪਾਤ ਅਤੇ ਧਰਮ ਦੇ ਆਧਾਰ ‘ਤੇ ਵਿਤਕਰਾ ਖਤਮ ਹੋਵੇ। ਜਿਸ ਤਰ੍ਹਾਂ ਬਾਬਾ ਸਾਹਿਬ ਨੇ ਗਰੀਬਾਂ ਅਤੇ ਦੱਬੇ-ਕੁਚਲੇ ਲੋਕਾਂ ਲਈ ਸਾਰੀ ਉਮਰ ਸੰਘਰਸ਼ ਕੀਤਾ, ਉਸੇ ਤਰ੍ਹਾਂ ਸ਼ਹੀਦ ਭਗਤ ਸਿੰਘ ਨੇ ਕੇਵਲ 23 ਸਾਲ ਦੀ ਉਮਰ ਵਿੱਚ ਆਪਣੇ ਲਈ ਕੁਝ ਕਰਨ ਦੀ ਬਜਾਏ ਦੇਸ਼ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ। ਲੇਕਿਨ ਉਨ੍ਹਾਂ ਦੇ ਸੁਪਨੇ ਅੱਜ ਤੱਕ ਪੂਰੇ ਨਹੀਂ ਹੋਏ। ਉਨ੍ਹਾਂ ਦੇ ਸੁਪਨਿਆਂ ਦਾ ਦੇਸ਼ ਬਣਾਉਣ ਲਈ ਅੱਜ ਸਾਨੂੰ ਉਨ੍ਹਾਂ ਦੇ ਆਦਰਸ਼ਾਂ ਅਤੇ ਸਿਧਾਂਤਾਂ ‘ਤੇ ਚੱਲਣ ਦੀ ਲੋੜ ਹੈ।
ਕੇਜਰੀਵਾਲ ਨੇ ਵਿਸ਼ਵ ਪ੍ਰਸਿੱਧ ਵਿਗਿਆਨੀ ਆਈਨਸਟਾਈਨ ਦੇ ਇਕ ਬਿਆਨ ਦਾ ਹਵਾਲਾ ਦਿੰਦੇ ਹੋਏ ਕਿਹਾ, ”ਇਕ ਵਾਰ ਆਈਨਸਟਾਈਨ ਨੇ ਮਹਾਤਮਾ ਗਾਂਧੀ ਬਾਰੇ ਕਿਹਾ ਸੀ ਕਿ ਆਉਣ ਵਾਲੀਆਂ ਪੀੜ੍ਹੀਆਂ ਇਸ ਗੱਲ ‘ਤੇ ਵਿਸ਼ਵਾਸ ਨਹੀਂ ਕਰਨਗੀਆਂ ਕਿ ਮਹਾਤਮਾ ਗਾਂਧੀ ਵਰਗਾ ਵਿਅਕਤੀ ਇਸ ਧਰਤੀ ‘ਤੇ ਪੈਦਾ ਹੋਇਆ ਸੀ। ਅਸੀਂ ਆਈਨਸਟਾਈਨ ਦੇ ਇਸ ਕਥਨ ਨੂੰ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਲਈ ਕਹਿਣਾਂ ਚਾਹੁੰਦੇ ਹਾਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਦਸਣਾ ਚਾਹੁੰਦੇ ਹਾਂ।
‘ਆਪ’ ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਨੇ ਕਿਹਾ ਕਿ ਅੱਜ ਦਾ ਐਲਾਨ ਇਤਿਹਾਸਕ ਹੈ। ਇਸ ਨਾਲ ਨੌਜਵਾਨਾਂ ਅਤੇ ਸਰਕਾਰੀ ਮੁਲਾਜ਼ਮਾਂ ਨੂੰ ਦੇਸ਼ ਅਤੇ ਸੂਬੇ ਦਾ ਭਲਾ ਕਰਨ ਲਈ ਪ੍ਰੇਰਨਾ ਮਿਲੇਗੀ। ਮਾਨ ਨੇ ਕਿਹਾ ਕਿ ਮੈਨੂੰ ਬਹੁਤ ਦੁੱਖ ਹੁੰਦਾ ਹੈ ਜਦੋਂ ਕੋਈ ਬਜ਼ੁਰਗ ਸਾਨੂੰ ਕਹਿੰਦਾ ਹੈ ਕਿ ਅੱਜ ਦੇ ਲੀਡਰਾਂ ਨਾਲੋਂ ਅੰਗਰੇਜ਼ ਚੰਗਾ ਸੀ। ਭ੍ਰਿਸ਼ਟ ਅਤੇ ਸੁਆਰਥੀ ਨੇਤਾਵਾਂ ਨੇ ਦੇਸ਼ ਦੇ ਸ਼ਹੀਦਾਂ ਅਤੇ ਆਜ਼ਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਨੂੰ ਵਿਅਰਥ ਕਰ ਦਿੱਤਾ ਹੈ। ਜਿਸ ਤਰ੍ਹਾਂ ਅੱਜ ਸੱਤਾਧਾਰੀ ਨੇਤਾ ਦੇਸ਼ ਨੂੰ ਲੁੱਟ ਰਹੇ ਹਨ, ਇਨ੍ਹਾਂ ਦੀ ਲੁੱਟ-ਖਸੁੱਟ ਅਤੇ ਭ੍ਰਿਸ਼ਟਾਚਾਰ ਦੇਖ ਕੇ ਅੰਗਰੇਜ਼ ਵੀ ਸ਼ਰਮਸਾਰ ਹੋ ਜਾਵੇਗਾ। ਮਾਨ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਬਾਬਾ ਸਾਹਿਬ ਅੰਬੇਡਕਰ ਨੂੰ ਇਹ ਸ਼ੱਕ ਸੀ ਕਿ ਭ੍ਰਿਸ਼ਟ ਅਤੇ ਲੁਟੇਰੇ ਸੱਤਾ ‘ਤੇ ਕਾਬਜ਼ ਨਾ ਹੋ ਜਾਣ ਅਤੇ ਦੇਸ਼ ਦੇ ਲੋਕਾਂ ਨੂੰ ਸਹੀ ਅਰਥਾਂ ‘ਚ ਆਜ਼ਾਦੀ ਨਾ ਮਿਲ ਸਕੇ। ਅੱਜ ਉਨ੍ਹਾਂ ਦਾ ਸ਼ੱਕ ਸਹੀ ਸਾਬਤ ਹੋ ਰਿਹਾ ਹੈ।

Related Articles

Leave a Reply

Your email address will not be published. Required fields are marked *

Back to top button
error: Sorry Content is protected !!