PunjabRegional

*ਭਾਜਪਾ ਦੀ ਨਫ਼ਰਤ ਭਰੀ ਅਤੇ ਫੁੱਟ ਪਾਊ ਗੰਦੀ ਰਾਜਨੀਤੀ ਕਾਰਨ ਦੇਸ਼ ਨੂੰ ਦੁਨੀਆਂ ਭਰ ‘ਚ ਹੋਣਾ ਪੈ ਰਿਹਾ ਸ਼ਰਮਸਾਰ:ਮਲਵਿੰਦਰ ਸਿੰਘ ਕੰਗ*

-ਅਰਬ ਦੇਸ਼ਾਂ ਵੱਲੋਂ ਭਾਰਤੀ ਰਾਜਦੂਤਾਂ ਨੂੰ ਤਲਬ ਕੀਤਾ ਜਾ ਰਿਹਾ ਹੈ ਅਤੇ ਹਿੰਦੋਸਤਾਨ ਨੂੰ ਮੁਆਫ਼ੀ ਮੰਗਣ ਲਈ ਕਿਹਾ ਜਾ ਰਿਹਾ: ਮਲਵਿੰਦਰ ਸਿੰਘ ਕੰਗ

-ਭਾਜਪਾ ਦੇਸ਼ ਦੇ ਲੋਕਾਂ ਕੋਲੋਂ ਮੁਆਫ਼ੀ ਮੰਗੇ ਅਤੇ ਪੈਗੰਬਰ ਮੁਹੰਮਦ ਸਾਹਿਬ ਦਾ ਅਪਮਾਨ ਕਰਨ ਵਾਲਿਆਂ ਨੂੰ ਜੇਲ੍ਹ ‘ਚ ਸੁੱਟੇ: ਮਲਵਿੰਦਰ ਸਿੰਘ ਕੰਗ

ਚੰਡੀਗੜ੍ਹ, 6 ਜੂਨ 2022
‘ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਨਫ਼ਰਤ ਭਰੀ ਅਤੇ ਫੁੱਟ ਪਾਊ ਗੰਦੀ ਰਾਜਨੀਤੀ ਕਾਰਨ ਅੱਜ ਦੇਸ਼ ਨੂੰ ਦੁਨੀਆਂ ਭਰ ‘ਚ ਸ਼ਰਮਸਾਰ ਹੋਣਾ ਪੈ ਰਿਹਾ ਹੈ। ਅਰਬ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਭਾਰਤੀ ਰਾਜਦੂਤਾਂ ਨੂੰ ਤਲਬ ਕੀਤਾ ਜਾ ਰਿਹਾ ਹੈ ਅਤੇ ਹਿੰਦੋਸਤਾਨ ਨੂੰ ਮੁਆਫ਼ੀ ਮੰਗਣ ਲਈ ਕਿਹਾ ਜਾ ਰਿਹਾ ਹੈ, ਜੋ ਲੋਕਤੰਤਰਿਕ ਅਤੇ ਭਾਈਚਾਰਕ ਸਾਂਝ ਵਾਲੇ ਦੇਸ਼ ਲਈ ਬਹੁਤ ਹੀ ਨਿਰਾਸ਼ਾਜਨਕ ਹੈ।’ ਇਹ ਪ੍ਰਗਟਾਵਾ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਇੱਥੇ ਪਾਰਟੀ ਮੁੱਖ ਦਫ਼ਤਰ ‘ਚ ਇੱਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਕੀਤਾ ਹੈ। ਜ਼ਿਕਰਯੋਗ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੇ ਇਸਲਾਮ ਧਰਮ ਦੇ ਪੈਗੰਬਰ ਮੁਹੰਮਦ ਸਾਹਿਬ ਅਤੇ ਉਨ੍ਹਾਂ ਦੀ ਪਤਨੀ ਖ਼ਿਲਾਫ਼ ਅਪਮਾਨਜਨਕ ਟਿੱਪਣੀਆਂ ਕੀਤੀਆਂ ਸਨ, ਜਿਸ ਕਾਰਨ ਜਿੱਥੇ ਦੇਸ਼ ਅੰਦਰ ਦੋ ਫਿਰਕਿਆਂ ਵਿਚਕਾਰ ਦੰਗੇ ਭੜਕ ਗਏ ਸਨ, ਉਥੇ ਹੀ ਇਸਲਾਮਿਕ ਮੁਲਕਾਂ ਨੇ ਇਨਾਂ ਟਿੱਪਣੀਆਂ ਖ਼ਿਲਾਫ਼ ਹਿੰਦੋਸਤਾਨ ਦੀ ਸਖ਼ਤ ਅਲੋਚਨਾ ਕੀਤੀ ਹੈ।
ਮਲਵਿੰਦਰ ਸਿੰਘ ਕੰਗ ਨੇ ਕਿਹਾ, ”ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਵੱਲੋਂ ਦਿੱਤੇ ਮਹਾਨ ਸੰਵਿਧਾਨ ਨਾਲ ਦੇਸ਼ ਚੱਲ ਰਿਹਾ ਹੈ, ਜਿਸ ਅਨੁਸਾਰ ਦੇਸ਼ ‘ਚ ਵੱਖ ਵੱਖ ਧਰਮਾਂ ਅਤੇ ਸੱਭਿਆਚਾਰਾਂ ਨੂੰ ਮੰਨਣ ਵਾਲਿਆਂ ਨੂੰ ਧਾਰਮਿਕ ਪੂਜਾ ਅਰਚਨਾ ਕਰਨ ਅਤੇ ਸੱਭਿਆਚਾਰ ਨੂੰ ਮਾਨਣ ਦੀ ਪੂਰਨ ਆਜ਼ਾਦੀ ਹੈ। ਇਹੀ ਸਾਡੇ ਦੇਸ਼ ਦੀ ਖ਼ੂਬਸੂਰਤੀ ਹੈ ਅਤੇ ਭਾਈਚਾਰਕ ਸਾਂਝ ਦੀ ਬੁਨਿਆਦ ਹੈ।” ਉਨ੍ਹਾਂ ਦੋਸ਼ ਲਾਇਆ ਕਿ ਜਦੋਂ ਦੀ ਭਾਰਤੀ ਜਨਤਾ ਪਾਰਟੀ ਕੇਂਦਰੀ ਸੱਤਾ ‘ਤੇ ਕਾਬਜ ਹੋਈ ਹੈ, ਉਦੋਂ ਤੋਂ ਹੀ ਦੇਸ਼ ਅੰਦਰ ਨਫ਼ਰਤ ਪੈਦਾ ਕਰਨ ਅਤੇ ਭਾਈਚਾਰਕ ਸਾਂਝ ਨੂੰ ਤੋੜਨ ਲਈ ਗੰਦੀ ਰਾਜਨੀਤੀ ਕੀਤੀ ਜਾ ਰਹੀ ਹੈ। ਭਾਜਪਾ ਦੀ ਇਸ ਗੰਦੀ ਰਾਜਨੀਤੀ ਦਾ ਅਸਰ ਨਾ ਕੇਵਲ ਦੇਸ਼ ਦੇ ਅੰਦਰ ਵੱਖ ਵੱਖ ਫਿਰਕਿਆਂ ‘ਤੇ ਪਇਆ ਹੈ, ਸਗੋਂ ਇਸ ਦਾ ਪ੍ਰਭਾਵ ਹੁਣ ਦੇਸ਼ ਤੋਂ ਬਾਹਰ ਵੀ ਨਜ਼ਰ ਆਉਣ ਲੱਗਾ ਹੈ। ਇਸ ਕਾਰਨ ਦੁਨੀਆਂ ਭਰ ‘ਚ ਹਿੰਦੋਸਤਾਨ ਦਾ ਸਿਰ ਝੁਕ ਰਿਹਾ ਹੈ।
ਕੰਗ ਨੇ ਪ੍ਰਗਟਾਵਾ ਕੀਤਾ ਕਿ ਭਾਜਪਾ ਆਗੂ ਬੀਬਾ ਨੂਪੁਰ ਸ਼ਰਮਾ ਅਤੇ ਨਵੀਨ ਕੁਮਾਰ ਜਿੰਦਲ ਵੱਲੋਂ ਪੈਗੰਬਰ ਮੁਹੰਮਦ ਸਾਹਿਬ ਅਤੇ ਉਨ੍ਹਾਂ ਦੀ ਪਤਨੀ ਖ਼ਿਲਾਫ਼ ਕੀਤੀਆਂ ਟਿੱਪਣੀਆਂ ਕਾਰਨ ਦੁਨੀਆਂ ਭਰ ‘ਚ ਇਸਲਾਮ ਧਰਮ ਨੂੰ ਮੰਨਣ ਵਾਲਿਆਂ ਦੀਆਂ ਭਾਵਨਾਵਾਂ ਨੂੰ ਗਹਿਰੀ ਸੱਟ ਲੱਗੀ ਹੈ। ਇਸ ਕਾਰਨ ਹੀ ਇਸਲਾਮਿਕ ਦੇਸ਼ਾਂ ਓਮਾਨ, ਕਤਰ, ਈਰਾਨ ਅਤੇ ਕੁਵੈਤ ਆਦਿ ਨੇ ਹਿੰਦੋਸਤਾਨ ਦੀ ਸਖ਼ਤ ਅਲੋਚਨਾ ਕੀਤੀ ਹੈ ਅਤੇ ਹਿੰਦੋਸਤਾਨੀ ਰਾਜਦੂਤਾਂ ਨੂੰ ਸੰਮਨ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਦੇਸ਼ ‘ਚ ਦੂਜੇ ਫਿਰਕਿਆਂ ਅਤੇ ਧਰਮਿਕ ਅਕੀਦਿਆਂ ਪ੍ਰਤੀ ਹੋ ਰਹੀ ਨਫ਼ਰਤ ਦੀ ਗੰਦੀ ਰਾਜਨੀਤੀ ਕਾਰਨ ਲੱਖਾਂ ਹਿੰਦੋਸਤਾਨੀਆਂ ਨੂੰ ਅਰਬ ਮੁਲਕਾਂ ‘ਚ ਮੁਸ਼ਕਲਾਂ ਦਾ ਸਾਹਮਣਾ ਕਰਨ ਪੈ ਰਿਹਾ ਹੈ , ਕਿਉਂਕਿ ਇਨ੍ਹਾਂ ਲੱਖਾਂ ਹਿੰਦੋਸਤਾਨੀਆਂ ਦਾ ਰੋਜ਼ਗਾਰ ਖ਼ਤਰੇ ‘ਚ ਪੈ ਗਿਆ ਹੈ।
‘ਆਪ’ ਆਗੂ ਨੇ ਕਿਹਾ ਕਿ ਦੁਨੀਆਂ ਭਰ ‘ਚ ਹਿੰਦੋਸਤਾਨੀਆਂ ਪ੍ਰਤੀ ਪੈਦਾ ਹੋ ਰਹੀ ਨਫ਼ਰਤ ਅਤੇ ਰੋਜ਼ਗਾਰ ਖੁਸ ਜਾਣ ਦੇ ਖ਼ਤਰੇ ਲਈ ਭਾਰਤੀ ਜਨਤਾ ਪਾਰਟੀ ਦੇ ਆਗੂ ਪੂਰਨ ਤੌਰ ‘ਤੇ ਜ਼ਿੰਮੇਵਾਰ ਹਨ। ਭਾਜਪਾ ਦੀ ਨਫ਼ਰਤ ਅਤੇ ਫੁੱਟ ਪਾਊ ਰਾਜਨੀਤੀ ਕਾਰਨ ਦੇਸ਼ ਦੇ ਸੰਵਿਧਾਨ ਅਤੇ ਭਾਈਚਾਰਕ ਸਾਂਝ ਨੂੰ ਭਾਰੀ ਸੱਟ ਲੱਗੀ ਹੈ। ਕੰਗ ਨੇ ਕਿਹਾ ਕਿ ਦੁਨੀਆਂ ਭਰ ‘ਚ ਦੇਸ਼ ਦਾ ਸਿਰ ਝੁਕਾਉਣ ਦੇ ਦੋਸ਼ ‘ਚ ਭਾਰਤੀ ਜਨਤਾ ਪਾਰਟੀ ਨੂੰ ਦੇਸ਼ ਦੇ ਲੋਕਾਂ ਕੋਲੋਂ ਮੁਆਫ਼ੀ ਮੰਗਣੀ ਚਾਹੀਦੀ ਹੈ ਅਤੇ ਪੈਗੰਬਰ ਸਾਹਿਬ ਦਾ ਅਪਮਾਨ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕਰਕੇ ਜੇਲ੍ਹ ‘ਚ ਸੁੱਟਣਾ ਚਾਹੀਦਾ ਹੈ।

Related Articles

Leave a Reply

Your email address will not be published. Required fields are marked *

Back to top button
error: Sorry Content is protected !!