Punjab

ਪੰਚਾਇਤੀ ਚੋਣਾਂ ਨਾਲ ਸਬੰਧਤ ਪਟੀਸ਼ਨ ਨੂੰ ਰੱਦ ਕਰਨ ਦੇ ਹਾਈ ਕੋਰਟ ਦੇ ਫੈਸਲੇ ਦਾ ਆਮ ਆਦਮੀ ਪਾਰਟੀ ਨੇ ਕੀਤਾ ਸਵਾਗਤ

ਮੁੱਖ ਮੰਤਰੀ ਭਗਵੰਤ ਮਾਨ ਨੇ ਹਾਈ ਕੋਰਟ ਦਾ ਕੀਤਾ ਧੰਨਵਾਦ, ਲੋਕਾਂ ਨੂੰ ਆਪਸੀ ਭਾਈਚਾਰਾ ਕਾਇਮ ਰੱਖ ਕੇ ਵੋਟ ਪਾਉਣ ਦੀ ਕੀਤੀ ਅਪੀਲ 

ਹਾਈਕੋਰਟ ਦਾ ਫੈਸਲਾ ਵਿਰੋਧੀ ਪਾਰਟੀਆਂ ਦੇ ਕੂੜ ਪ੍ਰਚਾਰ ‘ਤੇ ਕਰਾਰੀ ਚਪੇੜ ਹੈ- ‘ਆਪ’ ਬੁਲਾਰਾ ਨੀਲ ਗਰਗ

ਚੰਡੀਗੜ੍ਹ, 14 ਅਕਤੂਬਰ

ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਪੰਚਾਇਤੀ ਚੋਣਾਂ ਨਾਲ ਸਬੰਧਤ ਪਟੀਸ਼ਨ ਰੱਦ ਕਰਨ ਦੇ ਫੈਸਲੇ ਦਾ ਸਵਾਗਤ ਕਰਦਿਆਂ ਹਾਈ ਕੋਰਟ ਦਾ ਧੰਨਵਾਦ ਕੀਤਾ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਹਾਈਕੋਰਟ ਦਾ ਧੰਨਵਾਦ ਕਰਦਿਆਂ ਕਿਹਾ ਕਿ “ਮਾਨਯੋਗ ਹਾਈ ਕੋਰਟ ਦਾ ਧੰਨਵਾਦ… ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਰਸਤਾ ਸਾਫ ਹੋ ਚੁੱਕਿਆ ਹੈ.. ਕੱਲ੍ਹ 15 ਅਕਤੂਬਰ ਨੂੰ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਹੋਣਗੀਆਂ, ਮੇਰੀ ਸਾਰੇ ਪੰਜਾਬੀਆਂ ਨੂੰ ਬੇਨਤੀ ਹੈ ਕੱਲ੍ਹ 15 ਅਕਤੂਬਰ ਨੂੰ ਅਮਨ ਸ਼ਾਂਤੀ ਨਾਲ ਆਪਸੀ ਭਾਈਚਾਰਾ ਕਾਇਮ ਰੱਖਦੇ ਹੋਏ ਵੋਟਾਂ ਪਾਓ ਤੇ ਆਪਣੇ ਆਪਣੇ ਪਿੰਡਾਂ ਦੇ ਚੰਗੇ ਨੁਮਾਇੰਦੇ ਚੁਣੋ ਜੋ ਪਿੰਡਾਂ ਦੇ ਵਿਕਾਸ ਦੇ ਵਿੱਚ ਯੋਗਦਾਨ ਪਾਉਣ…ਪੰਚਾਇਤੀ ਚੋਣਾਂ ਵਾਸਤੇ ਜਿੰਨੇ ਵੀ ਉਮੀਦਵਾਰ ਮੈਂਬਰ ਜਾਂ ਸਰਪੰਚ ਚੋਣਾਂ ਲੜ ਰਹੇ ਨੇ ਸਭ ਨੂੰ ਮੇਰੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ”।

ਆਪ ਆਗੂ ਅਤੇ ਪਾਰਟੀ ਦੇ ਸੀਨੀਅਰ ਬੁਲਾਰੇ ਨੀਲ ਗਰਗ ਨੇ ਕਿਹਾ ਕਿ ਹਾਈ ਕੋਰਟ ਦਾ ਫੈਸਲਾ ਵਿਰੋਧੀ ਪਾਰਟੀਆਂ ਦੇ ਕੂੜ ਪ੍ਰਚਾਰ ‘ਤੇ ਕਰਾਰੀ ਚਪੇੜ ਹੈ। ਉਹ ਲੋਕਾਂ ਨੂੰ ਗੁੰਮਰਾਹ ਕਰਨ ਲਈ ਝੂਠੇ ਬਿਰਤਾਂਤ ਫੈਲਾ ਰਹੇ ਹਨ ਅਤੇ ਸਾਡੇ ‘ਤੇ ਝੂਠੇ ਦੋਸ਼ ਲਗਾ ਰਹੇ ਹਨ।  ਉਨ੍ਹਾਂ ਕਿਹਾ ਕਿ ਕਾਂਗਰਸ ‘ਦਬਾਅ ਦੀ ਰਾਜਨੀਤੀ’ ਖੇਡ ਰਹੀ ਸੀ, ਪਰ ਹਾਈ ਕੋਰਟ ਨੇ ਇਸ ਨੂੰ ਰੱਦ ਕਰ ਦਿੱਤਾ ਹੈ।  ਹੁਣ ਪੰਜਾਬ ਦੇ ਲੋਕ ਕਾਂਗਰਸ ਨੂੰ ਵੀ ਨਕਾਰ ਦੇਣਗੇ।

ਗਰਗ ਨੇ ਕਿਹਾ ਕਿ ਸਾਰੀਆਂ ਅਰਜ਼ੀਆਂ ਸਿਆਸਤ ਤੋਂ ਪ੍ਰੇਰਿਤ ਸਨ ਅਤੇ ਇਨ੍ਹਾਂ ਦਾ ਮਕਸਦ ਆਮ ਆਦਮੀ ਪਾਰਟੀ ਅਤੇ ਸਾਡੀ ਸਰਕਾਰ ਨੂੰ ਬਦਨਾਮ ਕਰਨਾ ਸੀ ਪਰ ਹਾਈ ਕੋਰਟ ਨੇ ਇਨ੍ਹਾਂ ਨੂੰ ਸਬਕ ਸਿਖਾਇਆ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਹਮੇਸ਼ਾ ਹੀ ਆਜ਼ਾਦ ਅਤੇ ਨਿਰਪੱਖ ਚੋਣਾਂ ਦੇ ਹੱਕ ਵਿੱਚ ਰਹੀ ਹੈ। ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਰੱਦ ਕਰਨ ਨਾਲ ਸਰਕਾਰ ਅਤੇ ਪਾਰਟੀ ਦਾ ਕੋਈ ਲੈਣਾ-ਦੇਣਾ ਨਹੀਂ ਹੈ ਅਤੇ ਨਾ ਹੀ ਆਮ ਆਦਮੀ ਪਾਰਟੀ ਦੀ ਚੋਣ ਪ੍ਰਕਿਰਿਆ ਵਿਚ ਕੋਈ ਦਖਲਅੰਦਾਜ਼ੀ ਹੈ।

ਨੀਲ ਗਰਗ ਨੇ ਮਨਪ੍ਰੀਤ ਬਾਦਲ ਅਤੇ ਰਾਜਾ ਵਡਿੰਗ ਦੀ ਉਦਾਹਰਨ ਦਿੰਦਿਆਂ ਕਿਹਾ ਕਿ ਕਾਂਗਰਸ ਵਾਲੇ ਸਾਡੇ ‘ਤੇ ਧੱਕੇਸ਼ਾਹੀ ਦੇ ਦੋਸ਼ ਲਗਾ ਰਹੇ ਹਨ ਜਦਕਿ ਉਨ੍ਹਾਂ ਦੀ ਪਾਰਟੀ ਦੇ ਮੁਖੀ ਰਾਜਾ ਵਡਿੰਗ ਨੇ ਗਿੱਦੜਬਾਹਾ ‘ਚ ਮਨਪ੍ਰੀਤ ਬਾਦਲ ਦੇ ਕਰੀਬੀ ਨੂੰ ਧਮਕੀਆਂ ਦਿੱਤੀਆਂ ਅਤੇ ਉਸ ਦੇ ਪੁੱਤ ਅਤੇ ਪਤਨੀ ਨੂੰ ਨਾਮਜ਼ਦਗੀ ਰੱਦ ਕਰਨ ਲਈ ਮਜਬੂਰ ਕੀਤਾ।

Related Articles

Back to top button
error: Sorry Content is protected !!