ਆਮ ਆਦਮੀ ਪਾਰਟੀ ਵੱਲੋਂ ਫੇਜ਼ 7 ਦੇ ਚੌਂਕ ਵਿੱਚ ਸਾਡ਼ਿਆ ਮੋਦੀ ਸਰਕਾਰ ਦਾ ਪੁਤਲਾ
ਮੋਹਾਲੀ, 26 ਮਈ ( ): ਖੇਤੀ ਕਾਨੂੰਨਾਂ ਵਿਰੁੱਧ ਦੇਸ਼ ਵਿਆਪੀ ਕਿਸਾਨ ਅੰਦੋਲਨ ਦੇ ਅੱਜ 6 ਮਹੀਨੇ ਪੂਰੇ ਹੋਣ ’ਤੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉਤੇ ਆਮ ਆਦਮੀ ਪਾਰਟੀ ਦੇ ਸਟੇਟ ਸੰਯੁਕਤ ਸਕੱਤਰ ਡਾ. ਸੰਨੀ ਸਿੰਘ ਆਹਲੂਵਾਲੀਆ ਦੀ ਅਗਵਾਈ ਹੇਠ ਪਾਰਟੀ ਆਗੂ ਅਤੇ ਵਰਕਰਾਂ ਵੱਲੋਂ ਫੇਜ਼-7 ਦੇ ਚੌਂਕ ਵਿੱਚ ਮੋਦੀ ਸਰਕਾਰ ਦਾ ਪੁਤਲਾ ਸਾਡ਼ਿਆ ਗਿਆ ਅਤੇ ਮੋਦੀ ਸਰਕਾਰ ਖਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਵੀ ਕੀਤੀ ਗਈ।
ਇਸ ਮੌਕੇ ਸੰਬੋਧਨ ਕਰਦਿਆਂ ਡਾ. ਸੰਨੀ ਸਿੰਘ ਆਹਲੂਵਾਲੀਆ, ਗੁਰਮੇਜ ਸਿੰਘ ਕਾਹਲੋਂ, ਮੁਲਾਜ਼ਮ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਗੁਰਮੇਲ ਸਿੰਘ ਸਿੱਧੂ, ਪੈਨਸ਼ਨਰ ਆਗੂ ਕਰਮ ਸਿੰਘ ਧਨੋਆ ਆਦਿ ਨੇ ਕਿਹਾ ਕਿ ਕੇਂਦਰ ਵਿਚਲੀ ਮੋਦੀ ਸਰਕਾਰ ਅੰਬਾਨੀਆਂ ਅਤੇ ਅਡਾਨੀਆਂ ਵਰਗੇ ਵੱਡੇ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਜਿੱਥੇ ਦੇਸ਼ ਦੇ ਵੱਖ-ਵੱਖ ਵਿਭਾਗਾਂ ਨੂੰ ਵੇਚ ਰਹੀ ਹੈ, ਉਥੇ ਹੀ ਜੱਦੀ ਪੁਸ਼ਤੀ ਜ਼ਮੀਨਾਂ ਦੇ ਮਾਲਿਕ ਕਿਸਾਨਾਂ ਦੀਆਂ ਜ਼ਮੀਨਾਂ ਉਤੇ ਅੱਖ ਰੱਖ ਕੇ ਕਿਸਾਨ ਵਿਰੋਧੀ ਖੇਤੀ ਕਾਨੂੰਨ ਲਿਆ ਚੁੱਕੀ ਹੈ। ਸਰਕਾਰ ਦੇ ਇਨ੍ਹਾਂ ਖੇਤੀ ਕਾਨੂੰਨਾਂ ਦਾ ਪਿਛਲੇ ਲਗਾਤਾਰ 6 ਮਹੀਨਿਆਂ ਤੋਂ ਕਾਨੂੰਨ ਰੱਦ ਕਰਵਾਉਣ ਲਈ ਸਡ਼ਕਾਂ ਉਤੇ ਰੁਲ਼ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਪੂਰੇ 6 ਮਹੀਨੇ ਬੀਤ ਚੁੱਕੇ ਹਨ ਅਤੇ ਦੇਸ਼ ਦਾ ਬੱਚਾ-ਬੱਚਾ ਇਸ ਗੱਲ ਦਾ ਗਵਾਹ ਹੈ ਕਿ ਇਹ ਖੇਤੀ ਕਾਨੂੰਨ ਕਿਸਾਨ-ਮਜ਼ਦੂਰ ਵਿਰੋਧੀ ਹਨ ਪ੍ਰੰਤੂ ਸਿਰਫ਼ ਮੋਦੀ ਸਰਕਾਰ ਹੀ ਆਪਣੀ ਜਿੱਦ ’ਤੇ ਬਜਿੱਦ ਹੈ ਜੋ ਕਿ ਦੇਸ਼ ਦੇ ਅੰਨਦਾਤਾ ਕਿਸਾਨ ਅਤੇ ਮਜ਼ਦੂਰ ਨੂੰ ਮਨਜ਼ੂਰ ਨਹੀਂ ਹੈ।
ਮੁਲਾਜ਼ਮ ਆਗੂ ਗੁਰਮੇਲ ਸਿੰਘ ਸਿੱਧੂ ਨੇ ਕਿਹਾ ਕਿ ਕਿਸਾਨਾ ਦੀ ਦੇਸ਼ ਪ੍ਰਤੀ ਘਾਲਣਾ ਦੇ ਮੱਦੇਨਜ਼ਰ ਸੁਪਰੀਮ ਕੋਰਟ ਖ਼ੁਦ ਨਿਜੀ ਦਖ਼ਲ ਦੇ ਕੇ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰੇ ਅਤੇ ਕਿਸਾਨਾਂ ਨਾਲ ਹੋ ਰਹੀ ਧੱਕੇਸ਼ਾਹੀ ਬੰਦ ਕਰਵਾ ਕੇ ਕੋਵਿਡ ਦੇ ਦੌਰ ਵਿੱਚ ਕਿਸਾਨਾਂ ਨੂੰ ਆਪਣੇ ਘਰ ਭੇਜਣ ਵਿੱਚ ਭੂਮਿਕਾ ਨਿਭਾਵੇ। ਸਿੱਧੂ ਨੇ ਕਿਹਾ ਕਿ ਜਦੋਂ ਤੱਕ ਮੋਦੀ ਸਰਕਾਰ ਖੇਤੀ ਕਾਨੂੰਨ ਵਾਪਿਸ ਨਹੀਂ ਲੈਂਦੀ, ਉਦੋਂ ਤੱਕ ਕਿਸਾਨੀ ਸੰਘਰਸ਼ ਲਗਾਤਾਰ ਜਾਰੀ ਰਹਿਣਗੇ। ਉਨ੍ਹਾਂ ਨੇ ਮੋਦੀ ਸਰਕਾਰ ਨੂੰ ਆਪਣੇ ਅਡ਼ੀਅਲ ਵਤੀਰੇ ਵਿੱਚ ਨਰਮੀ ਲਿਆਉਣ ਦੀ ਅਪੀਲ ਵੀ ਕੀਤੀ।
ਇਸ ਮੌਕੇ ਜਤਿੰਦਰਪਾਲ ਸਿੰਘ, ਸਤਵਿੰਦਰ ਸਿੰਘ, ਮਲਕੀਤ ਸਿੰਘ, ਹਰਬੰਸ ਸਿੰਘ ਗੁਰਦਾਸਪੁਰੀ, ਦਲਜੀਤ ਸਿੰਘ ਸਰਾਓ, ਤਰਨਜੀਤ ਸਿੰਘ ਪੱਪੂ, ਜਸਪਾਲ ਸਿੰਘ ਕੁੰਭਡ਼ਾ, ਗੱਜਣ ਸਿੰਘ, ਅਮਰਦੀਪ ਸਿੰਘ ਭੰਵਰਾ, ਸਵਰਨ ਸਿੰਘ ਕੁੰਭਡ਼ਾ, ਕਸ਼ਮੀਰ ਕੌਰ, ਮਦਨ ਲਾਲ, ਰੋਸ਼ਨ ਲਾਲ ਵਰਮਾ ਬਲੌਂਗੀ ਆਦਿ ਨੇ ਵੀ ਮੋਦੀ ਸਰਕਾਰ ਖਿਲਾਫ਼ ਖੂਬ ਨਾਅਰੇਬਾਜ਼ੀ ਕੀਤੀ।