Punjab

ਜਥੇਦਾਰ ਸ੍ਰੀ ਅਕਾਲ ਤਖ਼ਤ ਬੇਅਦਬੀ ਤੇ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਿੱਖ ਪੰਥ ਵਿਚੋਂ ਛੇਕਣ : ਆਮ ਆਦਮੀ ਪਾਰਟੀ

….ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਜਾਂਚ ਰਿਪੋਰਟ ਵਿੱਚ ਦੋਸ਼ੀਆਂ ਅਤੇ ਸਾਜਿਸ਼ ਕਰਤਾਵਾਂ ਦੇ ਨਾਂਵ ਦਰਜ: ਸੰਧਵਾਂ

….ਬੇਅਦਬੀ ਤੇ ਗੋਲੀਕਾਂਡ ਲਈ ਤਤਕਾਲੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ-ਭਾਜਪਾ ਸਰਕਾਰ ਜ਼ਿੰਮੇਵਾਰ: ਕੁਲਤਾਰ ਸਿੰਘ ਸੰਧਵਾਂ

….ਜਾਂਚ ਰਿਪੋਰਟ ਦਾ 10ਵਾਂ ਚਲਾਨ ਕੈਪਟਨ ਨੇ ਜਾਣਬੁੱਝ ਕੇ ਅਦਾਲਤ ਵਿੱਚ ਪੇਸ਼ ਨਹੀਂ: ਬਲਜਿੰਦਰ ਕੌਰ

ਚੰਡੀਗੜ੍ਹ, 17 ਅਪ੍ਰੈਲ
ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਆਮ ਆਦਮੀ ਪਾਰਟੀ ਪੰਜਾਬ ਨੇ ਅਪੀਲ ਕੀਤੀ ਹੈ ਕਿ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ, ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀ ਕਾਂਡ ਸੰਬੰਧੀ ਜਨਤਕ ਹੋਈ ਜਾਂਚ ਰਿਪੋਰਟ ਵਿੱਚ ਦਰਜ ਨਾਵਾਂ ਵਾਲੇ ਦੋਸ਼ੀਆਂ ਨੂੰ ਤੁਰੰਤ ਪੰਥ ਵਿਚੋਂ ਛੇਕਣ ਅਤੇ ਸਮੁੱਚੀ ਸਿੱਖ ਸੰਗਤ ਵੱਲੋਂ ਪੰਜਾਬ ਰਾਜਪਾਲ ਤੇ ਪੰਜਾਬ ਸਰਕਾਰ ਨੂੰ ਨਾਮਜ਼ਦ ਦੋਸ਼ੀਆਂ ਉਤੇ ਤੁਰੰਤ ਸਖ਼ਤ ਕਾਰਵਾਈ ਕਰਨ ਦੇ ਆਦੇਸ਼ ਕਰਨ।
ਇਸ ਸੰਬੰਧੀ ਪਾਰਟੀ ਦੇ ਵਿਧਾਇਕ ਤੇ ਕਿਸਾਨ ਵਿੰਗ ਪੰਜਾਬ ਦੇ ਪ੍ਰਧਾਨ ਕੁਲਤਾਰ ਸਿੰਘ ਸੰਧਵਾਂ ਅਤੇ ਵਿਧਾਇਕਾ ਬੀਬਾ ਬਲਜਿੰਦਰ ਕੌਰ ਨੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਅਪੀਲ ਕਰਦਿਆਂ ਕਿਹਾ ਕਿ ਅਕਤੂਬਰ 2015 ਵਿੱਚ ਬਰਗਾੜੀ ਵਿੱਚ ਸ੍ਰੀ ਗੁਰੂ ਗਰੰਥ ਸਾਹਿਬ ਦੀ ਹੋਈ ਬੇਅਦਬੀ ਅਤੇ ਬੇਅਦਬੀ ਦੇ ਵਿਰੋਧ ਵਿੱਚ ਸ਼ਾਂਤਮਈ ਤਰੀਕੇ ਨਾਲ ਇਨਸਾਫ਼ ਲਈ ਧਰਨੇ ਉਤੇ ਬੈਠੀ ਸੰਗਤ ਉਪਰ ਬਹਿਬਲ ਕਲਾਂ ਅਤੇ ਕੋਟਕਪੂਰਾ ਵਿਖੇ ਪੁਲਿਸ ਵੱਲੋਂ ਕੀਤੀ ਗਈ ਅੰਧਾਧੁੰਦ ਗੋਲੀਬਾਰੀ ਵਿੱਚ ਦੋ ਸਿੰਘਾਂ ਦੀ ਸ਼ਹੀਦੀ ਅਤੇ ਦਰਜਨਾਂ ਜ਼ਖ਼ਮੀ ਸਿੰਘਾਂ ਬਾਰੇ ਆਪ ਜੀ ਭਲੀਭਾਂਤ ਜਾਣਦੇ ਹੋ। ਉਨ੍ਹਾਂ ਕਿਹਾ ਕਿ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦੀ ਘਿਣਾਉਣੀ ਕਰਤੂਤ ਨੂੰ ਪੰਜ ਸਾਲ ਬੀਤ ਚੁੱਕੇ ਹਨ, ਪ੍ਰੰਤੂ ਅੱਜ ਤੱਕ ਪੀੜਤ ਸੰਗਤ ਅਤੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਨਾ ਇਨਸਾਫ਼ ਮਿਲਿਆ ਹੈ ਅਤੇ ਨਾ ਹੀ ਸਾਜਿਸ਼ ਕਰਤਾ ਦੋਸ਼ੀਆਂ ਨੂੰ ਸਜ਼ਾ ਮਿਲੀ ਹੈ। ਜਿਸ ਕਰਕੇ ਆਪ ਜੀ ਸਮੇਤ ਦੇਸ਼ ਵਿਦੇਸ਼ ਵਿੱਚ ਵਸਦੀ ਸਮੁੱਚੀ ਨਾਨਕ ਨਾਮ-ਲੇਵਾ ਸੰਗਤ ਵਿੱਚ ਬੇਪਨਾਹ ਰੋਸ਼ ਤੇ ਗੁੱਸਾ ਪਾਇਆ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਜਿੱਥੇ ਘੋਰ ਬੇਪਤੀ ਲਈ ਤਤਕਾਲੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ-ਭਾਜਪਾ ਸਰਕਾਰ ਜ਼ਿੰਮੇਵਾਰ ਹੈ, ਉਥੇ ਹੀ ਇਨਸਾਫ਼ ਨਾ ਦੇਣ ਲਈ ਮੌਜੂਦਾ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਜ਼ਿੰਮੇਵਾਰ ਹੈ, ਕਿਉਂਕਿ ਅਕਾਲੀ ਭਾਜਪਾ ਸਰਕਾਰ ਦੀ ਇਸ ਪੂਰੇ ਘਟਨਾਕ੍ਰਮ  ਵਿੱਚ ਸਿੱਧੀ ਸਮੂਲੀਅਤ ਸੀ, ਜਦੋਂ ਕਿ ਸਿੱਖ ਸੰਗਤ ਨੂੰ ਇਨਸਾਫ਼ ਦੇਣ ਲਈ ਗੁੱਟਕਾ ਸਾਹਿਬ ਦੀ ਸਹੁੰ ਚੁੱਕ ਕੇ ਸੱਤਾ ਵਿੱਚ ਆਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੁਰੂ ਅਤੇ ਸਿੱਖ ਪੰਥ ਨੂੰ  ਪਿੱਠ ਦਿਖਾ ਕੇ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ। ਵਿਧਾਇਕਾਂ ਨੇ ਕਿਹਾ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਕਰ ਚੁੱਕੇ ਸੀਨੀਅਰ ਪੁਲਿਸ ਅਧਿਕਾਰੀ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਜਾਂਚ ਰਿਪੋਰਟ ਨੂੰ ਜਾਣਬੁੱਝ ਕੇ ਕਾਨੂੰਨ ਦੀ ਆੜ ਵਿੱਚ ਰੱਦ ਕਰਵਾਇਆ ਗਿਆ ਹੈ, ਜਿਸ ਨਾਲ ਕੈਪਟਨ ਸਰਕਾਰ ਅਤੇ ਐਡਵੋਕੇਟ ਜਨਰਲ ਦਫ਼ਤਰ ਦੀ ਪੂਰੀ ਤਰ੍ਹਾਂ ਪੋਲ ਖੁੱਲ੍ਹ ਗਈ ਹੈ ਕਿ ਚੌਂਕੀਦਾਰ ਹੀ ਚੋਰਾਂ ਨਾਲ  ਰਲਿਆ  ਹੋਇਆ ਹੈ। ਦੁਨੀਆਂ ਜਾਣਦੀ  ਹੈ ਕਿ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਜਾਂਚ ਰਿਪੋਰਟ ਵਿੱਚ ਦੋਸ਼ੀਆਂ ਅਤੇ ਸਾਜਿਸ਼ ਕਰਤਾਵਾਂ ਦੇ ਨਾਂਵਾਂ ਨੂੰ ਉਜਾਗਰ ਕੀਤਾ ਗਿਆ ਹੈ, ਪਰ ਕੈਪਟਨ ਸਰਕਾਰ ਨੇ ਜਾਂਚ ਰਿਪੋਰਟ ਦਾ 10ਵਾਂ ਚਲਾਨ ਜਾਣਬੁੱਝ ਕੇ ਅਦਾਲਤ ਵਿੱਚ ਪੇਸ਼ ਨਹੀਂ ਕੀਤਾ। ਇਸ ਤਰ੍ਹਾਂ ਕੈਪਟਨ ਸਰਕਾਰ ਦੀ ਦਾਗੀ ਇੱਛਾ ਸ਼ਕਤੀ ਨੇ ਨਾ ਕੇਵਲ ਇਨਸਾਫ਼ ਨੂੰ  ਹੋਰ ਦੂਰ ਕੀਤਾ ਹੈ, ਸਗੋਂ ਸਮੁੱਚੀ ਸੰਗਤ ਦੇ ਜ਼ਖ਼ਮੀ ਹਿਰਦਿਆਂ ‘ਤੇ ਨਮਕ ਛਿੜਕਿਆ ਹੈ। ਇਸ ਦੇ ਰੋਸ ਵਜੋਂ ਮੁੱਖ ਜਾਂਚ ਅਧਿਕਾਰੀ ਕੁੰਵਰ ਵਿਜੈ ਪ੍ਰਤਾਪ ਸਿੰਘ ਗੁਰੂ ਮਹਾਰਾਜ ਦੇ ਸਨਮਾਨ ਲਈ ਆਪਣੀ ਨੌਕਰੀ ਤੋਂ ਅਸਤੀਫ਼ਾ ਦੇਣ ਲਈ ਮਜ਼ਬੂਰ ਹੋ ਗਏ ਹਨ, ਜੋ ਬੇਹੱਦ ਮੰਦਭਾਗਾ ਵਰਤਾਰਾ ਹੈ। ਵਿਧਾਇਕ ਕੁਲਤਾਰ ਸਿੰਘ ਸੰਧਵਾਂ ਅਤੇ ਵਿਧਾਇਕਾ ਬੀਬਾ ਬਲਜਿੰਦਰ ਕੌਰ ਨੇ ਸਿੰਘ ਸਾਹਿਬ ਨੂੰ ਸਨਿਮਰ ਬੇਨਤੀ ਕੀਤੀ ਕਿ ਉਕਤ ਘਟਨਾਕ੍ਰਮ ਦੇ ਆਧਾਰ ‘ਤੇ ਸਿੱਖ ਸੰਗਤ ਦੇ ਹਿਰਦੇ ਸ਼ਾਂਤ ਕਰਨ ਲਈ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਸਿੱਖ ਪੰਥ ਵਿਚੋਂ ਛੇਕਿਆ ਜਾਵੇ ਅਤੇ ਸਰਕਾਰ ਨੂੰ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਆਦੇਸ਼ ਜਾਰੀ ਕੀਤੇ ਜਾਣ।

Related Articles

Leave a Reply

Your email address will not be published. Required fields are marked *

Back to top button
error: Sorry Content is protected !!