ਆਮ ਆਦਮੀ ਪਾਰਟੀ ਵੱਲੋਂ ਮੋਹਾਲੀ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਕਰਵਾਈ ਸੈਨੀਟਾਈਜੇਸ਼ਨ
ਸੰਯੁਕਤ ਕਿਸਾਨ ਮੋਰਚੇ ਵੱਲੋਂ 26 ਮਈ ਨੂੰ ਦਿੱਤੇ ਗਏ ਰੋਸ ਦਿਵਸ ਦੇ ਸੱਦੇ ਦੀ ਆਮ ਆਦਮੀ ਪਾਰਟੀ ਵੱਲੋਂ ਹਮਾਇਤ
ਮੋਹਾਲੀ, 24 ਮਈ ( ):
ਸ਼ਹਿਰ ਮੋਹਾਲੀ ਵਿੱਚ ਕਾਂਗਰਸ ਪਾਰਟੀ ਦੇ ਆਗੂ ਜਿੱਥੇ ਛੋਟੇ-ਛੋਟੇ ਕੰਮਾਂ ਦੀ ਸ਼ੁਰੂਆਤ ਕਰਵਾ ਕੇ ਦਿਖਾਵੇਬਾਜ਼ੀ ਕਰਨ ਵਿੱਚ ਜੁਟੇ ਹੋਏ ਹਨ, ਉਥੇ ਹੀ ਆਮ ਆਦਮੀ ਪਾਰਟੀ ਵੱਲੋਂ ਮੋਹਾਲੀ ਸ਼ਹਿਰ ਅਤੇ ਨਗਰ ਨਿਗਮ ਮੋਹਾਲੀ ਅਧੀਨ ਆਉਂਦੇ ਪਿੰਡਾਂ ਵਿੱਚ ਸੈਨੀਟਾਈਜੇਸ਼ਨ ਕਰਵਾ ਕੇ ਲੋਕਾਂ ਨੂੰ ਬਚਾਉਣ ਲਈ ਯਤਨ ਕੀਤੇ ਜਾ ਰਹੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੰਯੁਕਤ ਸਕੱਤਰ ਡਾ. ਸੰਨੀ ਸਿੰਘ ਆਹਲੂਵਾਲੀਆ, ਪਾਰਟੀ ਦੇ ਇਲਾਕੇ ਨਾਲ ਸਬੰਧਿਤ ਅਤੇ ਮੁਲਾਜ਼ਮ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਗੁਰਮੇਲ ਸਿੰਘ ਸਿੱਧੂ, ਬਲਾਕ ਪ੍ਰਧਾਨ ਗੱਜਣ ਸਿੰਘ, ਯੂਥ ਆਗੂ ਤਰਨਜੀਤ ਸਿੰਘ ਪੱਪੂ, ਸਵਰਨ ਲਤਾ, ਮਿਲਨ ਸਿੰਘ, ਖੇਡ ਵਿੰਗ ਦੇ ਇੰਚਾਰਜ ਤੇ ਐਸ.ਐਸ. ਪੰਧੇਰ (ਰਿਟਾਇਰਡ ਐਸ.ਪੀ.) ਆਦਿ ਵੀ ਹਾਜ਼ਰ ਸਨ।
ਉਨ੍ਹਾਂ ਦੱਸਿਆ ਕਿ ਪਾਰਟੀ ਵੱਲੋਂ ਚਲਾਈ ਜਾ ਰਹੀ ਸੈਨੀਟਾਈਜੇਸ਼ਨ ਮੁਹਿੰਮ ਤਹਿਤ ਫੇਜ਼ 11 ਦੀ ਮੁੱਖ ਮਾਰਕੀਟ, ਵਾਰਡ ਨੰਬਰ 19, 20, 21, 22 ਅਤੇ ਫੇਜ਼ 11 ਦੀ ਛੋਟੇ ਬੂਥਾਂ ਵਾਲੀ ਮਾਰਕੀਟ, ਤੇਲ ਪੰਪ, ਮੋਟਰ ਮਾਰਕੀਟ, ਮੁੱਖ ਸਡ਼ਕਾਂ, ਅੰਦਰੂਨੀ ਗਲ਼ੀਆਂ, ਘਰਾਂ ਦੇ ਫਰੰਟ ਵਿਹਡ਼ਿਆਂ ਅਤੇ ਫੇਜ਼ 11 ਦੇ ਗੁਰਦੁਆਰਾ ਸਿੰਘ ਸਭਾ, ਪਿੰਡ ਕੰਬਾਲੀ ਵਿਖੇ ਸੈਨੀਟਾਈਜੇਸ਼ਨ ਕਰਵਾਈ ਗਈ ਹੈ ਅਤੇ ਆਉਂਦੇ ਦਿਨਾਂ ਵਿੱਚ ਵੀ ਸੈਨੀਟਾਈਜੇਸ਼ਨ ਜਾਰੀ ਰਹੇਗੀ।
‘ਆਪ’ ਆਗੂਆਂ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਬਹੁਮਤ ਨਾਲ ਜਿਤਾਉਣ ਲਈ ਹੁਣ ਤੋਂ ਕਮਰਕਸੇ ਕਰ ਲੈਣ ਤਾਂ ਜੋ ਪੰਜਾਬ ਨੂੰ ਸਮੇਂ-ਸਮੇਂ ’ਤੇ ਰਾਜ ਕਰਦੀਆਂ ਆ ਰਹੀਆਂ ਕਾਂਗਰਸ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਾ ਸਫ਼ਾਇਆ ਕੀਤਾ ਜਾ ਸਕੇ ਅਤੇ ਇੱਥੇ ਲੋਕਰਾਜ ਕਾਇਮ ਕੀਤਾ ਜਾ ਸਕੇ।
ਉਕਤ ਆਗੂਆਂ ਨੇ 26 ਮਈ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਮਨਾਏ ਜਾ ਰਹੇ ‘ਰੋਸ ਦਿਵਸ’ ਦੀ ਪਾਰਟੀ ਵੱਲੋਂ ਹਮਾਇਤ ਕੀਤੀ ਅਤੇ ਕੇਂਦਰ ਸਰਕਾਰ ਵੱਲੋਂ ਕਿਸਾਨ ਮਜ਼ਦੂਰਾਂ ਖਿਲਾਫ਼ ਬਣਾਏ ਕਾਲ਼ੇ ਕਾਨੂੰਨਾਂ ਅਤੇ ਕੇਂਦਰ ਸਰਕਾਰ ਦੇ ਅਡ਼ੀਅਲ ਵਤੀਰੇ ਦੀ ਨਿਖੇਧੀ ਕੀਤੀ।