Expanding Free Anti-Rabies Vaccination to 881 Aam Aadmi Clinics Marks Major Public Health Milestone Under Bhagwant Mann Govt: Dr Balbir Singh
ਚੰਡੀਗੜ੍ਹ, 13 ਜਨਵਰੀ: ਸਾਲਾਂ ਤੋਂ, ਪੰਜਾਬ ਵਿੱਚ ਕੁੱਤੇ ਦੇ ਕੱਟਣ ਦੇ ਨਤੀਜੇ ਇਕ ਜ਼ਖ਼ਮ ਤੋਂ ਕਿਤੇ ਜ਼ਿਆਦਾ ਗੰਭੀਰ ਹੁੰਦੇ ਸਨ। ਹਰ ਸਾਲ ਕੁੱਤਿਆਂ ਦੇ ਕੱਟਣ ਦੇ ਲਗਭਗ ਤਿੰਨ ਲੱਖ ਮਾਮਲੇ ਸਾਹਮਣੇ ਆਉਂਦੇ ਹਨ, ਜਿਸ ਨਾਲ ਹਜ਼ਾਰਾਂ ਪਰਿਵਾਰਾਂ ‘ਤੇ ਰੇਬੀਜ਼ ਦਾ ਖ਼ਤਰਾ ਬਣਿਆ ਰਹਿੰਦਾ ਸੀ। ਜੇਕਰ ਇਸ ਦਾ ਇਲਾਜ ਨਾ ਕੀਤਾ ਜਾਵੇ ਤਾਂ ਇਹ ਬਿਮਾਰੀ 100 ਫ਼ੀਸਦੀ ਘਾਤਕ ਹੁੰਦੀ ਹੈ ਪਰ ਸਮੇਂ ਸਿਰ ਟੀਕਾਕਰਨ ਨਾਲ ਇਸ ਦੀ ਪੂਰੀ ਤਰ੍ਹਾਂ ਰੋਕਥਾਮ ਕੀਤੀ ਜਾ ਸਕਦੀ ਹੈ।
ਪਹਿਲਾਂ ਐਂਟੀ-ਰੇਬੀਜ਼ ਟੀਕਾਕਰਨ (ਏਆਰਵੀ) ਸਿਰਫ਼ 48 ਪ੍ਰਾਇਮਰੀ ਸਿਹਤ ਕੇਂਦਰਾਂ ਵਿੱਚ ਹੀ ਉਪਲੱਬਧ ਸੀ, ਜਿਸ ਕਾਰਨ ਪੀੜਤਾਂ, ਜਿਹਨਾਂ ਵਿੱਚ ਅਕਸਰ ਬੱਚੇ, ਬਜ਼ੁਰਗ ਅਤੇ ਰੋਜ਼ਾਨਾ ਮਜ਼ਦੂਰੀ ਕਰਨ ਵਾਲੇ ਕਾਮੇ ਹੁੰਦੇ ਹਨ, ਨੂੰ ਘਰਾਂ ਤੋਂ ਦੂਰ ਜਾਣਾ ਪੈਂਦਾ ਸੀ, ਘੰਟਿਆਂ ਤੱਕ ਉਡੀਕ ਕਰਨੀ ਪੈਂਦੀ ਸੀ, ਉਨ੍ਹਾਂ ਦੀ ਮਜ਼ਦੂਰੀ ਦਾ ਨੁਕਸਾਨ ਹੁੰਦਾ ਸੀ ਅਤੇ ਕਈ ਮਾਮਲਿਆਂ ਵਿੱਚ, ਜ਼ਰੂਰੀ ਪੰਜ ਖੁਰਾਕਾਂ ਵਾਲੇ ਟੀਕਾਕਰਨ ਸ਼ਡਿਊਲ ਨੂੰ ਵਿਚਕਾਰੋਂ ਛੱਡਣ ਲਈ ਮਜਬੂਰ ਹੋਣਾ ਪੈਂਦਾ ਸੀ। ਇਹ ਪਾੜਾ ਪ੍ਰਣਾਲੀਗਤ ਸੀ ਅਤੇ ਕੀਮਤੀ ਮਨੁੱਖੀ ਜਾਨਾਂ ‘ਤੇ ਇਸ ਦਾ ਜੋਖਮ ਗੰਭੀਰ ਸੀ।
ਰੇਬੀਜ਼ ; ਹਰ ਸਾਲ ਕੁੱਤਿਆਂ ਦੇ ਕੱਟਣ ਦੇ ਲਗਭਗ 3 ਲੱਖ ਮਾਮਲੇ ਸਾਹਮਣੇ ਆਉਂਦੇ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਹੁਣ ਇਸ ਹਕੀਕਤ ਨੂੰ ਨਿਰਣਾਇਕ ਢੰਗ ਨਾਲ ਨਵਾਂ ਰੂਪ ਦਿੱਤਾ ਗਿਆ ਹੈ। ਸੂਬੇ ਭਰ ਵਿੱਚ ਪਿਛਲੇ ਤਿੰਨ ਸਾਲਾਂ ਦੌਰਾਨ ਸਥਾਪਿਤ ਕੀਤੇ ਗਏ 881 ਆਮ ਆਦਮੀ ਕਲੀਨਿਕਾਂ ਦੇ ਵਿਸ਼ਾਲ ਨੈਟਵਰਕ ਦਾ ਲਾਭ ਉਠਾਉਂਦਿਆਂ, ਪੰਜਾਬ ਸਰਕਾਰ ਨੇ ਪ੍ਰਾਇਮਰੀ ਕੇਅਰ ਪੱਧਰ ‘ਤੇ ਏਆਰਵੀ ਸੇਵਾਵਾਂ ਨੂੰ ਯਕੀਨੀ ਬਣਾ ਕੇ ਆਪਣੇ ਸਭ ਤੋਂ ਅਹਿਮ ਜਨਤਕ ਸਿਹਤ ਸੁਧਾਰ ਨੂੰ ਯਕੀਨੀ ਬਣਾਇਆ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ, “ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ੀ ਅਗਵਾਈ ਹੇਠ, ਪੰਜਾਬ ਸਰਕਾਰ ਪਹੁੰਚਯੋਗ ਅਤੇ ਕਿਫਾਇਤੀ ਸਿਹਤ ਸੰਭਾਲ ਸੇਵਾਵਾਂ ਰਾਹੀਂ ਸੂਬੇ ਦੇ ਹਰ ਵਿਅਕਤੀ ਦੀ ਰੱਖਿਆ ਲਈ ਵਚਨਬੱਧ ਹੈ। ਹਰ ਸਾਲ ਕੁੱਤਿਆਂ ਦੇ ਕੱਟਣ ਦੇ ਲਗਭਗ 3 ਲੱਖ ਮਾਮਲੇ ਸਾਹਮਣੇ ਆਉਂਦੇ ਹਨ ਅਤੇ ਸੂਬੇ ਨੇ 881 ਆਮ ਆਦਮੀ ਕਲੀਨਿਕਾਂ ਵਿੱਚ ਐਂਟੀ-ਰੇਬੀਜ਼ ਟੀਕਾਕਰਨ ਸੇਵਾਵਾਂ ਯਕੀਨੀ ਬਣਾ ਕੇ ਜਨਤਕ ਸਿਹਤ ਖੇਤਰ ਵਿੱਚ ਇਕ ਅਹਿਮ ਮੀਲ ਪੱਥਰ ਸਥਾਪਤ ਕੀਤਾ ਹੈ। ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨਜ਼ਦੀਕ ਸਮੇਂ ਸਿਰ, ਸੰਪੂਰਨ ਇਲਾਜ ਪ੍ਰਦਾਨ ਕਰਕੇ ਅਸੀਂ ਇੱਕ ਸੁਰੱਖਿਅਤ, ਸਿਹਤਮੰਦ ਪੰਜਾਬ ਸਿਰਜ ਰਹੇ ਹਾਂ।”
ਆਮ ਆਦਮੀ ਕਲੀਨਿਕ, ਜਿੱਥੇ ਪਹਿਲਾਂ ਹੀ ਓ.ਪੀ.ਡੀ. ਵਿੱਚ 4.6 ਕਰੋੜ ਤੋਂ ਵੱਧ ਮਰੀਜ਼ਾਂ ਦੀ ਆਮਦ ਹੁੰਦੀ ਹੈ ਅਤੇ ਜੋ ਰੋਜ਼ਾਨਾ ਲਗਭਗ 70,000 ਮਰੀਜ਼ਾਂ ਨੂੰ ਇਲਾਜ ਪ੍ਰਦਾਨ ਕਰਦੇ ਹਨ, ਪੰਜਾਬ ਦੀ ਪ੍ਰਾਇਮਰੀ ਸਿਹਤ ਸੰਭਾਲ ਪ੍ਰਣਾਲੀ ਦੀ ਰੀੜ੍ਹ ਦੀ ਹੱਡੀ ਵਜੋਂ ਉੱਭਰੇ ਹਨ। ਇਨ੍ਹਾਂ ਸਾਰੇ ਕਲੀਨਿਕਾਂ ਵਿੱਚ ਏਆਰਵੀ ਸੇਵਾਵਾਂ ਨੂੰ ਏਕੀਕ੍ਰਿਤ ਕਰਕੇ, ਮਾਨ ਸਰਕਾਰ ਨੇ ਇਹ ਯਕੀਨੀ ਬਣਾਇਆ ਹੈ ਕਿ ਕੁੱਤੇ ਦੇ ਕੱਟਣ ਦਾ ਅਰਥ ਹੁਣ ਘਬਰਾਹਟ, ਖਰਚਾ ਜਾਂ ਦੇਰੀ ਨਹੀਂ ਹੈ। ਹੁਣ ਇਹ ਇਲਾਜ ਤੁਰੰਤ ਘਰ ਦੇ ਨਜ਼ਦੀਕ, ਬਿਨਾਂ ਕਤਾਰਾਂ ਵਿੱਚ ਲੱਗੇ ਅਤੇ ਬਿਨਾਂ ਕਿਸੇ ਵਿੱਤੀ ਬੋਝ ਦੇ ਉਪਲਬਧ ਕਰਵਾਇਆ ਜਾ ਰਿਹਾ ਹੈ ਅਤੇ ਪੂਰੀਆਂ ਪੰਜ ਖੁਰਾਕਾਂ ਵਾਲਾ ਇਹ ਟੀਕਾਕਰਨ ਕੋਰਸ ਨਜ਼ਦੀਕੀ ਕਲੀਨਿਕ ‘ਤੇ ਮੁਫ਼ਤ ਪ੍ਰਦਾਨ ਕੀਤਾ ਜਾਂਦਾ ਹੈ।
